ਪਸ਼ੂ ਪਾਲਣ ਵਿਭਾਗ ਨੇ ਕੈਟਲ ਪੌਂਡ ਵਿਖੇ ਲੰਪੀ ਸਕਿਨ ਬਿਮਾਰੀ ਨਾਲ ਪੀੜਤ ਗਾਵਾਂ ਦਾ ਮੁੱਢਲਾ ਇਲਾਜ ਕੀਤਾ

ਗਊਸ਼ਾਲਾਵਾਂ ਅਤੇ ਪਿੰਡਾਂ ਵਿੱਚ ਪਹੁੰਚ ਕੇ ਗਊਆਂ ਦਾ ਇਲਾਜ ਕੀਤਾ ਜਾ ਰਿਹਾ ਹੈ- ਡਾ ਰਿਸ਼ਵ

ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਵਿੱਚ ਗਊਆਂ ਵਿੱਚ ਲੰਪੀ ਸਕਿਨ ਬਿਮਾਰੀ ਬਹੁਤ ਜ਼ਿਆਦਾ ਵੱਧ ਰਿਹਾ ਹੈ, ਜਿਸ ਨੂੰ ਰੋਕਣ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜੀਵ ਛਾਬੜਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਫਾਜ਼ਿਲਕਾ ਦੇ ਸੀਨੀਅਰ ਵੈਟਰਨਰੀ ਅਫ਼ਸਰ ਡਾ: ਅਨਿਲ ਪਾਠਕ ਦੀ ਦੇਖ-ਰੇਖ `ਚ ਫਾਜਿਲਕਾ ਦੇ ਸਰਕਾਰੀ ਕੈਟਲ ਪੌਂਡ ਵਿਖੇ ਵੈਟਰਨਰੀ ਅਫ਼ਸਰ ਸੀ.ਵੀ.ਐਚ.ਰਾਣਾ ਡਾ. ਰਿਸਵ ਜਾਜੋਰੀਆ ਵੱਲੋਂ ਲੰਪੀ ਸਕਿਨ ਬਿਮਾਰੀ ਨਾਲ ਪੀੜਤ ਗਾਵਾਂ ਦਾ ਇਲਾਜ ਕੀਤਾ ਗਿਆ।

ਜਾਣਕਾਰੀ ਦਿੰਦੇ ਹੋਏ ਕੈਟਲ ਪੌਂਡ ਦੇ ਇੰਚਾਰਜ ਸੋਨੂੰ ਕੁਮਾਰ ਨੇ ਦੱਸਿਆ ਕਿ ਫਾਜ਼ਿਲਕਾ ਦੇ ਪਿੰਡਾਂ `ਚ ਲੰਪੀ ਸਕਿਨ ਬਿਮਾਰੀ ਗਊਆਂ `ਚ ਲਗਾਤਾਰ ਵਧ ਰਹੀ ਹੈ, ਜਿਸ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਪਸ਼ੂ ਪਾਲਣ ਵਿਭਾਗ ਵੱਲੋਂ ਫਾਜ਼ਿਲਕਾ ਦੀਆਂ ਗਊਸ਼ਾਲਾਵਾਂ ਅਤੇ ਪਿੰਡਾਂ ਵਿੱਚ ਪਹੁੰਚ ਕੇ ਗਊਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਵੈਟਰਨਰੀ ਅਫ਼ਸਰ ਡਾ: ਰਿਸ਼ਵ ਜਾਜੋਰੀਆ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੈਟਲ ਪੌਂਡ ਵਿਖੇ ਲੰਪੀ ਸਕਿਨ ਬਿਮਾਰੀ ਨਾਲ ਪੀੜਤ ਗਾਵਾਂ ਦਾ ਇਲਾਜ ਕੀਤਾ ਗਿਆ ਅਤੇ ਗਾਵਾਂ ਨੂੰ ਮੌਕੇ `ਤੇ ਹੀ ਦਵਾਈਆਂ ਦਿੱਤੀਆਂ ਗਈਆਂ।

ਕੈਟਲ ਪੌਂਡ ਵਿਖੇ ਲੰਪੀ ਸਕਿਨ ਬਿਮਾਰੀ ਨਾਲ ਪੀੜਤ ਗਾਵਾਂ ਦਾ ਇਲਾਜ ਕਰਦੇ ਹੋਏ। ਤਸਵੀਰ :ਰਜਨੀਸ਼ ਰਵੀ

ਇਸ ਮੌਕੇ ਡਾ: ਰਿਸ਼ਵ ਨੇ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਪਰ ਜੇਕਰ ਇਸ ਬਿਮਾਰੀ ਤੋਂ ਪੀੜਤ ਗਊਆਂ ਦਾ ਸਮੇਂ ਸਿਰ ਇਲਾਜ ਕੀਤਾ ਜਾਵੇ ਤਾਂ ਗਊਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੰਪੀ ਵਾਇਰਸ ਨਾਲ ਪੀੜਿਤ ਗਾਵਾਂ ਨੂੰ ਹੋਰਨਾਂ ਗਾਵਾਂ ਤੋਂ ਵੱਖਰਾ ਰੱਖਣਾ ਚਾਹੀਦਾ ਹੈ ਅਤੇ ਡਾਕਟਰ ਦੀ ਰਾਇ ਲੈ ਕੇ ਸਮੇਂ ਸਿਰ ਦਵਾਈ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਬਿਮਾਰੀ ਨਾਲ ਨਜਿੱਠਣ ਲਈ ਸਮੇਂ-ਸਮੇਂ `ਤੇ ਕਈ ਉਪਰਾਲੇ ਕਰ ਰਿਹਾ ਹੈ। ਇਸ ਮੌਕੇ ਡਾ: ਅਮਰਜੀਤ ਸਿੰਘ, ਡਾ: ਲਖਨ ਸਚਦੇਵਾ, ਚੰਦਰ ਪ੍ਰਕਾਸ਼, ਮੋਹਨ ਸਿੰਘ ਨੇ ਸਹਿਯੋਗ ਦਿੱਤਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ