ਕਾਂਗਰਸੀਆਂ ਨੇ ਰੋਏ ‘ਸੱਤਾ ‘ਚ ਹੋ ਕੇ’ ਵੀ ‘ਸੱਤਾ ਤੋਂ ਬਾਹਰ ਹੋਣ’ ਦੇ ਰੋਣੇ

Election Manifesto Congres

ਕਾਂਗਰਸੀ ਵਿਧਾਇਕਾਂ ਤੇ ਸਾਂਸਦ ਨੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਕੀਤੀ ਮੁਲਾਕਾਤ (Congress)

ਚੰਡੀਗੜ੍ਹ (ਅਸ਼ਵਨੀ ਚਾਵਲਾ), ਸੱਤਾ ਤਬਦੀਲੀ ਹੋਣ ਤੋਂ ਬਾਅਦ  ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਿੱਚ ਰਾਜ਼ ਆਏ ਨੂੰ ਅੱਜ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਹੈ ਪਰ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਕੋਲ ਕਾਂਗਰਸੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਕਾਂਗਰਸੀ ਵਿਧਾਇਕਾਂ ਤੇ ਸਾਂਸਦਾਂ ਨਾਲ ਅਧਿਕਾਰੀਆਂ ਵੱਲੋਂ ‘ਸੱਤਾ ‘ਚ ਨਾ ਹੋਣ’ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ ਇਹ ਕੋਈ ਹੋਰ ਨਹੀਂ ਖ਼ੁਦ ਕਾਂਗਰਸੀ ਵਿਧਾਇਕ ਅਤੇ ਸੰਸਦ ਮੈਂਬਰ ਕਹਿ ਰਹੇ ਹਨ।

ਪੰਜਾਬ ਦੇ ਸਰਕਾਰੀ ਅਧਿਕਾਰੀਆਂ ਕੋਲ ਕੋਈ ਸੁਣਵਾਈ ਨਾ ਹੋਣ ਦੀ ਸ਼ਿਕਾਇਤ ਲੈ ਕੇ ਲੁਧਿਆਣਾ ਤੋਂ ਵਿਧਾਇਕ ਭਾਰਤ ਭੂਸ਼ਨ ਆਸ਼ੂ, ਵਿਧਾਇਕ ਕੁਲਦੀਪ ਸਿੰਘ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਪੁੱਜੇ ਹੋਏ ਸਨ।ਮੁੱਖ ਮੰਤਰੀ ਅਮਰਿੰਦਰ ਸਿੰਘ ਦਿੱਲੀ ਹੋਣ ਕਾਰਨ ਇਨ੍ਹਾਂ ਵਿਧਾਇਕਾਂ ਅਤੇ ਸਾਂਸਦਾਂ ਨੇ ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਮੁਲਾਕਾਤ ਕਰਕੇ ਆਪਣੀ  ਪੂਰੀ ਕਥਾ ਸੁਣਾਉਂਦਿਆਂ ਅਧਿਕਾਰੀਆਂ ਦੀ ਸ਼ਿਕਾਇਤ ਕੀਤੀ।

ਸਰਕਾਰੀ ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਾ ਕਰਨ ਦੀਆਂ ਕੀਤੀਆਂ ਸ਼ਿਕਾਇਤਾਂ

ਇਨ੍ਹਾਂ ਕਾਂਗਰਸੀ ਵਿਧਾਇਕਾਂ ਅਤੇ ਸਾਂਸਦ ਮੈਂਬਰਾਂ ਨੇ ਸੁਰੇਸ਼ ਕੁਮਾਰ ਨੂੰ ਪੁਲਿਸ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਸ਼ਿਕਾਇਤ ਕਰਦਿਆਂ ਕਿਹਾ ਕਿ ਇਹ ਅਫ਼ਸਰ ਤਾਂ ਉਨਾਂ ਦੀ ਸੁਣਵਾਈ ਕਰਨ ਦੀ ਬਜਾਇ ਆਪਣੇ ਹਿਸਾਬ ਨਾਲ ਹੀ ਕੰਮ ਕਰ ਰਹੇ ਹਨ। ਉਨ੍ਹਾਂ ਦੇ ਕੰਮ ਕਰਨ ਦੀ ਬਜਾਇ ਉਨ੍ਹਾਂ ਦੇ ਕੰਮਾਂ ਨੂੰ ਰੋਕਿਆ ਜਾ ਰਿਹਾ ਹੈ। ਉਕਤ ਕਾਂਗਰਸੀ ਆਗੂਆਂ ਨੇ ਲੁਧਿਆਣਾ ਵਿਖੇ ਪਿਛਲੇ ਕੁਝ ਦਿਨਾਂ ਵਿੱਚ ਹੋਈ ਘਟਨਾਵਾਂ ਬਾਰੇ ਵੀ ਸ਼ਿਕਾਇਤ ਕੀਤੀ। (Congress)

ਇਨ੍ਹਾਂ ਕਾਂਗਰਸੀ ਵਿਧਾਇਕਾਂ ਅਤੇ ਸਾਂਸਦ ਦਾ ਕਹਿਣਾ ਹੈ ਕਿ ਸੱਤਾ ਵਿੱਚ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ਨੂੰ ਇੰਝ ਲੱਗ ਰਿਹਾ ਹੈ ਕਿ ਜਿਵੇਂ ਅੱਜ ਵੀ ਉਹ ਵਿਰੋਧੀ ਧਿਰ ਵਿੱਚ ਬੈਠੇ ਹਨ, ਕਿਉਂਕਿ ਉਨ੍ਹਾਂ ਦੇ ਵਰਕਰ ਪਿਛਲੇ 10 ਸਾਲ ਤੋਂ ਆਪਣੇ ਲਟਕੇ ਹੋਏ ਕੰਮਾਂ ਨੂੰ ਕਰਵਾਉਣਾ ਚਾਹੁੰਦੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀ ਜਾਇਜ਼ ਕੰਮ ਕਰਨ ਦੀ ਬਜਾਇ ਉਨ੍ਹਾਂ ਵਿੱਚ ਅੜਿੱਕਾ ਪਾਕੇ ਕੰਮ ਨਹੀਂ ਕਰ ਰਹੇ ਹਨ। ਸੁਰੇਸ਼ ਕੁਮਾਰ ਕੋਲ ਆਪਣੀ ਕਥਾ ਸੁਣਾਉਣ ਤੋਂ ਬਾਅਦ ਵੀ ਰਾਹਤ ਮਹਿਸੂਸ ਨਾ ਕਰਦਿਆਂ ਕਾਂਗਰਸੀ ਵਿਧਾਇਕ ਅਤੇ ਸੰਸਦ ਮੈਂਬਰ ਦੇਰ ਸ਼ਾਮ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਵਿਖੇ ਉਡੀਕ ਕਰ ਰਹੇ ਸਨ। (Congress)

ਅਧਿਕਾਰੀਆਂ ਦੀ ਤਾਇਨਾਤੀ ਤੋਂ ਨਰਾਜ਼ ਹਨ ਕਾਂਗਰਸੀ ਵਿਧਾਇਕ

ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਆਪਣੇ ਜ਼ਿਲ੍ਹੇ ਵਿੱਚ ਐੱਸ.ਐੱਸ.ਪੀ. ਅਤੇ ਡਿਪਟੀ ਕਮਿਸ਼ਨਰ ਦੀ ਤਾਇਨਾਤੀ ਸਬੰਧੀ ਉਨ੍ਹਾਂ ਨੂੰ ਨਾ ਪੁੱਛੇ ਜਾਣ ਤੋਂ ਉਹ ਨਰਾਜ਼ ਹਨ। ਵਿਧਾਇਕਾਂ ਦਾ ਕਹਿਣਾ ਹੈ ਕਿ ਤਾਇਨਾਤੀ ਸਮੇਂ ਉਨਾਂ ਦੀ ਸੁਣਵਾਈ ਨਾ ਹੋਣ ਕਾਰਨ ਹੀ ਹੁਣ ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਸਣੇ ਹੋਰ ਵਿਧਾਇਕ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੇ ਹਨ। (Congress)

20 ਵਿਧਾਇਕ ਅਤੇ 4 ਸਾਂਸਦ ਹਨ ਨਰਾਜ਼

ਇੱਕ ਮਹੀਨੇ ਦੇ ਕਾਂਗਰਸ ਰਾਜ਼ ‘ਚ ਕਾਂਗਰਸੀ ਵਿਧਾਇਕਾਂ ਵੱਲੋਂ ਹੀ ਅਧਿਕਾਰੀਆਂ ਦੀ ਸ਼ਿਕਾਇਤ ਕਰਨ ਦਾ ਇਹ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਡੇਢ ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕ ਆਪਣੀ ਸ਼ਿਕਾਇਤ ਲੈ ਕੇ ਅਮਰਿੰਦਰ ਸਿੰਘ ਦੇ ਦਰਬਾਰ ਪੁੱਜ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ 20 ਦੇ ਲਗਭਗ ਕਾਂਗਰਸੀ ਵਿਧਾਇਕ ਅਤੇ 4 ਦੇ ਲਗਭਗ ਕਾਂਗਰਸੀ ਸਾਂਸਦ ਅਧਿਕਾਰੀਆਂ ਵੱਲੋਂ ਕੰਮ ਨਾ ਕੀਤੇ ਜਾਣ ਕਾਰਨ ਨਰਾਜ਼ ਚੱਲ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here