ਬਰਨਾਲਾ ਜ਼ਿਲ੍ਹਾ ਪ੍ਰਸ਼ਾਸ਼ਨ ਕਰੇਗਾ ਢੁਕਵੀਂ ਮੱਦਦ | Hakam Singh Bhattal
- ਸੱਚ ਕਹੂੰ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਸੀ ਉਸਦੀ ਹਾਲਤ ਸਬੰਧੀ ਸਟੋਰੀ | Hakam Singh Bhattal
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਦੇਸ਼ ਲਈ ਦੋ ਵਾਰ ਸੋਨਾ ਜਿੱਤਣ ਵਾਲੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲਾਂ ਦੇ ਬਿਮਾਰ ਪਏ ਐਥਲੀਟ ਹਾਕਮ ਸਿੰਘ ਭੱਠਲਾਂ ਸੰਬੰਧੀ ਲੱਗੀਆਂ ਖ਼ਬਰਾਂ ਪਿੱਛੋਂ ਸਰਕਾਰ ਜਾਗੀ ਹੈ, ਜਿਸ ‘ਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਗਰ ਦੀ ਬਿਮਾਰੀ ਨਾਲ ਪੀੜਤ ਐਥਲੀਟ ਹਾਕਮ ਸਿੰਘ ਦੀ ਸਾਰ ਲੈਣ ਸੰਬੰਧੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਬਿਮਾਰੀ ਨਾਲ ਹਸਪਤਾਲ ‘ਚ ਜੂਝ ਰਹੇ ਹਾਕਮ ਸਿੰਘ ਦੀ ਪੂਰੀ ਰਿਪੋਰਟ ਡੀਸੀ ਬਰਨਾਲਾ ਤੋਂ ਤਲਬ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੋ ਵਾਰ ਏਸ਼ੀਅਨ ਚੈਂਪੀਅਨ ਹਾਕਮ ਸਿੰਘ ਭੱਠਲਾਂ ਦੀ ਪੰਜਾਬ ਸਰਕਾਰ ਹਰ ਪੱਖੋਂ ਮੱਦਦ ਕਰੇਗੀ। (Hakam Singh Bhattal)
ਡਿਪਟੀ ਕਮਿਸ਼ਨਰ ਬਰਨਾਲਾ ਧਰਮਪਾਲ ਗੁਪਤਾ ਨੇ ਕਿਹਾ ਕਿ ਉਹ ਜਲਦ ਹੀ ਬਿਮਾਰੀ ਪੀੜਤ ਹਾਕਮ ਸਿੰਘ ਦਾ ਹਾਲ ਜਾਣਨ ਜਾਣਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਪੂਰਨ ਮੱਦਦ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਐਥਲੀਟ ਹਾਕਮ ਸਿੰਘ ਦੀ ਹਾਲਤ ਸੰਬੰਧੀ ‘ਸੱਚ ਕਹੂੰ’ ਨੇ ‘ਦੋ ਵਾਰ ਦਾ ਏਸ਼ੀਅਨ ਚੈਂਪੀਅਨ ਮੱਦਦ ਖੁਣੋਂ ਹਾਰ ਰਿਹਾ ਪਲ਼-ਪਲ਼ ਜ਼ਿੰਦਗੀ’ ਸਿਰਲੇਖ ਹੇਠ ਪ੍ਰਮੁੱਖਤਾ ਨਾਲ ਸਟੋਰੀ ਪ੍ਰਕਾਸ਼ਿਤ ਕੀਤੀ ਸੀ। (Hakam Singh Bhattal)
ਹਾਕਮ ਸਿੰਘ ਚੈਂਪੀਅਨ ਹਾਕਮ ਧਿਰ ਨਾਲ ਸਬੰਧਿਤ ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਦਾ ਗਰਾਈਂ ਹੈ ਤੇ ਉਸਨੇ 1978 ‘ਚ ਬੈਂਕਾਕ ਵਿਖੇ ਅਤੇ 1979 ‘ਚ ਟੋਕੀਓ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ 20 ਕਿੱਲੋਮੀਟਰ ‘ਵਾਕ’ ‘ਚ ਦੋ ਵਾਰ ਸੋਨ ਤਮਗ਼ਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ। 2003 ‘ਚ ਉਸਨੂੰ ਪੰਜਾਬ ਸਰਕਾਰ ਨੇ ਐਥਲੈਟਿਕਸ ਕੋਚ ਵਜੋਂ ਕਾਂਸਟੇਬਲ ਭਰਤੀ ਕਰ ਲਿਆ ਸੀ ਜਿਸ ਦੌਰਾਨ ਹਾਕਮ ਸਿੰਘ ਭੱਠਲਾਂ ਨੇ ਪੀਏਪੀ ਜਲੰਧਰ ਵਿਖੇ ਕਈ ਖਿਡਾਰੀ ਪੈਦਾ ਕੀਤੇ। (Hakam Singh Bhattal)
ਜਿਗਰ ਦੀ ਬਿਮਾਰੀ ਨਾਲ ਜੂਝ ਰਿਹੈ ਹਾਕਮ ਸਿੰਘ | Hakam Singh Bhattal
29 ਅਗਸਤ 2008 ‘ਚ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਖੇਡਾਂ ਦੇ ਸਰਵੋਤਮ ‘ਧਿਆਨ ਚੰਦ ਲਾਈਫ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਸਨੂੰ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਅਖੀਰ 2014 ‘ਚ ਹਾਕਮ ਸਿੰਘ ਰਿਟਾਇਰਮੈਂਟ ਉਪਰੰਤ ਪਿੰਡ ਭੱਠਲਾਂ ਵਿਖੇ ਆ ਗਿਆ ਅਤੇ ਸਮਾਜ ਸੇਵਾ ਅਤੇ ਪਿੰਡ ‘ਚ ਖੇਡ ਗਰਾਉਂਡ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਦਾ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਏਸ਼ੀਅਨ ਚੈਂਪੀਅਨ ਹਾਕਮ ਸਿੰਘ ਪ੍ਰਤੀ ਦਿਖਾਈ ਫ਼ਿਕਰਮੰਦੀ ਦਾ ਖੇਡ ਪ੍ਰੇਮੀਆਂ ਨੇ ਭਰਪੂਰ ਸੁਆਗਤ ਕੀਤਾ ਹੈ।