45 ਕਰੋੜ ਦੀ ਹੈਰੋਇਨ ਬਰਾਮਦ , ਇੱਕ ਵਿਅਕਤੀ ਕਾਬੂ

ਪਾਕਿਸਤਾਨੋਂ ਹੈਰੋਇਨ ਮੰਗਵਾ ਕੇ ਫਿਰੋਜ਼ਪੁਰ ਇਲਾਕੇ ‘ਚ ਕਰਦਾ ਸੀ ਸਪਲਾਈ

ਫਿਰੋਜ਼ਪੁਰ,(ਸਤਪਾਲ ਥਿੰਦ)। ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਦੇ ਲਗਾਤਾਰ ਦੂਜੇ ਦਿਨ ਵੱਡੀ ਸਫਲਤਾ ਹੱਥ ਲੱਗੀ ਜਦ ਸਟਾਫ਼ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ 45 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇੱਕ ਦਿਨ ਪਹਿਲਾਂ ਹੀ ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਵੱਲੋਂ ਇੱਕ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 36 ਵਹੀਕਲ ਬਰਾਮਦ ਕੀਤੇ ਸਨ। ਬਰਾਮਦ ਹੈਰੋਇਨ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਮੁਖਤਿਆਰ ਰਾਏ ਕਪਤਾਨ ਪੁਲਿਸ, (ਇੰਵੈਸਟੀਗੇਸ਼ਨ) ਫਿਰੋਜਪੁਰ ਵੱਲੋਂ ਚਲਾਏ ਗਏ ਸਪੈਸ਼ਲ ਅਪਰੇਸ਼ਨ ਦੌਰਾਨ ਇੰਸਪੈਕਟਰ ਬਲਵੰਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਿਰੋਜਪੁਰ, ਏ.ਐਸ.ਆਈ ਰਜਿੰਦਰ ਪਾਲ ਵੱਲੋਂ ਸਮੇਤ ਪੁਲੀਸ ਪਾਰਟੀ ਦੌਰਾਨੇ ਗਸ਼ਤ ਮੁਖ਼ਬਰੀ ਦੀ ਇਤਲਾਹ ਮਿਲੀ ਕਿ ਕ੍ਰਿਸ਼ਨ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਲਾਲੂ ਵਾਲਾ ਜੋ ਕਿ ਹੈਰੋਇਨ ਦੀ ਸਮੱਗਲਿੰਗ ਕਰਨ ਦਾ ਆਦੀ ਹੈ, ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸਬੰਧ ਬਣੇ ਹੋਏ ਹਨ ਜੋ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾ ਕਿ ਫਿਰੋਜਪੁਰ ਸ਼ਹਿਰ ਦੇ ਏਰੀਏ ਵਿੱਚ ਸਪਲਾਈ ਕਰਦਾ ਹੈ,

ਜਿਸ ਨੇ ਅੱਜ ਵੀ ਭਾਰਤ ਪਾਕਿ ਸੀਮਾ ਬੀ.ਓ.ਪੀ ਲੱਖਾ ਸਿੰਘ ਵਾਲਾ ਪੇਂਟ ਪੋਸਟ ਏਰੀਆ ਰਾਹੀਂ ਗੇਟ ਨੰਬਰ 205/ਐਮ ਅਤੇ ਬੁਰਜੀ ਨੰਬਰ 205/07 ਰਾਹੀਂ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਮੰਗਵਾਈ ਹੋਈ ਹੈ, ਜਿਸ ਨੇ ਹੈਰੋਇਨ ਚੁੱਕਕੇ ਸਪਲਾਈ ਕਰਨੀ ਹੈ ਜਿਸ ‘ਤੇ ਮੁਕੱਦਮਾ ਨੰਬਰ 179 ਐਨ.ਡੀ.ਪੀ.ਐਸ ਥਾਣਾ ਮਮਦੋਟ ਦਰਜ ਕਰਵਾਇਆ ਤੇ ਕ੍ਰਿਸ਼ਨ ਸਿੰਘ ਨੂੰ ਇੰਚਾਰਜ ਸੀ.ਆਈ.ਏ ਵੱਲੋਂ ਗ੍ਰਿਫਤਾਰ ਕਰਕੇ ਪੁੱਛਗਿੱਛ ਦੌਰਾਨ ਉਸਦੀ ਨਿਸ਼ਾਨਦੇਹੀ ਤੇ ਕੰਡਿਆਲੀ ਤਾਰ ਤੋਂ ਪਾਰ ਜ਼ੀਰੋ ਲਾਈਨ ਦੇ ਨੇੜਿਓ ਕਪਤਾਨ ਪੁਲੀਸ, (ਇੰਵੈਸਟੀਗੇਸ਼ਨ) ਫਿਰੋਜਪੁਰ ਦੀ ਹਾਜ਼ਰੀ ਵਿੱਚ 09 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ,

ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 45 ਕਰੋੜ ਰੁਪਏ ਬਣਦੀ ਹੈ। ਐੱਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੀ ਅਹਿਮ ਸੁਰਾਗ ਲੱਗਣ ਅਤੇ ਬਰਾਮਦਗੀ ਹੋਣ ਦੀ ਉਮੀਦ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.