ਵਿਵਾਦਾਂ ਮਗਰੋਂ ‘ਸਮਾਜ ਨੂੰ ਸਮਰਪਿਤ’ ‘ਚ ਬਦਲਿਆ ‘ਉਦਘਾਟਨੀ’ ਸਮਾਗਮ

ਪ੍ਰਨੀਤ ਕੌਰ ਨੇ ਅੱਜ ਕਰਨਾ ਸੀ ਸਸਕਾਰ ਵਾਲੀ ਐੱਲਪੀਜੀ ਨਾਲ ਚੱਲਣ ਵਾਲੀ ਮਸ਼ੀਨ ਦਾ ਉਦਘਾਟਨ

  • ਸਿਮਾਗਮ ਦੀ ਵਿਆਪਕ ਆਲੋਚਨਾ ਮਗਰੋਂ ਪ੍ਰਬੰਧਕਾਂ ਨੇ ਬਦਲਿਆ ‘ਉਦਘਾਟਨੀ’ ਸ਼ਬਦ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਵੱਲੋਂ ਅੱਜ ਸਥਾਨਕ ਬੀਰ ਜੀ ਸ਼ਮਸ਼ਾਨ ਘਾਟ ਵਿਖੇ ਐਲਪੀਜੀ ਗੈਸ ਨਾਲ ਅੰਤਿਮ ਸਸਕਾਰ ਕਰਨ ਵਾਲੀ ਮਸ਼ੀਨ ਦਾ ਉਦਘਾਟਨ ਕੀਤਾ ਜਾਣਾ ਸੀ ਉਦਘਾਟਨੀ ਸਮਾਗਮ ਦੀ ਵਿਆਪਕ ਆਲੋਚਨਾ ਹੋਣ ਮਗਰੋਂ ਇਸ ਸਮਾਗਮ ਨੂੰ ਸਮਰਪਿਤ ਸਮਾਗਮ ਵਿੱਚ ਬਦਲਣ ਲਈ ਮਜ਼ਬੂਰ ਹੋਣਾ ਪਿਆ। ਇਸ ਦੌਰਾਨ ਹੀ ਕਾਹਲੀ ਵਿੱਚ ਹੀ ਇਸ ਉਦਘਾਟਨੀ ਪੱਥਰ ਉੱਪਰ ਲਿਖੇ ਗਏ ‘ਉਦਘਾਟਨ’ ਸ਼ਬਦਾ ਨੂੰ ‘ਸਮਰਪਿਤ’ ਸ਼ਬਦਾਂ ਵਿੱਚ ਬਦਲਣ ਮੌਕੇ ਕਈ-ਕਈ ਖਾਮੀਆਂ ਸਾਫ ਨਜ਼ਰ ਆਈਆਂ।

ਜਾਣਕਾਰੀ ਅਨੁਸਾਰ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਆਪਣੇ 50 ਲੱਖ ਰੁਪਏ ਦੇ ਖਰਚੇ ‘ਤੇ ਪਟਿਆਲਾ ਦੇ ਬੀਰ ਜੀ ਸ਼ਮਸ਼ਾਨ ਘਾਟ ਵਿਖੇ ਐਲ.ਪੀ.ਜੀ. ਗੈਸ ਨਾਲ ਅੰਤਿਮ ਸਸਕਾਰ ਕਰਨ ਵਾਲੀ ਮਸ਼ੀਨ ਅਤੇ ਨਵੀਂ ਇਮਾਰਤ ਬਣਵਾਈ ਗਈ ਹੈ ਇਸ ਦਾ ਉਦਘਾਟਨ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਕੀਤਾ ਜਾਣਾ ਸੀ। ਇਸ ਸਬੰਧੀ ਬਕਾਇਦਾ ਤੌਰ ‘ਤੇ ਉੱਥੇ ਮਹਾਰਾਣੀ ਪ੍ਰਨੀਤ ਕੌਰ ਦੇ ਨਾਮ ਵਾਲਾ ਉਦਘਾਟਨੀ ਪੱਥਰ ਵੀ ਲਗਾਇਆ ਗਿਆ ਸੀ। ਇਸ ਦੌਰਾਨ ਹੀ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਸਮੇਤ ਹੋਰਨਾਂ ਵੱਲੋਂ ਇਸ ਦੀ ਵਿਆਪਕ ਨਿੰਦਾ ਕੀਤੀ ਗਈ।

ਬੀਰ ਦਵਿੰਦਰ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਸ੍ਰੀਮਤੀ ਪ੍ਰਨੀਤ ਕੌਰ ਅਜਿਹੇ ਉਦਘਾਟਨ ਵਾਸਤੇ ਮੰਨ ਕਿਵੇਂ ਗਏ। ਉਹਨਾਂ ਕਿਹਾ ਕਿ ਇਹ ਵੀ ਵੱਡਾ ਸਿਧਾਂਤਕ ਸਵਾਲ ਹੈ ਕਿ ਕਿਸੇ ਸਸਕਾਰ ਦੇ ਚੈਂਬਰ ਦੇ ਉਦਘਾਟਨ ਦੀ ਜ਼ਰੂਰਤ ਹੈ? ਭਾਵੇਂ ਉਹ ਐਲ ਪੀ ਜੀ ‘ਤੇ ਚਲਦਾ ਹੋਵੇ ਜਾਂ ਫਿਰ ਬਿਜਲੀ ‘ਤੇ? ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਇਹ ਉਦਘਾਟਨ ਕਿਵੇਂ ਕੀਤਾ ਜਾਵੇਗਾ? ਕੀ ਕੋਈ ਮ੍ਰਿਤਕ ਦੇਹ ਸਸਕਾਰ ਵਾਸਤੇ ਲਿਆਂਦੀ ਜਾਵੇਗੀ ਜਾਂ ਫਿਰ ਰਿਬਨ ਕੱਟ ਕੇ ਉਦਘਾਟਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਹਾਲੇ ਸਪੱਸ਼ਟ ਨਹੀਂ ਕਿ ਉਦਘਾਟਨੀ ਸਮਾਗਮ ਵਿਚ ਪਹੁੰਚਣ ‘ਤੇ ‘ਮੁੱਖ ਮਹਿਮਾਨ’ ਦੇ ਹਾਰ ਪਾਏ ਜਾਣਗੇ ਜਾਂ ਨਹੀਂ ? ਇਸ ਮਾਮਲੇ ਦੇ ਉਛਲਣ ਤੋਂ ਬਾਅਦ ਕਾਹਲੀ ਨਾਲ ਹੀ ਉੱਥੇ ਲਾਏ ਗਏ ਨੀਂਹ ਪੱਥਰ ਉੱਪਰ ਲਿਖੇ ਗਏ ‘ਉਦਘਾਟਨ’ ਸ਼ਬਦ ਨੂੰ ‘ਸਮਾਜ ਨੂੰ ਸਮਰਪਿਤ’ ਸ਼ਬਦ ਵਿੱਚ ਬਦਲਣਾ ਪਿਆ। ਇਸ ਦੌਰਾਨ ਕਾਹਲੀ ਨਾਲ ਬਦਲੇ ਇਨ੍ਹਾਂ ਸ਼ਬਦਾਂ ਕਾਰਨ ਨੀਂਹ ਪੱਥਰ ਉੱਪਰ ਲਿਖੀ ਗਈ ਸ਼ਬਦਾਬਲੀ ਵਿੱਚ ਕਾਫੀ ਫਰਕ ਦੇਖਿਆ ਗਿਆ। ਇਸ ਦੇ ਨਾਲ ਹੀ ਇਸ ਨਿੱਜੀ ਸਮਾਗਮ ਸਬੰਧੀ ਲੋਕ ਸੰਪਰਕ ਵਿਭਾਗ ਵੱਲੋਂ ਵੀ ਕਵਰੇਜ ਕੀਤੀ ਗਈ। ਇਸ ਸਬੰਧੀ ਜਦੋਂ ਪ੍ਰਨੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦਘਾਟਨ ਦਾ ਕੋਈ ਪਲੈਨ ਨਹੀਂ ਸੀ, ਉਹ ਤਾਂ ਸਿਰਫ ਬੀਰ ਜੀ ਸਮਸ਼ਾਨ ਘਾਟ ਦੇ ਦੌਰੇ ‘ਤੇ ਗਏ ਸਨ।