ਡੀਐਸਪੀ ਅਤੁਲ ਸੋਨੀ ਨੇ ਇੱਕ ਮਹੀਨੇ ਵਿੱਚ ਨਸ਼ੇ ਨੂੰ ਖਤਮ ਕਰਨ ਦਾ ਦੁਆਇਆ ਵਿਸ਼ਵਾਸ | Anti Drug Front
ਗੁਰੂਹਰਸਹਾਏ (ਸੱਤਪਾਲ ਥਿੰਦ)। ਨਸ਼ਾ ਵਿਰੋਧੀ ਫਰੰਟ ਗੁਰੂਹਰਸਹਾਏ ਦਾ ਇੱਕ ਵਫਦ ਫਰੰਟ ਕਨਵੀਨਰ ਧਰਮ ਸਿੰਘ ਸਿੱਧੂ, ਸਕੱਤਰ ਸਾਬਕਾ ਐਸਡੀਓ ਸੁਰਜੀਤ ਸਿੰਘ ਅਤੇ ਕੈਸ਼ੀਅਰ ਨਰੇਸ਼ ਸੇਠੀ ਅਤੇ ਗੁਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ਵਿੱਚ ਡੀਐਸਪੀ ਗੁਰੂ ਹਰ ਸਹਾਇ ਅਤੁਲ ਸੋਨੀ ਨੂੰ ਮਿਲਿਆ। (Anti Drug Front)
ਇਸ ਮੌਕੇ ਫਰੰਟ ਦੇ ਆਗੂਆਂ ਨੇ ਡੀਐਸਪੀ ਅਤੁਲ ਸੋਨੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਹਲਕਾ ਗੁਰੂ ਹਰ ਸਹਾਇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਦਾ ਕਾਰੋਬਾਰ ਵੱਡੇ ਪੱਧਰ ਤੇ ਚੱਲ ਰਿਹਾ ਹੈ ਜਿਸ ਕਾਰਨ ਹਲਕੇ ਦੇ ਸੈਂਕੜੇ ਨੌਜਵਾਨ ਇਸ ਅਲਾਮਤ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਅਤੇ ਆਪਣਾ ਘਰ ਬਾਰ ਬਰਬਾਦ ਕਰ ਚੁੱਕੇ ਹਨ। ਇਹ ਨਸ਼ਾ ਸਮਾਜ ਦੀ ਸਾਹ ਰਗ ਵਿੱਚ ਫੈਲਿਆ ਇੱਕ ਅਜਿਹਾ ਜਹਿਰ ਹੈ ਜੋ ਹੌਲੀ ਹੌਲੀ ਸਮਾਜ ਨੂੰ ਵੀ ਖਤਮ ਕਰਨ ਵਾਲੇ ਪਾਸੇ ਲੈ ਕੇ ਜਾ ਰਿਹਾ ਹੈ।
ਇਨਸਾਫ ਨਹੀਂ ਮਿਲ ਰਿਹਾ
ਆਗੂਆਂ ਨੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਏਨਾ ਵੱਡਾ ਪੁਲਿਸ ਪ੍ਰਬੰਧ ਹੋਣ ਦੇ ਬਾਵਜੂਦ ਵੀ ਸਮਾਜ ਵਿੱਚ ਨਸ਼ਿਆਂ ਦੇ ਸੌਦਾਗਰ ਸ਼ਰੇਆਮ ਸਾਡੀ ਨੌਜਵਾਨ ਪੀੜੀ ਨੂੰ ਬਰਬਾਦ ਕਰ ਰਹੇ ਹਨ ਪਰ ਕਾਨੂੰਨ ਵੱਲੋਂ ਉਹਨਾਂ ਖਿਲਾਫ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਉਕਤ ਨਸ਼ਿਆਂ ਤੋਂ ਇਲਾਵਾ ਹਲਕੇ ਵਿੱਚ ਸ਼ਰੇਆਮ ਲੁੱਟਾਂ ਖੋਹਾਂ, ਚੋਰੀਆਂ, ਡਕੈਤੀਆਂ ਮਾਰਧਾੜ ਅਤੇ ਅਨੇਕਾਂ ਹੀ ਜੁਰਮ ਹੋ ਰਹੇ ਹਨ, ਪਰ ਕਿਸੇ ਨੂੰ ਵੀ ਇਨਸਾਫ ਨਹੀਂ ਮਿਲ ਰਿਹਾ।
ਉਹਨਾਂ ਮੰਗ ਕੀਤੀ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅੰਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਆਮ ਲੋਕਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਆਗੂਆਂ ਦੀ ਗੱਲਬਾਤ ਸੁਣਨ ਅਤੇ ਮੰਗ ਪੱਤਰ ਲੈਣ ਤੋਂ ਬਾਅਦ ਡੀਐਸਪੀ ਅਤੁਲ ਸੋਨੀ ਨੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕੇ ਉਹ ਇੱਕ ਮਹੀਨੇ ਦੇ ਅੰਦਰ ਅੰਦਰ ਹਲਕਾ ਗੁਰੂ ਹਰ ਸਾਏ ਦੇ ਵਿੱਚ ਨਸ਼ਿਆਂ ਨੂੰ ਮੁਕੰਮਲ ਤੌਰ ਤੇ ਖਤਮ ਕਰ ਦੇਣਗੇ।
Also Read : ਪੰਜਾਬ ‘ਚ ਵਰ੍ਹੀ ਅਸਮਾਨੀ ਆਫ਼ਤ, ਸਫੈਦ ਚਾਦਰ ਹੋਈਆਂ ਸੜਕਾਂ, ਵੇਖੋ ਤਸਵੀਰਾਂ
ਡੀਐਸਪੀ ਨੂੰ ਮੰਗ ਪੱਤਰ ਦੇਣ ਉਪਰੰਤ ਨਸ਼ਾ ਵਿਰੋਧੀ ਫਰੰਟ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਡੀਐਸਪੀ ਅਤੁਲ ਸੋਨੀ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨਗੇ। ਪਰ ਜੇਕਰ ਇੱਕ ਮਹੀਨੇ ਦੇ ਅੰਦਰ ਅੰਦਰ ਹਲਕੇ ਅੰਦਰ ਨਸ਼ਿਆਂ ਨੂੰ ਠੱਲ ਨਾ ਪਾਈ ਗਈ ਤਾਂ ਨਸ਼ਾ ਵਿਰੋਧੀ ਫਰੰਟ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ ਅਤੇ ਨਸ਼ਿਆਂ ਨੂੰ ਸਮਾਜ ਵਿੱਚੋਂ ਜੜ ਤੋਂ ਖਤਮ ਕਰਨ ਤੱਕ ਸੰਘਰਸ਼ ਜਾਰੀ ਰੱਖੇਗਾ। ਇਸ ਵਫਦ ਵਿੱਚ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਸਵਿੰਦਰ ਬਰਾੜ, ਅੰਗਰੇਜ ਸਿੰਘ, ਸੱਤਪਾਲ ਸਿੰਘ, ਪ੍ਰਤਾਪ ਸਿੰਘ ਲਖਮੀਰਪੁਰਾ ਆਦਿ ਹਾਜ਼ਰ ਸਨ।