ਪਤਨੀ ਦਾ ਕਤਲ ਕਰਨ ਉਪਰੰਤ ਪਤੀ ਵੱਲੋਂ ਖੁਦਕੁਸ਼ੀ

ਖ਼ੁਦਕੁਸ਼ੀ ਨੋਟ ‘ਚ ਲਾਇਆ ਰਿਸ਼ਤੇਦਾਰ ‘ਤੇ ਪਤਨੀ ਨਾਲ ਨਜਾਇਜ਼ ਸਬੰਧ ਰੱਖਣ ਦਾ ਦੋਸ਼

  • ਪੁਲਿਸ ਨੇ ਰਿਸ਼ਤੇਦਾਰ ਨੂੰ ਪਰਚਾ ਦਰਜ ਕਰਨ ਤੋਂ ਬਾਅਦ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ, (ਸੱਚ ਕਹੂੰ ਨਿਊਜ਼) । ਸ਼ੱਕ ਕਾਰਨ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ, ਜਦੋਂਕਿ  ਬਾਅਦ ਵਿੱਚ ਉਸਨੇ ਖ਼ੁਦ ਵੀ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਜੇਬ ‘ਚੋਂ ਇੱਕ ਖ਼ੁਦਕੁਸ਼ੀ ਨੋਟ ਪ੍ਰਾਪਤ ਕੀਤਾ ਹੈ ਜਿਸ ਵਿੱਚ ਉਸਨੇ ਆਪਣੇ ਇੱਕ ਰਿਸ਼ਤੇਦਾਰ ‘ਤੇ ਉਸਦੀ ਪਤਨੀ ਨਾਲ ਨਜਾਇਜ਼ ਸਬੰਧ ਹੋਣ ਦੇ ਇਲਜ਼ਾਮ ਲਾਏ ਹਨ। ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਮ੍ਰਿਤਕ ਔਰਤ ਕੁੰਤੀ ਦੇਵੀ (40 ਸਾਲ) ਦੀ ਲੜਕੀ ਰਾਧਾ ਪਤਨੀ ਰਾਮ ਲਾਲ ਵਾਸੀ ਪਿੰਡ ਸੰਘੋਰ ਦੇ ਬਿਆਨਾਂ ‘ਤੇ ਰਿਸ਼ਤੇਦਾਰ ਕਾਲਾ ਪੁੱਤਰ ਚਰਨ ਦਾਸ ਵਾਸੀ ਆਹਲੂਵਾਲ ਖ਼ਿਲਾਫ਼ ਧਾਰਾ 302/306 ਆਈਪੀਸੀ ਦੀ ਅਧੀਨ ਪਰਚਾ ਦਰਜ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਪਿੰਡ ਮੱਲੀਆਂ ਵਿੱਚ ਅੱਜ ਦੁਪਹਿਰ ਰੰਗ ਰੋਗਨ ਦਾ ਕੰਮ ਕਰਨ ਵਾਲੇ ਜੋਗਿੰਦਰ ਪਾਲ ਪੁੱਤਰ ਚੂੰਨੀ ਲਾਲ ਨੇ ਆਪਣੇ ਰਿਸ਼ਤੇਦਾਰ ਨਾਲ ਨਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤਨੀ ਨਾਲ ਝਗੜਣਾ ਸ਼ੁਰੂ ਕੀਤਾ ਅਤੇ ਇਸ ਦੌਰਾਨ ਤੈਸ਼ ਵਿੱਚ ਆ ਕੇ ਲੋਹੇ ਦੀ ਰਾਡ ਪਤਨੀ ਦੇ ਸਿਰ ਵਿੱਚ ਮਾਰ ਦਿੱਤੀ। ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਉਸਨੇ ਕਮਰੇ ਦੀ ਛੱਤ ਦੇ ਗਾਰਡਰ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਮੌਕੇ ‘ਤੇ ਪਹੁੰਚੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ, ਐਸਪੀ (ਡੀ) ਹਰਪਾਲ ਸਿੰਘ ਅਤੇ ਥਾਣਾ ਬਹਿਰਾਮਪੁਰ ਦੇ ਐਸਐਚਓ ਪ੍ਰੇਮ ਨਾਥ ਸ਼ਰਮਾ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭੀ। ਇਸ ਦੌਰਾਨ ਪੁਲਿਸ ਦੇ ਹੱਥ ਮ੍ਰਿਤਕ ਜੋਗਿੰਦਰ ਪਾਲ ਦੀ ਜੇਬ ਵਿੱਚ ਪਿਆ ਇੱਕ ਖ਼ੁਦਕੁਸ਼ੀ ਨੋਟ ਲੱਗਾ। ਜਿਸ ਵਿੱਚ ਉਸਨੇ ਪਿੰਡ ਆਹਲੂਵਾਲ ਨਿਵਾਸੀ ਆਪਣੇ ਰਿਸ਼ਤੇਦਾਰ ਕਾਲਾ ਰਾਮ ਨੂੰ ਇਸਦੇ ਲਈ ਕਸੂਰਵਾਰ ਠਹਿਰਾਇਆ ਹੈ।