ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਹੋਈ ਤੂੰ-ਤੂੰ, ਮੈਂ-ਮੈਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ (Powercom Headquarters) ਦੇ ਦਫ਼ਤਰ ਅੱਗੇ ਧਰਨਾ ਲਗਾਉਣ ਜਾ ਰਹੇ ਪਾਵਰਕੌਮ ਚ ਕੰਮ ਕਰਦੇ ਠੇਕਾ ਕਰਮਚਾਰੀਆਂ ਨੂੰ ਪੁਲੀਸ ਨੇ ਫੁਹਾਰਾਂ ਚੌਕ ਨੇੜੇ ਰੋਕ ਲਿਆ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਕਹਾਸੁਣੀ ਵੀ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਬਲਿਹਾਰ ਸਿੰਘ ਨੇ ਕਿਹਾ ਕਿ ਪਾਵਰਕੌਮ ਵੱਲੋਂ ਲਗਾਤਾਰ ਧੱਕਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ । ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਪਾਵਰਕੌਮ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਮਹਿਕਮੇ ਚ ਲੈ ਕੇ ਪੱਕਾ ਕੀਤਾ ਜਾਵੇ।
ਇਸ ਧਰਨੇ ਨੂੰ ਵੀ ਪੁਲਿਸ ਸਖ਼ਤੀ ਨਾਲ ਨਜਿੱਠਣ ਦੇ ਰੌਂਅ ‘ਚ | Powercom Headquarters
ਭਾਰੀ ਗਿਣਤੀ ਪੁਲਿਸ ਫੋਰਸ ਨੇ ਇਹਨਾਂ ਪ੍ਰਦਰਸ਼ਕਾਰੀਆਂ ਨੂੰ ਪਾਵਰਕੌਮ ਦੇ ਦਫ਼ਤਰ ਅੱਗੇ ਵਧਣ ਨਹੀਂ ਦਿੱਤਾ ਅਤੇ ਫੁਹਾਰਾ ਚੌਂਕ ਤੇ ਹੀ ਰੋਕ ਲਿਆ। ਇਸ ਦੌਰਾਨ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਤਪਦੀ ਧੁੱਪ ਵਿੱਚ ਫੁਹਾਰਾਂ ਚੌਕ ਉਪਰ ਹੀ ਪਰਿਵਾਰਾਂ ਸਮੇਤ ਧਰਨੇ ਤੇ ਬੈਠ ਗਏ। ਪੁਲੀਸ ਵੱਲੋਂ ਅੱਜ ਪਹਿਲਾਂ ਹੀ ਪਾਵਰਕੌਮ ਦੇ ਦਫ਼ਤਰ ਅੱਗੇ ਕਿਸਾਨਾਂ ਦੇ ਧਰਨੇ ਨੂੰ ਉਠਾਇਆ ਗਿਆ ਅਤੇ ਹੁਣ ਕੱਚੇ ਮੁਲਾਜ਼ਮਾਂ ਦੇ ਧਰਨੇ ਕਾਰਨ ਪੁਲਿਸ ਹੱਥਾਂ ਪੈਰਾਂ ਦੀ ਪੈ ਗਈ ਅਤੇ ਇਸ ਧਰਨੇ ਨੂੰ ਵੀ ਪੁਲੀਸ ਵੱਲੋਂ ਸਖਤੀ ਨਾਲ ਨਜਿੱਠਣ ਦੇ ਰੌਂਅ ਵਿੱਚ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਜਾਰੀ ਸੀ।