ਬਰੇਵਾਲ ਰੋਡ ’ਤੇ ਬਣ ਰਹੇ ਨਾਜਾਇਜ਼ ਫਲੈਟਾਂ ਨੂੰ ਵੀ ਨਿਗਮ ਟੀਮਾਂ ਨੇ ਢਾਹਿਆ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਗੈਰ- ਕਾਨੂੰਨੀ ਉਸਾਰੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਨਗਰ ਨਿਗਮ ਨੇ ਬੁੱਧਵਾਰ ਨੂੰ ਸ਼ਹਿਰ ਦੇ ਵੱਖ- ਵੱਖ ਹਿੱਸਿਆਂ ਵਿੱਚ ਸਥਿੱਤ ਲੱਗਭੱਗ 70 ਗੈਰ-ਕਾਨੂੰਨੀ ਵਪਾਰਕ, ਉਦਯੋਗਿਕ ਇਕਾਈਆਂ, ਲੇਬਰ ਕੁਆਰਟਰ ਆਦਿ ਇਮਾਰਤਾਂ ਨੂੰ ਸੀਲ ਕਰ ਦਿੱਤਾ। (Illegal Buildings) ਬਹਾਦੁਰਕੇ ਰੋਡ, ਚੰਡੀਗੜ ਰੋਡ, ਟਿੱਬਾ ਰੋਡ, ਮਾਡਲ ਟਾਊਨ ਐਕਸਟੈਨਸ਼ਨ, ਗਾਂਧੀ ਨਗਰ ਸਮੇਤ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਸਥਿਤ ਇਹ ਇਮਾਰਤਾਂ ਨਿਗਮ ਮੁਤਾਬਕ ਨਿਯਮਾਂ ਦੀ ਉਲੰਘਣਾ ਕਰਕੇ ਸਥਾਪਿਤ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਵਿਜੀਲੈਂਸ ਵੱਲੋਂ ਰੇਡ
ਏਟੀਪੀ ਐਮਐਸ ਬੇਦੀ ਦੀ ਅਗਵਾਈ ਵਿੱਚ ਜ਼ੋਨ ਏ ਟੀਮ ਨੇ 16 ਇਮਾਰਤਾਂ ਨੂੰ ਸੀਲ ਕੀਤਾ, ਜਦੋਂਕਿ ਏਟੀਪੀ ਹਰਵਿੰਦਰ ਸਿੰਘ ਹਨੀ ਦੀ ਅਗਵਾਈ ਵਿੱਚ ਜ਼ੋਨ ਬੀ ਟੀਮ ਨੇ ਇੱਕ ਪੈਟਰੋਲ ਪੰਪ ਸਮੇਤ 18 ਇਮਾਰਤਾਂ ਨੂੰ ਸੀਲ ਕੀਤਾ। ਵਿਭਾਗ ਮੁਤਾਬਕ ਪੈਟਰੋਲ ਪੰਪ ਵਿਭਾਗ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਏ ਬਿਨਾਂ ਹੀ ਸਥਾਪਿਤ ਕੀਤਾ ਗਿਆ ਸੀ। ਇਸੇ ਤਰਾਂ ਜ਼ੋਨ ਡੀ ਦੀ ਟੀਮ ਨੇ ਮਾਡਲ ਟਾਊਨ ਐਕਸਟੈਂਸ਼ਨ ਇਲਾਕੇ ਵਿੱਚ 35 ਦੁਕਾਨਾਂ ਨੂੰ ਸੀਲ ਕੀਤਾ। ਕਿਉਂਕਿ ਜਿਸ ਸੜਕ ’ਤੇ ਦੁਕਾਨਾਂ ਹਨ, ਨੂੰ ਵਿਭਾਗ ਵੱਲੋਂ ਵਪਾਰਕ ਐਲਾਨਿਆ ਨਹੀਂ ਗਿਆ ਹੈ।
ਨਾਜਾਇਜ਼ ਉਸਾਰੀਆਂ ਖਿਲਾਫ਼ ਵੱਡੀ ਮੁਹਿੰਮ (Illegal Buildings)
ਜ਼ੋਨ ਡੀ ਦੀ ਟੀਮ ਨੇ ਬਰੇਵਾਲ ਰੋਡ ’ਤੇ ਪੰਚਸ਼ੀਲ ਵਿਹਾਰ ਵਿੱਚ ਬਣ ਰਹੇ ਨਾਜਾਇਜ਼ ਫਲੈਟਾਂ ਨੂੰ ਵੀ ਢਾਹ ਦਿੱਤਾ। ਅਹਾਤੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਨਾਜਾਇਜ਼ ਉਸਾਰੀਆਂ ਖਿਲਾਫ਼ ਵੱਡੀ ਮੁਹਿੰਮ ਚਲਾਈ ਗਈ ਹੈ ਅਤੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਨਾਜਾਇਜ਼ ਉਸਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਨਾਜਾਇਜ਼ ਉਸਾਰੀਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਾਜਾਇਜ਼ ਉਸਾਰੀਆਂ ਬੰਦ ਕਰਨ ਅਤੇ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਉਸਾਰੀ ਦਾ ਕੰਮ ਸ਼ੁਰੂ ਕਰਨ।