ਗੁਲਾਬੀ ਸੁੰਡੀ ਦਾ ਫ਼ਸਲਾਂ ’ਤੇ ਹੱਲਾ, ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਇਹ ਕਹਿ ਕੇ ਦਿੱਤਾ ਧਰਵਾਸਾ

Crops
ਮਾਨਸਾ। ਨਰਮੇ ਦੀ ਫ਼ਸਲ ਦਾ ਜਾਇਜਾ ਲੈਂਦੇ ਹੋਏ ਖੇਤੀਬਾੜੀ ਮੰਤਰੀ।

ਕਿਹਾ, ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਗੁਲਾਬੀ ਸੁੰਡੀ ਦੀ ਰੋਕਥਾਮ ਕਰਨ ਕਿਸਾਨ | Crops

ਮਾਨਸਾ (ਸੁਖਜੀਤ ਮਾਨ)। ਨਰਮੇ ਦੀ ਫਸਲ (Crops) ’ਤੇ ਜੇਕਰ ਗੁਲਾਬੀ ਸੁੰਡੀ ਦੇ ਹਮਲੇ ਦਾ ਖਦਸ਼ਾ ਹੁੰਦਾ ਹੈ ਤਾਂ ਕਿਸਾਨ ਖੇਤੀਬਾੜੀ ਵਿਭਾਗ ਦੀ ਸਿਫਾਰਸ਼ ਅਨੁਸਾਰ ਗੁਲਾਬੀ ਸੁੰਡੀ ਦੀ ਰੋਕਥਾਮ ਕਰਨ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ ਨੇ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਮਾਨਖੇੜਾ ਤੇ ਖੈਰਾ ਕਲਾਂ ਵਿੱਚ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਵੀ ਮੌਜ਼ੂਦ ਸਨ। ਇਸ ਮੌਕੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੰਤਵ ਤਰਜੀਹੀ ਆਧਾਰ ’ਤੇ ਖੇਤੀ ਨੂੰ ਪ੍ਰਫੁੱਲਿਤ ਕਰਨਾ ਹੈ।ਖੇਤੀ ਖੇਤਰ ਦੀ ਖੁਸ਼ਹਾਲੀ ਲਈ ਉਹ ਸਦਾ ਯਤਨਸ਼ੀਲ ਰਹਿਣਗੇ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਵਿੱਚ ਕੀਤੇ ਨਿਰੀਖਣ ਦੌਰਾਨ ਕੀੜਿਆਂ ਦੀ ਤਾਦਾਦ ਆਰਥਿਕ ਪੱਧਰ ਤੋਂ ਹੇਠਾਂ ਹੀ ਪਾਈ ਗਈ ਹੈ। ਉਨ੍ਹਾਂ ਇਸ ਮੌਕੇ ਹਾਜ਼ਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪ ਵੀ ਖੇਤਾਂ ਵਿੱਚ ਜਾ ਕੇ ਮੌਕਾ ਵੇਖਣ। ਕਿਸਾਨਾਂ ਨੂੰ ਕਾਰਗਰ ਦਵਾਈਆਂ ਦੀ ਸਿਫਾਰਸ਼ ਕਰਨ ਅਤੇ ਡੀਲਰਾਂ ਨੂੰ ਵੀ ਚੰਗੀਆਂ ਦਵਾਈਆਂ ਹੀ ਸਪਲਾਈ ਕਰਨ ਲਈ ਕਿਹਾ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਦੀ ਫਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਇਸ ਮੌਕੇ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਸਰਕਾਰ ਦੀਆਂ ਯੋਜਨਾਵਾਂ ਨੂੰ ਹਲਕੇ ਵਿੱਚ ਲਾਗੂ ਕਰਵਾਉਣਗੇ। ਸੰਯੁਕਤ ਡਾਇਰੈਕਟਰ ਜਗਦੀਸ਼ ਸਿੰਘ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਸੱਤਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।ਜੇਕਰ ਕਿਸੇ ਕਿਸਾਨ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਆਵੇ ਤਾਂ ਵਿਭਾਗ ਨਾਲ ਤਾਲਮੇਲ ਕਰ ਸਕਦਾ ਹੈ। ਇਸ ਮੌਕੇ ਕਿਸਾਨਾਂ ਤੋਂ ਇਲਾਵਾ ਮਨੋਜ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਡਾ. ਗੁਰਿੰਦਰਜੀਤ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਡੀਪੀਡੀ ਆਤਮਾ ਚਮਨਦੀਪ ਸਿੰਘ ਅਤੇ ਵਿਭਾਗ ਦੇ ਸਮੂਹ ਮੁਲਾਜ਼ਮ ਹਾਜ਼ਰ ਸਨ ।