-
ਦੁਲੱਦੀ ਗੇਟ ਨਜ਼ਦੀਕ ਸਥਿਤ ਜਨਤਕ ਪਾਰਕ ‘ਚ ਸਥਾਪਿਤ ਹੈ ਬੁੱਤ
-
ਪੁਲਿਸ ਵੱਲੋਂ ਜਾਂਚ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਸ਼ੁਰੂ
ਤਰੁਣ ਕੁਮਾਰ ਸ਼ਰਮਾ, ਨਾਭਾ: ਸਥਾਨਕ ਦੁਲੱਦੀ ਗੇਟ ਬਾਹਰ ਸਥਿਤ ਇੱਕ ਜਨਤਕ ਪਾਰਕ ‘ਚ ਮਰਹੂਮ ਕਾਂਗਰਸੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ ਨੇ ਛੇੜਛਾੜ ਕਰਕੇ ਤੋੜ ਭੰਨ ਕਰ ਦਿੱਤੀ। ਜਾਣਕਾਰੀ ਅਨੁਸਾਰ ਅੱਜ ਸਵੇਰ ਸ਼ਹਿਰ ਵਾਸੀਆਂ ਨੇ ਦੇਖਿਆ ਕਿ ਇਸ ਬੁੱਤ ਦੀ ਗਰਦਨ ਫਿਰ ਤੋਂ ਉਡਾਈ ਹੋਈ ਹੈ ਜਿਸ ‘ਤੇ ਉਨ੍ਹਾਂ ਨੇ ਕਾਂਗਰਸੀਆਂ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਨਾ ਦਿੱਤੀ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਿਕਰਯੋਗ ਹੈ ਕਿ ਇਹ ਜਨਤਕ ਪਾਰਕ ਸਵ ਰਾਜੀਵ ਗਾਂਧੀ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਜਿਸ ਦਾ ਉਦਘਾਟਨ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਪਾਰਕ ਜੰਗਲੀ ਝਾੜੀਆਂ ਅਤੇ ਸ਼ਰਾਰਤੀ ਅਨਸਰਾਂ ਦਾ ਠਿਕਾਣਾ ਬਣ ਕੇ ਰਹਿ ਗਿਆ ਹੈ।
ਇਸ ਪਾਰਕ ਦੀ ਦੁਰਦਸ਼ਾਂ ਬਾਰੇ ਪਹਿਲਾਂ ਕਾਂਗਰਸੀ ਧਰਨਿਆਂ ਦੀ ਚਿਤਾਵਨੀ ਦੇ ਕੇ ਵਿਰੋਧੀ ਅਕਾਲੀ ਸਰਕਾਰ ‘ਤੇ ਦੋਸ਼ ਮੜਦੇ ਰਹੇ ਪਰੰਤੂ ਹੁਣ ਹਲਕੇ ਦੇ ਵਿਧਾਇਕ ਦੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹੋਣ ਬਾਵਜੂਦ ਵੀ ਇਸ ਪਾਰਕ ਵੱਲ ਕਾਂਗਰਸੀਆਂ ਨੇ ਮੂੰਹ ਤਾਂ ਕੀ ਕਰਨਾ ਸੀ ਬਲਕਿ ਪਿਛਲੇ ਮਹੀਨੇ ਲੰਘੇ ਸਵ ਰਾਜੀਵ ਗਾਂਧੀ ਦੇ ਬਲਿਦਾਨ ਦਿਵਸ ‘ਤੇ ਉਨ੍ਹਾਂ ਨੂੰ ਯਾਦ ਕਰਨਾ ਤੱਕ ਭੁੱਲ ਗਏ ਸਨ ਜਦਕਿ ਹੁਣ ਕਾਂਗਰਸ ਦੀ ਸਰਕਾਰ ਹੋਣ ਕਾਰਨ ਬੁੱਤ ਦੀ ਹੋਈ ਭੰਨ ਤੋੜ ਤੋ ਬਾਅਦ ਕੌਂਸਲ ਅਧਿਕਾਰੀਆਂ ਵੱਲਂੋ ਬੁੱਤ ਨੂੰ ਕੱਪੜੇ ਨਾਲ ਢੱਕ ਦਿੱਤਾ ਗਿਆ ਹੈ।
ਉਪਰੋਕਤ ਘਟਨਾ ਸਬੰਧੀ ਗੱਲ ਕਰਦਿਆਂ ਨਾਭਾ ਕੋਤਵਾਲੀ ਦੇ ਐਸ ਐਚ ਓ ਸਬ ਇੰਸਪੈਕਟਰ ਕਰਨੈਲ ਸਿੰਘ ਨੇ ਕਿਹਾ ਕਿ ਮਾਮਲੇ ਸਬੰਧੀ ਪੁਲਿਸ ਦੀ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਜਲਦ ਹੀ ਕਾਨੂੰਨ ਦੀ ਪਕੜ ਵਿੱਚ ਹੋਣਗੇ।
ਡੀਐੱਸਪੀ ਨੂੰ ਸਖਤ ਕਾਰਵਾਈ ਲਈ ਕਿਹਾ: ਧਰਮਸੋਤ
ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਹ ਮਾੜੇ ਅਨਸਰਾਂ ਦਾ ਕੀਤਾ ਕਾਰਾ ਹੈ ਅਤੇ ਇਸ ਸਬੰਧੀ ਡੀਐਸਪੀ ਨਾਭਾ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਮਾਮਲੇ ਨੂੰ ਜਲਦ ਹੱਲ ਕਰਕੇ ਦੋਸ਼ੀਆਂ ਖਿਲਾਫ ਸ਼ਖਤ ਕਾਰਵਾਈ ਕੀਤੀ ਜਾਵੇ। ਸ਼ਹਿਰ ਵਿੱਚ ਜਨਤਕ ਪਾਰਕਾਂ ਦੀ ਦੇਖਭਾਲ ਸਬੰਧੀ ਵਰਤੀ ਜਾਂਦੀ ਅਣਗਹਿਲੀ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਜਾਦੂ ਦੀ ਛੜੀ ਨਹੀਂ ਹੈ ਇਸ ਲਈ ਇੱਕ ਸਾਲ ਦੇ ਅੰਦਰ-ਅੰਦਰ ਸ਼ਹਿਰ ਦੇ ਹਾਲਾਤ ਸੁਧਾਰੇ ਜਾਣਗੇ
ਤੀਜੀ ਵਾਰ ਹੋਈ ਬੁੱਤ ਨਾਲ ਛੇੜਛਾੜ
ਜਿਕਰਯੋਗ ਹੈ ਕਿ ਇਸ ਜਨਤਕ ਪਾਰਕ ਵਿੱਚ ਸਵ ਰਾਜੀਵ ਗਾਂਧੀ ਦੇ ਬੁੱਤ ਦੀ ਭੰਨ ਤੋੜ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਦੋ ਘਟਨਾਵਾਂ ਅਕਾਲੀ ਸਰਕਾਰ ਦੇ ਸ਼ਾਸ਼ਨ ਸਮੇਂ ਹੋਈਆਂ ਸਨ ਜਦਕਿ ਮੋਜੂਦਾ ਸਮੇਂ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਤੀਜ਼ੀ ਵਾਰ ਇਸ ਬੁੱਤ ਨਾਲ ਹੋਈ ਤੋੜਭੰਨ ਦੀ ਘਟਨਾ ਨੇ ਇਲਾਕੇ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ।
ਪਹਿਲੀ ਘਟਨਾ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਕਥਿਤ ਤੌਰ ‘ਤੇ ਬੁੱਤ ਦੇ ਗਲ ‘ਚ ਟਾਇਰ ਪਾ ਕੇ ਅੱਗ ਲਗਾ ਦਿੱਤੀ ਸੀ ਜਦਕਿ ਦੂਜੀ ਘਟਨਾ ਦੌਰਾਨ ਬੁੱਤ ਦੀ ਗਰਦਨ ਹੀ ਲਾਹ ਦਿੱਤੀ ਸੀ ਜਿਸ ਸਬੰਧੀ ਅੱਜ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਤਤਕਾਲੀਨ ਸਮੇਂ ਕਾਂਗਰਸੀਆਂ ਨੇ ਵਿਰੋਧ ਕਾਰਨ ਅਕਾਲੀ ਸਰਕਾਰ ਨੇ ਇਸ ਬੁੱਤ ਦੀ ਮੁਰੰਮਤ ਕਰਵਾ ਕੇ ਇਸ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਵੀ ਦੂਰ ਕਰ ਦਿੱਤਾ ਸੀ ਜਦਕਿ ਹੁਣ ਤੀਜ਼ੀ ਵਾਰ ਇਸ ਬੁੱਤ ਨਾਲ ਹੋਈ ਛੇੜਛਾੜ ਨੇ ਪ੍ਰਸ਼ਾਸਨ ਦਾ ਜਨਤਕ ਪਾਰਕਾਂ ਦੀ ਦੇਖਭਾਲ ਵੱਲ ਸਬੰਧੀ ਬੇਰੁੱਖੀ ਨੂੰ ਸਪੱਸ਼ਟ ਕਰ ਦਿੱਤਾ ਹੈ।