ਕੋਝੀਆਂ ਹਰਕਤਾਂ ’ਤੇ ਉੱਤਰ ਆਈ ਐ ਕਾਂਗਰਸ, ਅੰਗਦ ਨੂੰ ਪਤਨੀ ਅਦਿੱਤੀ ਸਿੰਘ ਖ਼ਿਲਾਫ਼ ਬੋਲਣ ਲਈ ਕਹਿਣਾ ‘ਮੰਦਭਾਗਾ’
- ਭਾਜਪਾ ਦਾ ਹਮਲਾ, ਔਰਤ ਖ਼ਿਲਾਫ਼ ਪ੍ਰਚਾਰ ਕਰਵਾ ਕੀ ਸਾਬਤ ਕਰਨਾ ਚਾਹੁੰਦੀ ਐ ਕਾਂਗਰਸ
- ਪ੍ਰਿਅੰਕਾ ਗਾਂਧੀ (Priyanka Gandhi) ਨੂੰ ਕੀਤਾ ਸੀ ਅਦਿੱਤੀ ਸਿੰਘ ਨੇ ਚੈਲੇਂਜ ਤੇ ਕਾਂਗਰਸ ਨੇ ਕੀਤਾ ਇਹ ਸਾਰਾ ਕੁਝ : ਸੁਭਾਸ਼ ਸ਼ਰਮਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਕਾਂਗਰਸ ਪਾਰਟੀ ਹੁਣ ਕੋਝੀਆਂ ਹਰਕਤਾਂ ’ਤੇ ਉਤਰ ਆਈ ਹੈ ਤਾਂ ਹੀ ਆਪਣੀ ਹੀ ਪਾਰਟੀ ਦੇ ਵਿਧਾਇਕ ਅੰਗਦ ਸਿੰਘ ਨੂੰ ਆਪਣੀ ਪਤਨੀ ਅਦਿੱਤੀ ਸਿੰਘ ਖ਼ਿਲਾਫ਼ ਮੀਡੀਆ ਵਿੱਚ ਬੋਲਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਤੋਂ ਮੰਦਭਾਗਾ ਕੁਝ ਹੋਰ ਨਹੀਂ ਹੋ ਸਕਦਾ ਹੈ ਕਿ ਇੱਕ ਔਰਤ ਖ਼ਿਲਾਫ਼ ਬੋਲਣ ’ਤੇ ਹੀ ਟਿਕਟ ਦੇਣ ਦੀ ਸ਼ਰਤ ਰੱਖੀ ਗਈ ਸੀ। ਅੰਗਦ ਸਿੰਘ ਨੇ ਕਾਂਗਰਸ ਦੀ ਟਿਕਟ ਨੂੰ ਲੱਤ ਮਾਰ ਕੇ ਆਪਣੀ ਪਤਨੀ ਅਦਿੱਤੀ ਸਿੰਘ ਦੇ ਖ਼ਿਲਾਫ਼ ਬੋਲਣ ਤੋਂ ਇਨਕਾਰ ਕਰਦੇ ਹੋਏ ਨਾ ਸਿਰਫ਼ ਆਪਣਾ ਪਤੀ ਧਰਮ ਨਿਭਾਇਆ ਹੈ, ਸਗੋਂ ਕਾਂਗਰਸ ਪਾਰਟੀ ਦੇ ਮੂੰਹ ’ਤੇ ਵੀ ਚਪੇੜ ਮਾਰੀ ਹੈ। ਜਿਸ ਨਾਲ ਕਾਂਗਰਸ ਪਾਰਟੀ ਅਤੇ ਪ੍ਰਿਅੰਕਾ ਗਾਂਧੀ (Priyanka Gandhi) ਨੂੰ ਕੁਝ ਅਕਲ ਆ ਜਾਵੇਗੀ। ਕਾਂਗਰਸ ਪਾਰਟੀ ’ਤੇ ਇਹ ਹਮਲਾ ਭਾਰਤੀ ਜਨਤਾ ਪਾਰਟੀ ਪੰਜਾਬ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਚੰਡੀਗੜ੍ਹ ਵਿਖੇ ਕੀਤਾ ਹੈ।
ਅਦਿੱਤੀ ਸਿੰਘ ਉੱਤਰ ਪ੍ਰਦੇਸ਼ ਤੋਂ ਭਾਜਪਾ ਦੀ ਟਿਕਟ ’ਤੇ ਲੜ ਰਹੀ ਹੈ ਚੋਣ
ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਪੰਜਾਬ ਵਿੱਚ ਕਾਂਗਰਸ ਦੇ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿੱਤੀ ਸਿੰਘ ਉੱਤਰ ਪ੍ਰਦੇਸ਼ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੀ ਹੈ ਅਤੇ ਭਾਜਪਾ ਨੇ ਕਦੇ ਇਸ ਗੱਲ ’ਤੇ ਇਤਰਾਜ਼ ਨਹੀਂ ਕੀਤਾ ਕਿ ਉਨ੍ਹਾਂ ਦੀ ਉਮੀਦਵਾਰ ਅਦਿੱਤੀ ਸਿੰਘ ਦਾ ਪਤੀ ਕਾਂਗਰਸ ਦਾ ਵਿਧਾਇਕ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਅਦਿੱਤੀ ਸਿੰਘ ਨੂੰ ਟਿਕਟ ਦਿੰਦੇ ਹੋਏ ਉਮੀਦਵਾਰ ਵੀ ਬਣਾਇਆ ਅਤੇ ਉਨ੍ਹਾਂ ਦੇ ਪਰਿਵਾਰਕ ਮਾਮਲੇ ਵਿੱਚ ਦਖਲ ਨਹੀਂ ਦਿੱਤਾ ਕਿ ਉਹ ਆਪਣੇ ਪਤੀ ਨੂੰ ਰੋਕਣ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਨਹੀਂ ਲੜਨ ਅਤੇ ਭਾਜਪਾ ਨੇ ਇਸ ’ਤੇ ਕੋਈ ਇਤਰਾਜ਼ ਵੀ ਨਹੀਂ ਕੀਤਾ, ਪਰ ਕਾਂਗਰਸ ਕੋਝੀ ਹਰਕਤ ’ਤੇ ਉੱਤਰ ਆਈ ਹੈ ਅਤੇ ਉਸ ਨੇ ਆਪਣੇ ਵਿਧਾਇਕ ਅੰਗਦ ਸਿੰਘ ਨੂੰ ਕਿਹਾ ਕਿ ਉਹ ਆਪਣੀ ਪਤਨੀ ਅਦਿੱਤੀ ਸਿੰਘ ਦੇ ਖ਼ਿਲਾਫ਼ ਬੋਲਣ ਅਤੇ ਬਕਾਇਦਾ ਉਸ ਦੀ ਵੀਡੀਓ ਬਣਾਈ ਜਾਵੇ ਤਾਂ ਕਿ ਉਹ ਵੀਡੀਓ ਨੂੰ ਉੱਤਰ ਪ੍ਰਦੇਸ਼ ਵਿੱਚ ਦਿਖਾਇਆ ਜਾ ਸਕੇ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਅਦਿੱਤੀ ਸਿੰਘ ਨੇ ਪਿ੍ਰਅੰਕਾ ਗਾਂਧੀ (Priyanka Gandhi) ਨੂੰ ਚੈਲੇਂਜ ਕੀਤਾ ਸੀ ਕਿ ਪਿ੍ਰਅੰਕਾ ਗਾਂਧੀ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜਦੇ ਹੋਏ ਜਿੱਤ ਕੇ ਦਿਖਾਵੇ, ਇਸ ਦਾ ਗੱਲ ਦਾ ਗੁੱਸਾ ਕਰਦੇ ਹੋਏ ਕਾਂਗਰਸ ਪਾਰਟੀ ਮੰਦਭਾਗੀ ਗੱਲਾਂ ’ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਅਦਿੱਤੀ ਸਿੰਘ ਦੀ ਚੁਣੌਤੀ ਤੋਂ ਕਾਂਗਰਸ ਪਾਰਟੀ ਇੰਨਾ ਜ਼ਿਆਦਾ ਡਰ ਗਈ ਹੈ ਕਿ ਉਸ ਦੇ ਪਤੀ ਤੋਂ ਹੀ ਮਾੜਾ ਪ੍ਰਚਾਰ ਕਰਵਾਉਣ ਦੀ ਕੋਸ਼ਿਸ਼ ਤੱਕ ਸ਼ੁਰੂ ਕਰ ਦਿੱਤੀ ਗਈ ਹੈ।
ਪੂਰੇ ਦੇਸ਼ ਦੀਆਂ ਔਰਤਾਂ ਤੋਂ ਮੁਆਫ਼ੀ ਮੰਗੇ ਪ੍ਰਿਅੰਕਾ ਗਾਂਧੀ (Priyanka Gandhi)
ਸੁਭਾਸ਼ ਸ਼ਰਮਾ ਨੇ ਪ੍ਰਿਅੰਕਾ ਗਾਂਧੀ ਨੂੰ ਸੁਆਲ ਕੀਤਾ ਕਿ ਪਿ੍ਰਅੰਕਾ ਗਾਂਧੀ ਉੱਤਰ ਪ੍ਰਦੇਸ਼ ਔਰਤਾਂ ਨੂੰ ਲੈ ਕੇ ਮੁਹਿੰਮ ਚਲਾ ਰਹੀ ਹੈ ਕਿ ‘ਲੜਕੀ ਹਾਂ ਲੜ ਸਕਦੀ ਹਾਂ’ ਕੀ ਉਨ੍ਹਾਂ ਦੀ ਮੁਹਿੰਮ ਦਾ ਇਹ ਸੱਚ ਹੈ ਕਿ ਲੜਕੀ ਨੂੰ ਬਦਨਾਮ ਕਰਨ ਲਈ ਉਸ ਦੇ ਪਤੀ ਨੂੰ ਟਿਕਟ ਨਹੀਂ ਦੇਣ ਦੀ ਧਮਕੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਿ੍ਰਅੰਕਾ ਗਾਂਧੀ ਨੂੰ ਇਸ ਮਾਮਲੇ ਵਿੱਚ ਪੂਰੇ ਦੇਸ਼ ਦੀ ਔਰਤਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਨੇ ਜਿਹੜੀ ਹਰਕਤ ਕੀਤੀ ਹੈ, ਉਸ ਤੋਂ ਸਿਰਫ਼ ਅਦਿੱਤੀ ਸਿੰਘ ਨੂੰ ਹੀ ਨਹੀਂ, ਸਗੋਂ ਦੇਸ਼ ਦੀਆਂ ਔਰਤਾਂ ਦੇ ਮਾਣ-ਸਨਮਾਨ ਨੂੰ ਵੀ ਸੱਟ ਵੱਜੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ