ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਡੀਜੀਪੀ ਨੇ ਦਿੱਤਾ ਵੱਡਾ ਬਿਆਨ, ਕਿਹਾ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ’ਚ ਕਤਲ ਘਟੇ

dgp punjab

ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਡੀਜੀਪੀ ਨੇ ਦਿੱਤਾ ਵੱਡਾ ਬਿਆਨ, ਕਿਹਾ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ’ਚ ਕਤਲ ਘਟੇ

  • ਆਪਸੀ ਝਗੜੇ ਪੰਚਾਇਤ ਰਾਹਾਂ ਨਿਬੜੇ ਜਾਣ ਤਾਂ ਜੋ ਕਤਲਾਂ ਦੀ ਗਿਣਤੀ ਘਟੇ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਲਗਾਤਾਰ ਵਾਪਰ ਰਹੀਆਂ ਕਤਲਾਂ ਦੀਆਂ ਵਾਰਦਾਤਾਂ ਨੇ ਕਾਨੂੰਨ ਵਿਵਸਥਾ ’ਤੇ ਸਵਾਲ ਖੜੇ ਕੀਤੇ ਹਨ। ਇਨ੍ਹਾਂ ਸਵਾਲਾਂ ਦਰਮਿਆਨ ਅੱਜ ਪੰਜਾਬ ਦੇ ਡੀਜੀਪੀ ਵੀ. ਕੇ. ਭਾਵਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਬਿਲਕੁਲ ਕੰਟਰੋਲ ’ਚ ਹੈ। ਉਨਾ ਕਿਹਾ ਕਿ ਪੰਜਾਬ ਵਿਚ ਮੌਜੂਦਾ ਕਤਲ ਦਰ ਪਿਛਲੇ ਸਾਲਾਂ ਦੇ ਮੁਕਾਬਲੇ ਕਿਤੇ ਘੱਟ ਹੈ। ਡੀ. ਜੀ. ਪੀ. ਨੇ ਕਿਹਾ ਕਿ ਇਸ ਸਾਲ 158 ਕਤਲ ਹੋਏ ਹਨ। ਇੱਕ ਮਹੀਨੇ ਵਿਚ 50 ਕਤਲ ਹੋਏ ਹਨ। ਇਨ੍ਹਾਂ ਵਿਚੋਂ 6 ਮਾਮਲਿਆਂ ਵਿਚ ਗੈਂਗਸਟਰਾਂ ਦੀ ਸ਼ਮੂਲੀਅਤ ਹੈ।  ਇਸ ਤੋਂ ਇਲਾਵਾ 2021 ਵਿਚ 724 ਕਤਲ ਹੋਏ, ਜੋ ਕਿ ਮਹੀਨੇ ਦੀ ਦਰ 60-70 ਤੋਂ ਉਪਰ ਬਣਦੀ ਹੈ। 2020 ਵਿਚ 757 ਕਤਲ ਹੋਏ ਅਤੇ ਇਸ ਦੀ ਪ੍ਰਤੀ ਮਹੀਨਾ ਐਵਰੇਜ 65 ਸੀ।

ਡੀ. ਜੀ. ਪੀ. ਨੇ ਕਿਹਾ ਕਿ ਜੇ ਜ਼ਮੀਨ ਆਦਿ ਦਾ ਮਸਲਾ ਹੋਵੇ ਤਾਂ ਮੋਹਤਵਰਾਂ ਨੂੰ ਲੈ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਸਾਰੇ ਸਹਿਯੋਗ ਕਰਨ ਤਾਂ ਪੰਜਾਬ ਵਿਚ ਕਤਲ ਦਰ ਹੋਰ ਵੀ ਘਟਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 6 ਕਤਲ ਕੇਸਾਂ ਵਿਚ ਗੈਂਗਸਟਰਾਂ ਦਾ ਕੁਨੈਕਸ਼ਨ ਸਾਹਮਣੇ ਆਇਆ ਹੈ, ਬਾਕੀ ਸਾਰੇ ਅੰਨ੍ਹੇ ਕਤਲ ਸਨ, ਜਿਸ ਨੂੰ ਪੁਲਿਸ ਨੇ ਆਪਣੇ ਤਰੀਕੇ ਨਾਲ ਸੁਲਝਾ ਲਿਆ ਹੈ।  ਪੁਲਿਸ ਨੇ ਕਤਲ ਮਾਮਲਿਆਂ ’ਚ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ 7 ਪਿਸਟਲ ਅਤੇ 7 ਗੱਡੀਆਂ ਬਰਾਮਦ ਹੋਈਆਂ ਹਨ। ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਪੁਲਸ ਨੇ 545 ਗੈਂਗਸਟਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਕੈਟਾਗਿਰੀਆਂ ਵਿਚ ਵੰਡਿਆ ਗਿਆ ਹੈ। ਜਿਨ੍ਹਾਂ ਵਿਚੋਂ 515 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 30 ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ ਉਨਾਂ ਨੂੰ ਵੀ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਗੈਂਗਸਟਰਾਂ ਨੂੰ ਫੋਲੋ ਨਾ ਕਰਨ ਨੌਜਵਾਨ

ਇਸ ਤੋਂ ਇਲਾਵਾ ਡੀ. ਜੀ. ਪੀ. ਨੇ ਨੌਜਵਾਨਾਂ ਨੂੰ ਗੈਂਗਸਟਰਾਂ ਨੂੰ ਫੋਲੋ ਨਾ ਕਰਨ ਲਈ ਆਖਿਆ, ਉਨ੍ਹਾਂ ਕਿਹਾ ਕਿ ਗੈਂਗਸਟਰ ਕੋਈ ਚੰਗਾ ਕੰਮ ਨਹੀਂ ਕਰਦੇ ਜਿਹੜਾ ਇਨ੍ਹਾਂ ਨੂੰ ਫਾਲੋ ਕੀਤਾ ਜਾਵੇ। ਡੀ. ਜੀ. ਪੀ. ਨੇ ਕਿਹਾ ਕਿ ਲਾਇਸੈਂਸੀ ਹਥਿਆਰ ਆਤਮ ਰੱਖਿਆ ਲਈ ਦਿੱਤੇ ਜਾਂਦੇ ਹਨ ਪਰ ਅੱਜ ਕੱਲ੍ਹ ਹਥਿਆਰਾਂ ਦੀ ਵਰਤੋਂ ਨਿੱਜੀ ਝਗੜਿਆਂ ਵਿਚ ਹੋ ਰਹੀ ਹੈ। ਗੈਂਗਸਟਰਾਂ ਨੂੰ ਕਾਬੂ ਕਰਨ ਅਤੇ ਉਨ੍ਹਾਂ ਦੀ ਕਾਰਵਾਈ ‘ਤੇ ਨੱਥ ਪਾਉਣ ਲਈ ਮੁੱਖ ਮੰਤਰੀ ਵਲੋਂ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ, ਇਹ ਟੀਮ ਸਖ਼ਤੀ ਨਾਲ ਕੰਮ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ