ਛੋਟੇ-ਮੋਟੇ ਕੰਮਾਂ-ਕਾਰਾਂ ਨੂੰ ਲਗਭਗ ਖਾ ਹੀ ਗਈ ਕੋਰੋਨਾ ਮਹਾਂਮਾਰੀ

Corona Active

ਛੋਟੇ-ਮੋਟੇ ਕੰਮਾਂ-ਕਾਰਾਂ ਨੂੰ ਲਗਭਗ ਖਾ ਹੀ ਗਈ ਕੋਰੋਨਾ ਮਹਾਂਮਾਰੀ

ਕਰੋਨਾ ਮਹਾਂਮਾਰੀ ਦੇ ਵੱਡੇ ਸੰਕਟ ਨੇ ਰੋਜ਼ ਕਮਾ ਕੇ ਖਾਣ ਵਾਲੇ ਲੋਕਾਂ ਲਈ ਪੇਟ ਭਰਨਾ ਔਖਾ ਕਰ ਦਿੱਤਾ ਹੈ। ਉਹ ਡੌਰ-ਭੌਰ ਹਨ। ਕੱਲ੍ਹ ਦੀ ਰੋਟੀ ਦੀ ਚਿੰਤਾ ਹੈ। ਭੁੱਖ ਦੇ ਬੱਦਲ ਸਿਰ ‘ਤੇ ਮੰਡਰਾ ਰਹੇ ਹਨ। ਨਿੱਕੇ ਕੰਮਾਂ-ਕਾਰਾਂ ਵਾਲੇ ਲੋਕਾਂ ਨੂੰ ਸੜਕ ‘ਤੇ ਲੈ ਆਂਦਾ ਹੈ। ਮੈਰਿਜ ਪੈਲੇਸ, ਸੰਗੀਤ ਸਨਅਤ, ਸਰਕਸ ਅਤੇ ਦੁੱਖ-ਸੁੱਖ ਮੌਕੇ ਹੁੰਦੇ ਸਮਾਜਿਕ ਇਕੱਠਾਂ ਦੇ ਕੰਮਾਂ ਨਾਲ ਜੁੜੇ, ਲੱਖਾਂ ਲੋਕ ਵਿਹਲੇ ਹੋ ਗਏ ਹਨ। ਮੋਚੀ, ਧੋਬੀ, ਨਾਈ, ਰਿਕਸ਼ਾ ਚਾਲਕ, ਹਰ ਤਰ੍ਹਾਂ ਦੇ ਮਿਸਤਰੀ, ਮੇਲਿਆਂ ‘ਚ ਨਿੱਕ-ਸੁੱਕ ਵੇਚਣ ਵਾਲੇ, ਰੇਹੜੀ-ਫੜੀ, ਜੂਸ ਵਾਲੇ ਆਦਿ ਕਿੰਨੇ ਹੀ ਲੋਕਾਂ ਦੇ ਪੇਟ ‘ਤੇ ਲੱਤ ਵੱਜੀ ਹੈ। ਗਲੀਆਂ  ਸੁੰਨਸਾਨ ਹਨ।

ਤੇਜ਼ ਫੈਲਣ ਵਾਲਾ ਵਾਇਰਸ ਹੋਣ ਕਰਕੇ ਸਮਾਜਿਕ ਦੂਰੀ ਨੇ ਕਿੰਨੇ ਹੀ ਕਿੱਤਿਆਂ ਦਾ ਭੋਗ ਪਾ ਦਿੱਤਾ ਹੈ। ਸਿਹਤ ਬਣਾਉਣ ਦੇ ਸ਼ੌਕੀਨ ਗੱਭਰੂਆਂ ਨੇ ਜਿੰਮ ਦਾ ਬਦਲ ਲੱਭਦਿਆਂ ਸੈਰ, ਦੌੜ, ਸਾਈਕਲਿੰਗ ਵੱਲ ਰੁਖ ਕੀਤਾ ਹੈ। ਟਿਊਸ਼ਨਾਂ ਦਾ ਕੰਮ ਬੰਦ ਹੋਣ ਕਰਕੇ ਬੱਚਿਆਂ ਨੂੰ ਪੜ੍ਹਾ ਕੇ ਪੇਟ ਭਰਨ ਵਾਲੇ ਪੜ੍ਹੇ-ਲਿਖੇ ਬੇਰੁਜ਼ਗਾਰ ਵਿਹਲੇ ਬੈਠੇ ਹਨ। ਨਿੱਜੀ ਸੰਸਥਾਵਾਂ ਜਿਵੇਂ ਸਕੂਲਾਂ-ਕਾਲਜਾਂ , ਫੈਕਟਰੀਆਂ ‘ਚ ਕੰਮ ਕਰਨ ਵਾਲੇ ਅਧਿਆਪਕਾਂ, ਡਰਾਈਵਰਾਂ, ਨਾਨ- ਟੀਚਿੰਗ ਕਾਮਿਆਂ ਤੇ ਮਜ਼ਦੂਰਾਂ ਦਾ ਮੰਦਾ ਹਾਲ ਹੈ। ਬੱਸਾਂ ਦੇ ਕੰਡਕਟਰ-ਡਰਾਈਵਰਾਂ ਨੇ ਪਰਿਵਾਰ ਪਾਲਣ ਲਈ ਗਲੀਆਂ ਵਿੱਚ ਫਲ-ਸਬਜ਼ੀਆਂ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਮਠਿਆਈ ਦੀਆਂ ਦੁਕਾਨਾਂ, ਢਾਬੇ, ਚਾਹ ਦੇ ਖੋਖੇ ਬੰਦ ਹੋਣ ਨਾਲ ਇਨ੍ਹਾਂ ਨਾਲ ਜੁੜੇ ਲੋਕਾਂ ਦਾ ਵੀ ਮੰਦਾ ਹਾਲ ਹੈ। ਮਹਿੰਗੀਆਂ ਦੁਕਾਨਾਂ ਦੇ ਕਿਰਾਏ ਤਾਰਨੇ ਔਖੇ ਹੋਏ ਪਏ ਹਨ। ਕੁਲਫੀਆਂ, ਗੋਲਗੱਪੇ, ਦਹੀਂ ਭੱਲੇ ਆਦਿ ਦੀਆਂ ਰੇਹੜੀਆਂ ਲਾਉਣ ਵਾਲੇ ਘਰਾਂ ਵਿਖੇ ਉਦਾਸੀ ‘ਚ ਘਿਰੇ ਹੋਏ ਹਨ । ਬੱਚਿਆਂ ਤੇ ਪਰਿਵਾਰ ਦੇ ਪੇਟ ਪਾਲਣ ਦਾ ਫਿਕਰ ਪਹਾੜ ਤੋਂ ਵੱਡਾ ਹੈ। ਸਾਰੇ ਕੰਮ ਬੰਦ ਹੋਣ ਕਰਕੇ ਹੁਨਰਮੰਦ ਨੌਕਰੀਪੇਸ਼ਾ ਕਾਮਿਆਂ ਵੱਲੋਂ ਵੀ ਦੋ ਰੁਪਏ ਕਮਾਉਣ ਦਾ ਜੁਗਾੜ ਕਰਨ ਲਈ ਝੋਨਾ ਲਾਉਣ ਜਾਂ ਫਿਰ ਹੋਰ ਮਜ਼ਦੂਰੀ ਕਰਨ ਵਾਲੇ ਕੰਮ-ਕਾਰ ਲੱਭੇ ਜਾ ਰਹੇ ਹਨ। ਕਰੋਨਾ ਨੇ ਜ਼ਿੰਦਗੀ ਦੀਆਂ ਚੂਲ਼ਾਂ ਹਿਲਾ ਕੇ ਰੱਖ ਦਿੱਤੀਆਂ ਹਨ।

ਭਾਵੇਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਪਰ ਬੱਚੇ ਸਕੂਲਾਂ ਨੂੰ ਤਰਸ ਰਹੇ ਹਨ। ਸਕੂਲ ਕੇਵਲ ਪੜ੍ਹਨ ਦਾ ਕੇਂਦਰ ਨਹੀਂ ਹੁੰਦੇ ਸਗੋਂ ਬੱਚਿਆਂ ਦੇ ਹਾਸੇ-ਠੱਠੇ ਤੇ ਮਨ ਪ੍ਰਚਾਵੇ ਲਈ ਘਰ ਦਾ ਖੂਬਸੂਰਤ ਬਦਲ ਵੀ ਹੁੰਦੇ ਹਨ।  ਸਾਰਾ ਕੁਝ ਕਦੋਂ ਬਹਾਲ ਹੋਣਾ ਹੈ ਇਸ ਬਾਰੇ ਕੁਝ ਪਤਾ ਨਹੀਂ ਪਰ ਜ਼ਿੰਦਗੀ ਦਾ ਅਜੋਕਾ ਦੌਰ ਬਹੁਤ ਬੋਝਲ ਹੈ।   ਵਰਤਮਾਨ ਸਮੇਂ ਕਿਸਾਨਾਂ ਤੇ ਸਰਕਾਰੀ ਮੁਲਾਜ਼ਮਾਂ ‘ਤੇ ਬਹੁਤਾ ਅਸਰ ਨਹੀਂ ਪਿਆ। ਹਾੜ੍ਹੀ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦ ਕੇ ਸਰਕਾਰ ਨੇ ਘਰਾਂ ਤੱਕ ਪਹੁੰਚ ਕਰਕੇ ਅਦਾਇਗੀ ਕੀਤੀ ਹੈ ਤੇ ਨਰਮੇ ਦੀ ਬਿਜਾਈ ਤੋਂ ਬਾਅਦ ਪੂਰੇ ਜ਼ੋਰ-ਸ਼ੋਰ ਨਾਲ ਝੋਨਾ ਲੱਗ ਰਿਹਾ ਹੈ।

ਸਰਕਾਰੀ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਤਨਖ਼ਾਹਾਂ ਆ ਰਹੀਆਂ ਹਨ। ਸਿਹਤ ਤੇ ਗ੍ਰਹਿ ਵਿਭਾਗ ਦੇ ਕਾਮੇ ਡਟੇ ਹੋਏ ਹਨ। ਭਾਵੇਂ ਕਿ ਸਰਕਾਰ ਵੱਲੋਂ ਇਨ੍ਹਾਂ ਕਾਮਿਆਂ ਦੀ ਸਿਹਤ ਲਈ ਪੁਖ਼ਤਾ ਪ੍ਰਬੰਧ ਨਹੀਂ ਹਨ ਪਰ ਫਿਰ ਵੀ ਡਾਕਟਰ, ਨਰਸਾਂ, ਫਾਰਮਾਸਿਸਟ ਤੇ ਪੈਰਾ ਮੈਡੀਕਲ ਸਟਾਫ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ ਪੁਲਿਸ ਦੇ ਜਵਾਨ ਪਿਛਲੇ ਤਿੰਨ ਮਹੀਨੇ ਤੋਂ ਖੜ੍ਹੀ ਲੱਤ ਨਾਕਿਆਂ ‘ਤੇ ਤਾਇਨਾਤ ਹਨ। ਸੁਰੱਖਿਆ ਕਰਮਚਾਰੀ ਲੋਕਾਂ ਨੂੰ ਬਚਾਉਣ ਲਈ ਹਾਲਾਤਾਂ ਅਨੁਸਾਰ ਸਖ਼ਤੀ ਤੇ ਬੇਨਤੀ, ਦੋਵੇਂ ਰਾਹ ਅਪਣਾ ਰਹੇ ਹਨ।

ਇਨ੍ਹਾਂ ਤਿੰਨ ਮਹੀਨਿਆਂ ਵਿੱਚ ਕਿੰਨੀਆਂ ਹੀ ਘਟਨਾਵਾਂ ਵਾਪਰੀਆਂ ਜੋ ਸਮੇਂ ਦਾ ਇਤਿਹਾਸ ਬਣਨਗੀਆਂ। ਲਗਾਤਾਰ ਕਰੋਨਾ ਦੀ ਟੈਸਟਿੰਗ ਕਰਨ ਵਾਲਿਆਂ ਦੇ ਕੰਮ ਨੂੰ ਯਾਦ ਕੀਤਾ ਜਾਵੇਗਾ। ਕੰਮਾਂ ਦੇ ਅਧਾਰ ‘ਤੇ ਨਾਇਕ-ਖਲਨਾਇਕ ਤੈਅ ਹੋਣਗੇ। ਇਸ ਦੌਰ ਵਿੱਚ ਜਿੱਥੇ ਲੋਕ ਦਸਵੰਧ ਕੱਢ ਰਹੇ ਹਨ, ਉੱਥੇ ਕਾਲਾਬਾਜ਼ਾਰੀ ਦਾ ਵੀ ਦੌਰ ਹੈ। ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਸੈਨੇਟਾਈਜ਼ਰ ਤੇ ਮਾਸਕ ਮਹਿੰਗੇ ਵੇਚੇ ਜਾ ਰਹੇ ਹਨ।

ਕੁਝ ਚੀਜ਼ਾਂ ਨੂੰ ਸਟੋਰ ਕਰਕੇ ਬਲੈਕ ਵਿੱਚ ਵੇਚ ਕੇ ਵੱਧ ਪੈਸੇ ਕਮਾਉਣ ਦੀ ਝਾਕ ਕੀਤੀ ਜਾ ਰਹੀ ਹੈ। ਇਸ ਦੌਰ ਵਿੱਚ ਜਦੋਂ ਕਰੋਨਾ ਸੈੱਸ ਦੇ ਨਾਂਅ ‘ਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਰੇਟ ਵਧਾਉਣ ਦੀ ਖ਼ਬਰ ਸੁਣੀਂਦੀ ਹੈ ਤਾਂ ਸਰਕਾਰਾਂ ਲਈ ਫਿਟਕਾਰ ਨਿੱਕਲਦੀ ਹੈ। ਜਿਸ ਹਿਸਾਬ ਨਾਲ ਡੀਜ਼ਲ-ਪੈਟਰੋਲ ਦੇ ਰੇਟ ਵਧ ਰਹੇ ਹਨ, ਲੱਗਦਾ ਹੈ ਕਿ ਇਹ ਛੇਤੀ ਹੀ ਸੈਂਕੜਾ ਪਾਰ ਕਰ ਜਾਵੇਗਾ।

ਦੂਜੇ ਪਾਸੇ ਕੈਨੇਡਾ ਦੀ ਟਰੂਡੋ ਸਰਕਾਰ ਵੇਖੋ, ਜਿਸ ਵੱਲੋਂ ਆਪਣੇ ਕੋਰੋਨਾ ਕਰਕੇ ਵਿਹਲੇ ਹੋਏ ਹਰ ਕਾਮੇ ਦੇ ਖਾਤੇ ‘ਚ 2000 ਡਾਲਰ, ਭਾਵ ਇੱਕ ਲੱਖ ਰੁਪਏ ਤੋਂ ਵੱਧ ਰੁਪਏ ਨਿਰਵਿਘਨ ਪਾਏ ਜਾ ਰਹੇ ਹਨ ਸਰਕਾਰਾਂ ਦਾ ਕੰਮ ਕੇਵਲ ਟੈਕਸ ਲਾ ਕੇ ਜੇਬਾਂ ‘ਤੇ ਕੈਂਚੀ ਚਲਾਉਣਾ ਹੀ ਨਹੀਂ ਹੁੰਦਾ ਸਗੋਂ ਲੋਕ ਭਲਾਈ ਲਈ ਕੰਮ ਕਰਨਾ ਵੀ ਹੁੰਦਾ ਹੈ। ਸਾਡੇ ਕਰੋਨਾ ਦੀ ਰੋਕਥਾਮ ਲਈ ਸਾਰੀ ਟੇਕ ਕੇਵਲ ਤੇ ਕੇਵਲ ਲਾਕ ਡਾਊਨ ‘ਤੇ ਹੈ। ਬਿਮਾਰੀ ਨੂੰ ਵਧਣ ਤੋਂ ਰੋਕਣ ਲਈ ਸਮਾਜਿਕ ਦੂਰੀ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨਾ ਸਾਡਾ ਪਹਿਲਾ ਫਰਜ਼ ਹੈ ਪਰ ਸਾਰਾ ਮਸਲਾ ਕਰਫਿਊ ਲਾਉਣ ਨਾਲ ਹੱਲ ਨਹੀਂ ਹੋਣਾ।

Corona

ਸਰਕਾਰ ਨੂੰ ਲੋੜਵੰਦਾਂ ਲਈ ਜੇਬ ਝਾੜਨੀ ਚਾਹੀਦੀ ਹੈ। ਭੁੱਖਿਆਂ ਨੂੰ ਰੋਟੀ, ਬਿਮਾਰਾਂ ਨੂੰ ਦਵਾਈ, ਬੱਚਿਆਂ ਨੂੰ ਕਾਪੀਆਂ ਕਿਤਾਬਾਂ ਤੋਂ ਇਲਾਵਾ ਆਨਲਾਈਨ ਪੜ੍ਹਾਈ ਲਈ ਮੋਬਾਈਲ ਤੇ ਇੰਟਰਨੈੱਟ ਦਾ ਕੁਨੈਕਸ਼ਨ, ਸਮੇਂ ਸਿਰ ਬੁਢਾਪਾ/ਵਿਧਵਾ ਪੈਨਸ਼ਨਾਂ, ਕਿਸਾਨਾਂ ਨੂੰ ਲੇਬਰ ਸਬਸਿਡੀ, ਮਜ਼ਦੂਰਾਂ ਨੂੰ ਕਰੋਨਾ ਸੰਕਟ ਕਰਜ਼ਾ, ਜਿਨ੍ਹਾਂ ਲੋਕਾਂ ਦਾ ਕੰਮ ਖੁੱਸਿਆ ਹੈ ਉਨ੍ਹਾਂ ਨੂੰ ਤਨਖਾਹ ਦਾ 50 ਪ੍ਰਤੀਸ਼ਤ ਬੇਰੁਜ਼ਗਾਰੀ ਭੱਤਾ ਦੇਣ ਨਾਲ ਕਾਫ਼ੀ ਮਸਲਿਆਂ ਦਾ ਹੱਲ ਹੋ ਸਕਦਾ ਹੈ। ਲਾਕ ਡਾਊਨ ਹੋਣ ਕਰਕੇ ਲੋਕ ਉਂਜ ਵੀ ਮਾਨਸਿਕ ਦਬਾਅ ਹੇਠ ਹਨ। ਸੱਥਾਂ ਚੁੱਪ ਹਨ। ਚੌਂਤਰੇ ਖਾਲੀ ਪਏ ਹਨ।

ਸਰਕਾਰਾਂ ਖਿਲਾਫ਼ ਧਰਨੇ ਵਾਲੇ ਪੰਡਾਲ ਮੁੱਠੀ ਬੰਦ ਕਰਕੇ ਨਾਅਰੇ ਲਾਉਣ ਵਾਲੀਆਂ ਬਾਹਾਂ ਨੂੰ ਉਡੀਕ ਰਹੇ ਹਨ। ਜਨ ਸਧਾਰਨ ਦੇ ਜੀਵਨ ਦੀ ਰਫ਼ਤਾਰ ਸਹੀ ਰੱਖਣ ਲਈ ਸਰਕਾਰ ਨੂੰ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਦੀ ਲੋੜ ਹੈ। ਰੋਜ਼ਾਨਾ ਲੋੜ ਦੀਆਂ ਵਸਤੂਆਂ ਦੇ ਭਾਅ ਕਾਬੂ ਹੇਠ ਰੱਖਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਬਲੈਕੀਆਂ ਨੂੰ ਨੱਥ ਪਾਉਣ ਲਈ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ। ਚੰਗੀ ਗੱਲ ਦੀ ਸ਼ੁਰੂਆਤ ਖੁਦ ਤੋਂ ਕਰਨ ਅਨੁਸਾਰ ਸਾਨੂੰ ਵੀ ਸਾਡੇ ਆਲੇ-ਦੁਆਲੇ ਕਰੋਨਾ ਕਹਿਰ ਕਰਕੇ ਲੋੜਵੰਦਾਂ ਦਾ ਪੇਟ ਭਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਬਿਪਤਾ ਦੇ ਸਮੇਂ ਟਾਕਰਾ, ਰਲ-ਮਿਲ ਕੇ ਹੀ ਕੀਤਾ ਜਾ ਸਕਦਾ ਹੈ। ਉਮੀਦ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਕਿਰਤੀ, ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਤੇ ਜ਼ਰੂਰਤਮੰਦ ਲੋਕਾਂ ਦੀ ਜ਼ਿੰਦਗੀ ਵਿੱਚ ਰੰਗ ਭਰਨ ਲਈ ਅੱਗੇ ਆਵੇਗੀ।
ਤਲਵੰਡੀ ਸਾਬੋ, ਬਠਿੰਡਾ
ਬਲਜਿੰਦਰ ਜੌੜਕੀਆਂ
ਮੋ: 94630-24575

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ