10 ਜਿਲ੍ਹਿਆਂ ਦੀਆਂ ਵਰਕਰਾਂ ਤੇ ਹੈਲਪਰਾਂ ਵੱਲੋਂ ਸਹਿਮਤੀ
ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਦੇ 27 ਹਜ਼ਾਰ ਆਂਗਣਵਾੜੀ ਕੇਂਦਰਾਂ ਵਿੱਚ ਕੰਮ ਕਰ ਰਹੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਨੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਤਿੰਨ ਨੁਕਾਤੀ ਪ੍ਰੋਗਰਾਮ ਉਲੀਕ ਕੇ ਪੰਜਾਬ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਹੈ। ਅੱਜ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਮਾਲਵਾ ਖੇਤਰ ਦੇ 10 ਜ਼ਿਲਿ੍ਹਆਂ ਦੇ ਸਰਗਰਮ ਆਗੂਆਂ ਦੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ। (Anganwadi Employees)
ਇਸ ਮੌਕੇ ਸਰਕਾਰ ਵਿਰੋਧੀ ਨਾਅਰਿਆਂ ਦੀ ਗੂੰਜ ’ਚ ਜੱਥੇਬੰਦੀ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਅਤੇ ਅੱਜ ਤੋਂ ਹੀ ਤਿਆਰੀਆਂ ’ਚ ਜੁਟਣ ਦਾ ਅਹਿਦ ਲਿਆ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ 2 ਅਕਤੂਬਰ 2019 ਨੂੰ ਆਈਸੀਡੀਐੱਸ ਸਕੀਮ ਸ਼ੁਰੂ ਹੋਇਆਂ 44 ਸਾਲ ਹੋ ਰਹੇ ਹਨ ਪਰ ਐਨੇ ਲੰਮੇ ਸਮੇਂ ਦੌਰਾਨ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਦਾ ਸ਼ੋਸ਼ਣ ਹੀ ਕੀਤਾ ਹੈ, ਜਿਸ ਕਰਕੇ ਜਥੇਬੰਦੀ ਸੜਕਾਂ ਤੇ ਉੱਤਰਨ ਲਈ ਮਜ਼ਬੂਰ ਹੋਈ ਹੈ। (Anganwadi Employees)
ਸੂਬਾ ਪ੍ਰਧਾਨ ਨੇ ਕਿਹਾ ਪੰਜਾਬ ਸਰਕਾਰ ਵਰਕਰਾਂ ਤੇ ਹੈਲਪਰਾਂ ਦੇ ਪਿਛਲੇ 10 ਮਹੀਨਿਆਂ ਤੋਂ ਉਹ ਪੈਸੇ ਕੱਟੀ ਬੈਠੀ ਹੈ ਜੋ ਕੇਂਦਰ ਸਰਕਾਰ ਨੇ ਵਧਾਏ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਨੇ ਵਰਕਰਾਂ ਦੇ ਮਾਣਭੱਤੇ ਵਿੱਚ 1500 ਰੁਪਏ ਤੇ ਹੈਲਪਰਾਂ ਦੇ ਮਾਣਭੱਤੇ ਵਿੱਚ 750 ਰੁਪਏ ਦਾ ਵਾਧਾ ਕੀਤਾ ਸੀ ਜਦੋਂਕਿ ਪੰਜਾਬ ਸਰਕਾਰ 1500 ਦੀ ਥਾਂ 900 ਤੇ 750 ਰੁਪਏ ਦੀ ਥਾਂ 450 ਰੁਪਏ ਹੀ ਦੇ ਰਹੀ ਹੈ ਇਸ ਮੌਕੇ ਹਾਜ਼ਰ ਸ਼ਿੰਦਰਪਾਲ ਕੌਰ ਥਾਂਦੇਵਾਲਾ, ਗੁਰਮੀਤ ਕੌਰ ਗੋਨਿਆਣਾ, ਸ਼ਿੰਦਰਪਾਲ ਕੌਰ ਭਗਤਾ, ਮਹਿੰਦਰ ਕੌਰ ਪੱਤੋ, ਦਲਜੀਤ ਕੌਰ ਬਰਨਾਲਾ, ਰੇਸ਼ਮਾ ਰਾਣੀ ਫਾਜ਼ਿਲਕਾ, ਕ੍ਰਿਸ਼ਨਾ ਰਾਣੀ ਫਰੀਦਕੋਟ, ਸ਼ੀਲਾ ਰਾਣੀ ਫਿਰੋਜ਼ਪੁਰ, ਸਤਵੰਤ ਕੌਰ ਤਲਵੰਡੀ, ਅੰਮ੍ਰਿਤਪਾਲ ਕੌਰ ਬਲੂਆਣਾ ਤੇ ਸੋਮਾ ਰਾਣੀ ਬਠਿੰਡਾ ਆਦਿ ਨੇ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਜਥੇਬੰਦੀ ਦੀਆਂ ਤਿੰਨੇ ਮੰਗਾਂ ਨੂੰ ਨਹੀ ਮੰਨਦੀ, ਓਨਾਂ ਚਿਰ ਸੰਘਰਸ਼ ਜਾਰੀ ਰੱਖਿਆ ਜਾਵੇਗਾ। (Anganwadi Employees)
ਬਲਾਕ ਪੱਧਰ ਤੋਂ ਸ਼ੁਰੂ ਹੋਵੇਗਾ ਸੰਘਰਸ਼
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ 2 ਅਕਤੂਬਰ ਨੂੰ ਪੰਜਾਬ ਵਿੱਚ ਬਲਾਕ ਪੱਧਰ ’ਤੇ ਪੰਜਾਬ ਸਰਕਾਰ ਦੇ ਪੁਤਲੇ ਸਾੜਨ ਦੀ ਰਣਨੀਤੀ ਘੜੀ ਗਈ ਹੈ। ਇਸੇ ਤਰ੍ਹਾਂ ਹੀ 7 ਅਕਤੂਬਰ ਤੋਂ 7 ਨਵੰਬਰ ਤੱਕ ਜ਼ਿਲ੍ਹਾ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 14 ਸਤੰਬਰ ਤੋਂ 30 ਸਤੰਬਰ ਤੱਕ ਜ਼ਿਲ੍ਹਾ ਪੱਧਰ ’ਤੇ ਲਾਮਬੰਦੀ ਮੀਟਿੰਗਾਂ ਕੀਤੀਆਂ ਜਾਣਗੀਆਂ। (Anganwadi Employees)