ਸਕੂਲ ਦੀ ਸਭ ਤੋਂ ਹੁਸ਼ਿਆਰ ਵਿਦਿਆਰਥਣ ਨੇ ਸਕੂਲ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਾਲ

The Student Jumped Second Floor

ਸਕੂਲ ਦੀ ਸਭ ਤੋਂ ਹੁਸ਼ਿਆਰ ਵਿਦਿਆਰਥਣ ਨੇ ਸਕੂਲ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਾਲ

(ਵਿਜੈ ਸਿੰਗਲਾ)
ਭਵਾਨੀਗੜ੍ਹ। ਪਿੰਡ ਘਰਾਚੋਂ ਨੇੜੇ ਸੁਨਾਮ ਮੁੱਖ ਸੜਕ ’ਤੇ ਸਥਿਤ ਇੱਕ ਨਿੱਜੀ ਸਕੂਲ ’ਚ ਪੜ੍ਹਦੀ ਦਸਵੀਂ ਜਮਾਤ ਦੀ 16 ਸਾਲਾਂ ਦੀ ਵਿਦਿਆਰਥਣ ਵੱਲੋਂ ਸਕੂਲ ਦੀ ਦੂਜੀ ਮੰਜਿਲ ਤੋਂ ਛਾਲ ਮਾਰ ਦੇਣ ਦਾ ਮਾਮਲਾ ਦੂਜੇ ਦਿਨ ਵੀ ਬੁਝਾਰਤ ਬਣਿਆ ਹੋਇਆ ਹੈ। ਸਕੂਲ ਦੀ ਦੂਜੀ ਮੰਜਿਲ ਤੋਂ ਡਿੱਗ ਕੇ ਗੰਭੀਰ ਰੂਪ ’ਚ ਜ਼ਖਮੀ ਹੋਈ ਵਿਦਿਆਰਥਣ ਲੁਧਿਆਣਾ ਵਿਖੇ ਜੇਰੇ ਇਲਾਜ ਹੈ। ਹੈਰਾਨੀਜਨਕ ਇਹ ਰਿਹਾ ਕਿ ਸਕੂਲ ਦੇ ਪ੍ਰਬੰਧਕ ਮਾਮਲੇ ਨੂੰ ਠੰਢੇ ਬਸਤੇ ’ਚ ਪਾਉਂਦੇ ਦਿਖਾਈ ਦਿੱਤ, ਉੱਥੇ ਹੀ ਪੁਲਿਸ ਅਧਿਕਾਰੀ ਵੀ ਮੀਡੀਆ ਨੂੰ ਖੁੱਲ੍ਹ ਕੇ ਮਾਮਲੇ ਸਬੰਧੀ ਕੁਝ ਵਧੇਰੇ ਦੱਸਣ ਤੋਂ ਕਤਰਾਉਂਦੇ ਰਹੇ। ਹਾਲਾਂਕਿ ਪੁਲਿਸ ਦਾ ਆਖਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਪਰ ਲੋਕਾਂ ਵਿੱਚ ਇਸ ਮਾਮਲੇ ਨੂੰ ਬਹੁਤ ਹੀ ਹੈਰਾਨੀ ਨਾਲ ਵੇਖਿਆ ਜਾ ਰਿਹਾ ਹੈ ਕਿਉਂਕਿ ਲੜਕੀ ਪੜ੍ਹਨ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਦੱਸੀ ਜਾ ਰਹੀ ਹੈ।

ਇਸ ਸਬੰਧੀ ਸਕੂਲ ਦੀ ਪ੍ਰਬੰਧਕ ਵਿਜੈ ਸ਼ਰਮਾ ਨੇ ਕਿਹਾ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਨੇ ਪੇਪਰ ਦੌਰਾਨ ਸਕੂਲ ਦੀ ਛੱਤ ’ਤੇ ਚੜ੍ਹ ਕੇ ਅਚਾਨਕ ਹੇਠਾਂ ਛਾਲ ਮਾਰ ਦਿੱਤੀ, ਜਿਸ ਕਾਰਨ ਵਿਦਿਆਰਥਣ ਨੂੰ ਗੰਭੀਰ ਸੱਟਾਂ ਵੱਜੀਆਂ, ਜ਼ਖਮੀ ਹਾਲਤ ਵਿੱਚ ਉਸਨੂੰ ਸੰਗਰੂਰ ਇਲਾਜ ਲਈ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਨੇ ਵਿਦਿਆਰਥਣ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤਾ।ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥਣ ਪੜ੍ਹਨ ਵਿੱਚ ਕਾਫ਼ੀ ਹੁਸ਼ਿਆਰ ਹੈ ਪ੍ਰੰਤੂ ਉਸ ਵੱਲੋਂ ਇਸ ਤਰ੍ਹਾਂ ਦਾ ਕਦਮ ਚੁੱਕਣਾ ਕਿਸੇ ਨੂੰ ਵੀ ਸਮਝ ਨਹੀੰ ਆ ਰਿਹਾ। ਉਧਰ ਵਿਦਿਆਰਥਣ ਦੇ ਪਿਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਜਿਸ ਕਰਕੇ ਬੱਚੀ ਕੁੱਝ ਬੋਲਣ ਜਾਂ ਦੱਸਣ ਦੀ ਹਾਲਤ ’ਚ ਨਹੀਂ , ਪਰ ਉਹ ਖੁਦ ਹੈਰਾਨ ਪ੍ਰੇਸ਼ਾਨ ਹਨ ਕਿ ਉਨ੍ਹਾਂ ਦੀ ਬੱਚੀ ਨੇ ਇਸ ਤਰ੍ਹਾਂ ਸਕੂਲ ਦੀ ਛੱਤ ਤੋਂ ਆਖਰਕਾਰ ਛਾਲ ਕਿਉਂ ਤੇ ਕਿਹੜੇ ਹਾਲਾਤਾਂ ’ਚ ਮਾਰੀ ਇਸ ਸਬੰਧੀ ਉਹ ਸਕੂਲ ’ਚ ਜਾ ਕੇ ਪ੍ਰਬੰਧਕਾਂ ਨਾਲ ਗੱਲਬਾਤ ਕਰਨਗੇ।

ਦੂਜੇ ਪਾਸੇ ਘਟਨਾ ਸਬੰਧੀ ਪਤਾ ਲੱਗਦਿਆਂ ਹੀ ਦੀਪਕ ਰਾਏ ਡੀਐੱਸਪੀ ਭਵਾਨੀਗੜ੍ਹ ਤੇ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਪੁਲਿਸ ਟੀਮ ਸਮੇਤ ਘਟਨਾ ਸਥਾਨ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਚੂਲਾ ਟੁੱਟਣ ਅਤੇ ਮੂੰਹ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਬੱਚੀ ਦਾ ਡੀਐੱਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ। ਕਾਰਵਾਈ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਸਿਰਫ ਇਹੀ ਆਖਿਆ ਕਿ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਸਕੂਲ ’ਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਹੈ। ਲੜਕੀ ਦੇ ਬਿਆਨ ਲੈਣ ਉਪਰੰਤ ਘਟਨਾ ’ਚ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ