ਦਿਲ ਦੀ ਬਿਮਾਰੀ ਤੋਂ ਪੀੜਤ ਹੈ ਨਾਭਾ ਜੇਲ੍ਹ ਕਾਂਡ ਦਾ ਮੁਲਜ਼ਮ ਮਿੰਟੂ
- ਪੁਲਿਸ ਨੇ ਪਹਿਲਾਂ ਰਾਜਿੰਦਰਾ ਹਸਪਤਾਲ ‘ਚ ਕਰਵਾਇਆ ਸੀ ਦਾਖਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਪਟਿਆਲਾ ਜੇਲ੍ਹ ਵਿੱਚ ਬੰਦ ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਅਤੇ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਅਚਾਨਕ ਤਬੀਅਤ ਵਿਗੜ ਜਾਣ ਤੋਂ ਬਾਅਦ ਉਸ ਨੂੰ ਦੇਰ ਰਾਤ ਸਥਾਨਕ ਰਜਿੰਦਰਾ ਹਸਪਾਤਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੋਂ ਉਸ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਪੀਜੀਆਈ ਰੈਫਰ ਕਰ ਦਿੱਤਾ ਗਿਅ।
ਮਿੰਟੂ ਨੂੰ ਅੱਜ ਰਜਿੰਦਰਾ ਹਸਪਤਾਲ ਦੇ ਸੀਸੀਯੂ ਵਿੱਚ ਰੱਖਿਆ ਗਿਆ। ਪਤਾ ਲੱਗਾ ਹੈ ਕਿ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਹੈ । ਮਿੰਟੂ ਦੇ ਹਸਪਤਾਲ ‘ਚ ਹੋਣ ਕਾਰਨ ਪੁਲਿਸ ਵੱਲੋਂ ਹਸਪਤਾਲ ਅੰਦਰ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਭੁਪਿੰਦਰ ਬਰਾੜ ਨੇ ਦੱਸਿਆ ਕਿ ਸੀਸੀਯੂ ‘ਚ ਹਰਮਿੰਦਰ ਸਿੰਘ ਮਿੰਟੂ ਦੀ ਤਬੀਅਤ ਵਿਗੜ ਰਹੀ ਸੀ ਜਿਸ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਹਰਮਿੰਦਰ ਮਿੰਟੂ ਨਾਭਾ ਜੇਲ੍ਹ ਕਾਂਡ ਦਾ ਮੁਲਜ਼ਮ ਹੈ ਉਸ ਸਮੇਤ ਛੇ ਮੁਲਜ਼ਮ ਨਾਭਾ ਜੇਲ੍ਹ ‘ਚੋਂ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਅਗਲੇ ਦਿਨ ਹੀ ਮਿੰਟੂ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮਿੰਟੂ ਵਿਰੁੱਧ ਇੱਥੇ ਪਟਿਆਲਾ ਦੀ ਅਦਾਲਤ ਵਿੱਚ ਮਾਮਲਾ ਚਲਾਇਆ ਜਾ ਰਿਹਾ ਹੈ ਅਤੇ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹੈ।