ਕਿਸਾਨਾਂ ਨੇ ਕਿਹਾ, ਇਹ ਧੋਖਾ, ਮੀਟਿੰਗ ਦੌਰਾਨ ਕੀਤੀ ਨਾਅਰੇਬਾਜ਼ੀ, ਬਾਈਕਾਟ
ਭੜਕੇ ਕਿਸਾਨ ਆਗੂਆਂ ਨੇ ਕ੍ਰਿਸ਼ੀ ਭਵਨ ਦੇ ਬਾਹਰ ਪਾੜੀਆਂ ਐਕਟ ਦੀ ਕਾਪੀਆਂ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕਿਸਾਨਾਂ ਦਾ ਅੰਦੋਲਨ ਦੇਖਦੇ ਹੋਏ ਦਿੱਲੀ ਸੱਦ ਕੇ ਮੀਟਿੰਗ ਵਿੱਚ ਖ਼ੁਦ ਹੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਹੀਂ ਆਏ ਜਿਸ ਕਰਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਇਸ ਕਦਰ ਗੁੱਸਾ ਫੁੱਟਿਆ ਕਿ ਉਹ ਮੀਟਿੰਗ ਦੌਰਾਨ ਹੀ ਹੰਗਾਮਾ ਕਰਦੇ ਹੋਏ ਮੀਟਿੰਗ ਹਾਲ ਤੋਂ ਬਾਹਰ ਆ ਗਏ। ਹਾਲਾਂਕਿ ਮੀਟਿੰਗ ਦੀ ਸ਼ੁਰੂਆਤ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਵੱਲੋਂ ਕੀਤੀ ਗਈ ਤਾਂ ਲਗਾਤਾਰ ਕਿਸਾਨ ਆਗੂ ਖੇਤੀਬਾੜੀ ਮੰਤਰੀ ਬਾਰੇ ਹੀ ਪੁੱਛ ਰਹੇ ਸਨ ਪਰ ਉਕਤ ਅਧਿਕਾਰੀ ਤੋਂ ਕੋਈ ਜੁਆਬ ਨਾ ਮਿਲਣ ‘ਤੇ ਕਿਸਾਨ ਆਗੂਆਂ ਨੇ ਆਪਣੀ ਗੱਲ ਰੱਖਣ ਤੋਂ ਬਾਅਦ ਹੰਗਾਮਾ ਕੀਤਾ ਅਤੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ।
ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਮੁੱਖ ਆਗੂਆਂ ਵੱਲੋਂ ਕ੍ਰਿਸ਼ੀ ਭਵਨ ਦੇ ਬਾਹਰ ਤਿੰਨੇ ਖੇਤੀਬਾੜੀ ਨਾਲ ਸਬੰਧਿਤ ਕਾਨੂੰਨਾਂ ਦੀ ਕਾਪੀਆਂ ਨੂੰ ਪਾੜਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਦਿੱਲੀ ਵਿਖੇ ਮੀਟਿੰਗ ਬੇ ਸਿੱਟਾ ਰਹਿਣ ਤੋਂ ਬਾਅਦ ਹੁਣ ਚੰਡੀਗੜ ਵਿਖੇ ਵੀਰਵਾਰ ਨੂੰ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਅਗਲਾ ਫੈਸਲਾ ਕਰਨਗੀਆਂ।
ਕਿਸਾਨ ਆਗੂ ਬਲਬੀਰ ਰਾਜੇਵਾਲ ਅਤੇ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਭੇਜੇ ਗਏ ਪੱਤਰ ਵਿੱਚ ਲਿਖਿਆ ਹੋਇਆ ਸੀ ਕਿ ਕੇਂਦਰ ਸਰਕਾਰ ਜਥੇਬੰਦੀਆਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ, ਇਸ ਲਈ ਹੀ ਉਹ ਮੀਟਿੰਗ ਵਿੱਚ ਭਾਗ ਲੈਣ ਲਈ ਆਏ ਸਨ ਪਰ ਮੀਟਿੰਗ ਦੌਰਾਨ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਤੋਂ ਬਿਨਾਂ ਕੋਈ ਵੀ ਅਧਿਕਾਰੀ ਜਾਂ ਫਿਰ ਖ਼ੁਦ ਮੰਤਰੀ ਹਾਜ਼ਰ ਨਹੀਂ ਸੀ ਤਾਂ ਉਹ ਗੱਲਬਾਤ ਕਿਸ ਨਾਲ ਕਰਦੇ।
ਉਨ੍ਹਾਂ ਕਿਹਾ ਕਿ ਇਸ ਤੋਂ ਜਿਆਦਾ ਧੋਖੇ ਵਾਲੀ ਗੱਲ ਨਹੀਂ ਹੋ ਸਕਦੀ ਕਿ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਸੱਦ ਕੇ ਖ਼ੁਦ ਕੇਂਦਰੀ ਮੰਤਰੀ ਇਸ ਮੀਟਿੰਗ ਤੋਂ ਬਾਹਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸ਼ੱਕ ਪਹਿਲਾਂ ਹੀ ਸੀ ਕਿ ਮੀਟਿੰਗ ਦੌਰਾਨ ਇਹ ਇਸ ਤਰ੍ਹਾਂ ਕੁਝ ਕਰ ਸਕਦੇ ਹਨ ਪਰ ਮੀਟਿੰਗ ਅਤੇ ਗੱਲਬਾਤ ਤੋਂ ਕਿਸਾਨ ਜਥੇਬੰਦੀਆਂ ਕਦੇ ਵੀ ਭੱਜਣਾ ਨਹੀਂ ਚਾਹੁੰਦੀਆਂ, ਇਸ ਲਈ ਹੀ ਦਿੱਲੀ ਆਏ ਸੀ।
ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਕਿਸਾਨਾਂ ਨੂੰ ਧੋਖਾ ਦਿੰਦੀ ਆਈ ਹੈ, ਜਿਹੜਾ ਕਿ ਇੱਕ ਵਾਰ ਫਿਰ ਤੋਂ ਦਿੱਲੀ ਸੱਦ ਕੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਤਰੀਕੇ ਨਾਲ ਰੇਲ ਪਟੜੀਆਂ ਨੂੰ ਖ਼ਾਲੀ ਨਹੀਂ ਕੀਤਾ ਜਾਵੇਗਾ ਅਤੇ ਇਸ ਅੰਦੋਲਨ ਨੂੰ ਹੋਰ ਜਿਆਦਾ ਤਿੱਖਾ ਕੀਤਾ ਜਾਵੇਗਾ। ਇਸ ਸਬੰਧੀ ਆਖਰੀ ਰੂਪ ਰੇਖਾ ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਤੈਅ ਕੀਤੀ ਜਾਵੇਗੀ।
ਸਾਨੂੰ ਦਿੱਲੀ ਸੱਦ ਪੰਜਾਬ ਪੁੱਜੇ ਹੋਏ ਹਨ ਮੰਤਰੀ : ਆਗੂ
ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਸੱਦ ਕੇ ਮੀਟਿੰਗ ਕਰਨ ਦੀ ਥਾਂ ‘ਤੇ ਕੇਂਦਰੀ ਮੰਤਰੀ ਪੰਜਾਬ ਵਿੱਚ ਰੈਲੀਆਂ ਕਰਨ ਲਈ ਪੁੱਜੇ ਹੋਏ ਹਨ। ਇਸ ਤਰ੍ਹਾਂ ਦਾ ਡਬਲ ਸਟੈਂਡਰਡ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇੱਕ ਤਰ੍ਹਾਂ ਦਾ ਧੋਖਾ ਹੀ ਹੈ, ਜਿਹੜਾ ਕਿ ਸਾਨੂੰ ਕੇਂਦਰ ਸਰਕਾਰ ਦੇਣ ਵਿੱਚ ਲੱਗੀ ਹੋਈ ਹੈ। ਇਸ ਲਈ ਹੁਣ ਜਿਹੜਾ ਅੰਦੋਲਨ ਕੀਤਾ ਜਾਵੇਗਾ, ਉਹ ਇਸ ਤੋਂ ਵੀ ਜਿਆਦਾ ਤਿੱਖਾ ਅਤੇ ਸਖ਼ਤ ਹੋਵੇਗਾ, ਜਿਸਦੀ ਜਿੰਮੇਵਾਰ ਸਿੱਧੇ ਤੌਰ ‘ਤੇ ਕੇਂਦਰ ਦੀ ਭਾਜਪਾ ਸਰਕਾਰ ਹੀ ਹੋਵੇਗੀ।
ਦਿੱਲੀ ‘ਚ ਹੋਇਐ ਕਿਸਾਨਾਂ ਦਾ ਅਪਮਾਨ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ ਸਰਕਾਰ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇੰਨਾ ਸਮਾਂ ਨਹੀਂ ਕਿ ਉਹ ਦੇਸ਼ ਦੇ ਅੰਨਦਾਤਾ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਦੀ ਗੱਲਬਾਤ ਸੁਣ ਸਕੇ। ਦਿੱਲੀ ਸੱਦ ਕੇ ਪ੍ਰਧਾਨ ਮੰਤਰੀ ਤਾਂ ਦੂਰ ਖੇਤੀਬਾੜੀ ਮੰਤਰੀ ਨੇ ਵੀ ਮੁਲਾਕਾਤ ਨਹੀਂ ਕੀਤੀ, ਇਸ ਤੋਂ ਜਿਆਦਾ ਕਿਸਾਨਾਂ ਦਾ ਅਪਮਾਨ ਨਹੀਂ ਹੋ ਸਕਦਾ। ਸੁਖਬੀਰ ਬਾਦਲ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੇ ਮੀਟਿੰਗ ਨੂੰ ਵਿਚਕਾਰ ਛੱਡਦੇ ਹੋਏ ਵਾਕਆਉਟ ਕਰਕੇ ਬਿਲਕੁਲ ਠੀਕ ਕੀਤਾ।
ਇਹ ਕਿਸਾਨਾਂ ਦੇ ਨਾਲ ਹੀ ਪੰਜਾਬ ਦੇ ਹਰ ਪੰਜਾਬੀ ਦੀ ਬੇਇੱਜ਼ਤੀ ਹੈ ਕਿ ਕੇਂਦਰ ਸਰਕਾਰ ਨੇ ਸੱਦ ਕੇ ਇੱਕ ਜੂਨੀਅਰ ਅਧਿਕਾਰੀ ਨੂੰ ਮੀਟਿੰਗ ਲਈ ਬਿਠਾ ਦਿੱਤਾ। ਇਸ ਬੇਇੱਜ਼ਤੀ ਨੂੰ ਕਦੇ ਵੀ ਨਹੀਂ ਭੁਲਿਆ ਜਾਏਗਾ। ਜਿਸ ਕਾਰਨ ਕਿਸਾਨਾਂ ਵੱਲੋਂ ਜਿਹੜਾ ਵੀ ਹੁਣ ਤਿੱਖਾ ਅੰਦੋਲਨ ਕੀਤਾ ਜਾਵੇਗਾ, ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਂਗ ਹੀ ਭਾਗ ਲੈਂਦੇ ਹੋਏ ਕਿਸਾਨਾਂ ਦਾ ਸਾਥ ਦੇਵੇਗੀ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਕਿਸਾਨਾਂ ਨਾਲ ਮਿਲਣ ਲਈ ਕੇਂਦਰ ਸਰਕਾਰ ਦੇ ਮੰਤਰੀਆਂ ਕੋਲ ਸਮਾਂ ਨਹੀਂ ਹੈ ਪਰ ਕੇਂਦਰ ਦੇ ਮੰਤਰੀਆਂ ਨੂੰ ਪੰਜਾਬ ਭੇਜਣ ਲਈ ਲਿਸਟ ਬਣਾਉਣ ਦਾ ਸਮਾਂ ਭਾਜਪਾ ਕੋਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.