ਲੁਧਿਆਣਾ, ਰਘਬੀਰ ਸਿੰਘ
ਸਥਾਨਕ ਬਸਤੀ ਜੋਧੇਵਾਲ ਵਿਖੇ ਕ੍ਰਿਸ਼ਨਾ ਹੌਂਡਾ ਦੇ ਸਾਹਮਣੇ ਗਲਤ ਸਾਈਡ ਤੋਂ ਆ ਰਹੇ ਮੋਟਰਸਾਈਕਲ ਤੇ ਪੰਜਾਬ ਰੋਡਵੇਜ਼ ਦੀ ਬੱਸ ਦਰਮਿਆਨ ਹੋਈ ਟੱਕਰ ‘ਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਹੋਈ ਮੌਤ ਤੋਂ ਗੁੱਸੇ ‘ਚ ਆਏ ਲੋਕਾਂ ਨੇ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਬੱਸ ਸੜ ਕੇ ਸੁਆਹ ਹੋ ਗਈ।
ਜਾਣਕਾਰੀ ਮੁਤਾਬਕ ਜਲੰਧਰ ਸਾਈਡ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ 10 ਐਫਪੀ 2877 ਦੀ ਲਪੇਟ ‘ਚ ਆਉਣ ਕਾਰਨ ਗਲਤ ਪਾਸੇ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੋਟਰਸਾਈਕਲ ਸਵਾਰ ਦੀ ਮੌਤ ਤੋਂ ਬਾਦ ਗੁੱਸੇ ‘ਚ ਆਏ ਲੋਕਾਂ ਨੇ ਪਹਿਲਾਂ ਤਾਂ ਬੱਸ ‘ਤੇ ਪੱਥਰਬਾਜ਼ੀ ਕੀਤਾ ਤੇ ਬਾਦ ‘ਚ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਕਾਰਨ ਪੰਜਾਬ ਰੋਡਵੇਜ਼ ਦੀ ਬੱਸ ਸੜ ਕੇ ਸੁਆਹ ਹੋ ਗਈ। ਗਨੀਮਤ ਇਹ ਰਹੀ ਕਿ ਬੱਸ ‘ਤੇ ਪੱਥਰਬਾਜ਼ੀ ਕਰਨ ਤੇ ਬੱਸ ਨੂੰ ਅੱਗ ਲਾਉਣ ਤੋਂ ਪਹਿਲਾਂ ਹੀ ਸਾਰੀਆਂ ਸਵਾਰੀਆਂ ਬੱਸ ‘ਚੋਂ ਉੱਤਰ ਚੁੱਕੀਆਂ ਸਨ। ਬੱਸ ਡਰਾਈਵਰ ਤੇ ਕੰਡਕਟਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਥਾਣਾ ਜੋਧੇਵਾਲ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ।
ਮ੍ਰਿਤਕ ਦੀ ਪਛਾਣ ਅਰਵਿੰਦ ਵਾਸੀ ਨਿਊ ਸੁਭਾਸ਼ ਨਗਰ ਲੁਧਿਆਣਾ ਵਜੋਂ ਹੋਈ ਹੈ। ਲੋਕਾਂ ਨੇ ਮੰਗ ਕੀਤੀ ਕਿ ਨਿੱਤ ਵਾਪਰਦੇ ਹਾਦਸਿਆਂ ਤੋਂ ਬਚਾਅ ਲਈ ਪ੍ਰਸ਼ਾਸਨ ਨੂੰ ਇੱਥੇ ਪੁਲਿਸ ਮੁਲਾਜ਼ਮ ਤਾਇਨਾਤ ਕਰਨੇ ਚਾਹੀਦੇ ਹਨ। ਥਾਣਾ ਜੋਧੇਵਾਲ ਦੇ ਮੁਖੀ ਨੇ ਦੱਸਿਆ ਕਿ ਜਦੋਂ ਉਹ ਸੂਚਨਾ ਮਿਲਣ ‘ਤੇ ਇੱਥੇ ਪਹੁੰਚੇ ਤਾਂ ਬੱਸ ਨੂੰ ਅੱਗ ਲਾਈ ਜਾ ਚੁੱਕੀ ਸੀ। ਉਨ੍ਹਾਂ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜ ਦਿੱਤੀ ਹੈ ਤੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਗ ਲਾਉਣ ਵਾਲਿਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।