Bathinda Bus Accident: ‘ਬੱਸ ਕਿਉਂ ਡਿੱਗੀ ਜਾਂਚ ਬਾਅਦ ’ਚ, ਲੋਕਾਂ ਦੀ ਜਾਨ ਬਚਾਉਣੀ ਸਾਡੀ ਪਹਿਲ’
- ਘਟਨਾ ਸਥਾਨ ’ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀ | Bathinda Bus Accident
Bathinda Bus Accident: ਤਲਵੰਡੀ ਸਾਬੋ (ਸੁਖਜੀਤ ਮਾਨ/ਕਮਲਪ੍ਰੀਤ ਸਿੰਘ)। ਪਿੰਡ ਜੀਵਨ ਸਿੰਘ ਵਾਲਾ ਕੋਲ ਗੰਦੇ ਨਾਲੇ ’ਚ ਸਵਾਰੀਆਂ ਦੀ ਭਰੀ ਬੱਸ ਡਿੱਗਣ ਕਾਰਨ ਸਵਾਰੀਆਂ ਨੂੰ ਬਚਾਉਣ ਲਈ ਰਾਹਤ ਕਾਰਜ਼ ਲਗਾਤਾਰ ਜਾਰੀ ਹਨ। ਬੱਸ ਕਿਸ ਕਾਰਨ ਨਾਲੇ ’ਚ ਡਿੱਗੀ ਇਸ ਲਈ ਭਾਵੇਂ ਪ੍ਰਸ਼ਾਸਨਿਕ ਪੱਧਰ ’ਤੇ ਕੋਈ ਸੂਚਨਾ ਨਹੀਂ ਮਿਲ ਸਕੀ ਪਰ ਕੁੱਝ ਲੋਕਾਂ ਨੇ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਹੋਇਆ ਹੈ ਤੇੇ ਕੁੱਝ ਵੱਲੋਂ ਪੁਲ ਦੇ ਰੇਲਿੰਗ ਨਾ ਹੋਣ ਦੀ ਗੱਲ ਆਖੀ ਜਾ ਰਹੀ ਹੈ।
ਹਾਦਸਾਗ੍ਰਸਤ ਬੱਸ ’ਚ ਸਵਾਰ ਮਹਾਸ਼ਾ ਸਿੰਘ ਵਾਸੀ ਸਿੰਘਪੁਰਾ ਨੇ ਦੱਸਿਆ ਕਿ ਉਸ ਨੂੰ ਤਾਂ ਕੁੱਝ ਵੀ ਪਤਾ ਨਹੀਂ ਲੱਗਿਆ ਕਿ ਹੋਇਆ ਕਿ ਬਿਜਲੀ ਗਰਜ਼ੀ ਜਾਂ ਕੱਟ ਵੱਜਿਆ ਕੋਈ ਪਤਾ ਨਹੀਂ। ਇਸ ਨੌਜਵਾਨ ਨੇ ਕੁੱਝ ਲੋਕਾਂ ਦੀ ਮੌਤ ਹੋਣ ਦੀ ਗੱਲ ਵੀ ਆਖੀ ਹੈ ਪਰ ਮੌਤਾਂ ਦੀ ਗਿਣਤੀ ਬਾਰੇ ਮੁਕੰਮਲ ਜਾਣਕਾਰੀ ਨਹੀਂ ਮਿਲ ਸਕੀ। ਸੁਰਜੀਤ ਸਿੰਘ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਸ਼ੁਰੂਆਤ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਬਿਜਲੀ ਡਿੱਗਣ ਕਾਰਨ ਬੱਸ ਬੇਕਾਬੂ ਹੋਈ ਹੈ।
Bathinda Bus Accident
ਘਟਨਾ ਸਥਾਨ ’ਤੇ ਪੁੱਜੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ ਨੇ ਦੱਸਿਆ ਕਿ ਸਰਦੂਲਗੜ੍ਹ ਤੋਂ ਚੱਲ ਕੇ ਤਲਵੰਡੀ ਸਾਬੋ ਹੋ ਕੇ ਬਠਿੰਡਾ ਵੱਲ ਜਾ ਰਹੀ ਬੱਸ ਜੀਵਨ ਸਿੰਘ ਵਾਲਾ ਵਿਖੇ ਗੰਦੇ ਨਾਲੇ ’ਚ ਡਿੱਗੀ ਹੈ। ਸਮੁੱਚਾ ਪ੍ਰਸ਼ਾਸਨਿਕ ਅਮਲਾ ਤੇ ਮੈਡੀਕਲ ਟੀਮਾਂ ਰਾਹਤ ਕਾਰਜਾਂ ’ਚ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਕੁਝ ਮੌਤਾਂ ਹੋਣ ਦਾ ਖਦਸ਼ਾ ਹੈ ਪਰ ਹਾਲੇ ਤੱਕ ਮੁਕੰਮਲ ਵੇਰਵੇ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਪਹਿਲਾਂ ਰਾਹਤ ਕਾਰਜ਼ ਪੂਰਾ ਕਰਨਾ ਹੈ। ਉਹਨਾਂ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਪੰਜਾਬ ਸਰਕਾਰ ਤਰਫੋਂ ਮੁਫ਼ਤ ਕੀਤਾ ਜਾਵੇਗਾ।
Read Also : Flood Alart: ਭਾਰੀ ਮੀਂਹ ਕਾਰਨ ਭਿਆਨਕ ਹੜ੍ਹ ਆਉਣ ਦੀ ਸੰਭਾਵਨਾ, ਲੋਕਾਂ ਨੂੰ ਚੇਤਾਵਨੀ
ਉਹਨਾਂ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲ ਲੋਕਾਂ ਦੀ ਜਾਨ ਬਚਾਉਣੀ ਹੈ, ਬਾਅਦ ’ਚ ਬੱਸ ਡਿੱਗਣ ਦੇ ਕਾਰਨਾਂ ਦੀ ਜਾਂਚ ਵੀ ਕੀਤੀ ਜਾਵੇੇੇਗੀ ਬੱਸ ’ਚ ਕਰੀਬ 40-46 ਸਵਾਰੀਆਂ ਸਵਾਰ ਦੱਸੀਆਂ ਜਾ ਰਹੀਆਂ ਹਨ । ਬੱਸ ’ਚੋਂ ਸਵਾਰੀਆਂ ਨੂੰ ਬਾਹਰ ਕੱਢਕੇ ਨੇੜਲੇ ਹਸਪਤਾਲਾਂ ਤਲਵੰਡੀ ਸਾਬੋ ਅਤੇ ਬਠਿੰਡਾ ਵਿਖੇ ਪਹੁੰਚਾਇਆ ਗਿਆ ਹੈ। ਹਾਈਡਰਾ ਦੀ ਮੱਦਦ ਨਾਲ ਬੱਸ ਨੂੰ ਨਾਲੇ ’ਚੋਂ ਬਾਹਰ ਕੱਢਿਆ ਜਾ ਰਿਹਾ ਹੈ । ਐਨਡੀਆਰਐਫ ਦੇ ਗੋਤਾਖੋਰਾਂ ਵੱਲੋਂ ਨਾਲੇ ’ਚ ਵੀ ਸਵਾਰੀਆਂ ਭਾਲ ਕੀਤੀ ਜਾ ਰਹੀ ਹੈ ਕਿ ਕਿਧਰੇ ਕੋਈ ਸਵਾਰੀ ਬੱਸ ’ਚੋਂ ਬਾਹਰ ਨਿੱਕਲ ਕੇ ਨਾਲੇ ’ਚ ਨਾ ਡਿੱਗ ਪਈ ਹੋਵੇ ।
ਹਾਲੇ ਕੋਈ ਕਾਰਨ ਨਹੀਂ ਪਤਾ ਲੱਗਿਆ | Bathinda Bus Accident
ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਹਾਦਸੇ ਦਾ ਹਾਲੇ ਕੁੱਝ ਪਤਾ ਨਹੀਂ ਲੱਗ ਸਕਿਆ। ਉਹਨਾਂ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸ਼ਨ ਮੌਕੇ ’ਤੇ ਪੁੱਜਿਆ। ਲੋਕਾਂ ਵੱਲੋਂ ਵੀ ਰਾਹਤ ਕਾਰਜ਼ ’ਚ ਸਹਿਯੋਗ ਕੀਤਾ ਜਾ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਹਨ।