ਮਾਂ-ਬੋਲੀ ਪੰਜਾਬੀ ਵਿਦਿਆਰਥੀਆਂ ਲਈ ਬਣ ਰਹੀ ਟੇਢੀ ਖੀਰ

Mother Tongue

ਇਕੱਲੇ ਪੰਜਾਬੀ ਵਿਸ਼ੇ ‘ਚੋਂ ਹੀ 21, 965 ਵਿਦਿਆਰਥੀ ਫੇਲ੍ਹ

(ਖੁਸ਼ਵੀਰ ਤੂਰ) ਪਟਿਆਲਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜੇ ਮਾਤ ਭਾਸ਼ਾ ਪੰਜਾਬੀ ਪ੍ਰਤੀ ਨਿਰਮੋਹੇ ਸਾਬਤ ਹੋਏ ਹਨ। ਮਾਤ ਭਾਸ਼ਾ ਪੰਜਾਬੀ (Mother Tongue) ਦੇ ਇਕੱਲੇ ਵਿਸ਼ੇ ਵਿੱਚੋਂ ਹੀ 21 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਵਿੱਦਿਅਕ ਅਦਾਰੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦਾ ਚਾਨਣ ਵੰਡਣ ਤੋਂ ਅਸਫਲ ਸਾਬਤ ਹੋਏ ਹਨ। ਉਂਜ ਇਸ ਵਾਰ ਗਣਿਤ, ਅੰਗਰੇਜ਼ੀ, ਵਿਗਿਆਨ, ਹਿੰਦੀ, ਸਮਾਜਿਕ ਸਿੱਖਿਆ ਆਦਿ ਵਿਸ਼ਿਆਂ ਵਿਚੋਂ ਵੀ ਵਿਦਿਆਰਥੀਆਂ ਦਾ ਵੱਡੀ ਗਿਣਤੀ ਫੇਲ੍ਹ ਹੋਣਾ ਸਕੂਲੀ ਅਧਿਆਪਕਾਂ ਦੀ ਕਾਰਗੁਜ਼ਾਰੀ ‘ਤੇ ਪ੍ਰਸਨ ਚਿੰਨ੍ਹ ਖੜ੍ਹੇ ਕਰ ਰਿਹਾ ਹੈ।

ਆਪਣੀ ਮਾਤ ਭਾਸ਼ਾ ਵਿੱਚੋਂ ਹੀ ਹਜਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਸਰਕਾਰਾਂ ਦੀਆਂ ਨੀਤੀਆਂ ਅਤੇ ਸਿੱਖਿਆ ਢਾਚੇ ਵੱਲ ਉਂਗਲ ਕਰ ਰਿਹਾ ਹੈ

ਜਾਣਕਾਰੀ ਅਨੁਸਾਰ ਭਾਵੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬੀ ਮਾਤ ਭਾਸ਼ਾ  (Mother Tongue) ਦੀ ਬਿਹਤਰੀ ਲਈ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਸੂਬੇ ਅੰਦਰ ਬੋਲੀ ਜਾਣ ਵਾਲੀ ਸਾਡੀ ਮਾਂ ਬੋਲੀ ਪੰਜਾਬੀ ਵਿਸ਼ੇ ਵਿਚੋਂ ਪੰਜਾਬ ਦੇ ਭਵਿੱਖ ਦਾ ਅਵੇਸਲਾਪਣ ਡਾਢੀ ਚਿੰਤਾ ਨੂੰ ਦਰਸਾ ਰਿਹਾ ਹੈ। ਇਸ ਵਾਰ ਦਸਵੀਂ ਦੀ ਪ੍ਰੀਖਿਆ ਵਿੱਚ ਪੰਜਾਬੀ ਵਿਸ਼ੇ ਵਿੱਚ 3 ਲੱਖ 30 ਹਜਾਰ 395 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ, ਜਿਸ ਵਿੱਚੋਂ 3 ਲੱਖ 8 ਹਜਾਰ 430 ਵਿਦਿਆਰਥੀ ਪਾਸ ਹੋਏ ਹਨ। ਨਿਰਾਸਾ ਦੀ ਗੱਲ ਇਹ ਹੈ ਕਿ ਇਕੱਲੇ ਪੰਜਾਬੀ ਵਿਸ਼ੇ ਵਿੱਚੋਂ ਹੀ 21 ਹਜਾਰ 965 ਵਿਦਿਆਰਥੀ ਫੇਲ੍ਹ ਹੋਏ ਹਨ।

ਇਸ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਵਿਸ਼ਾ ਵੀ ਵਿਦਿਆਰਥੀਆਂ ਦੀ ਸਮਝ ਤੋਂ ਪਰੇ ਰਿਹਾ ਹੈ। ਇਸ ਵਿਸ਼ੇ ਵਿੱਚ ਕੁੱਲ 42 ਵਿਦਿਆਰਥੀ ਹੀ ਬੈਠੇ ਸਨ ਜਿਨ੍ਹਾਂ ਵਿੱਚੋਂ ਸਿਰਫ਼ 5 ਬੱਚੇ ਹੀ ਪਾਸ ਹੋਏ ਹਨ। ਆਪਣੀ ਮਾਤ ਭਾਸ਼ਾ ਵਿੱਚੋਂ ਹੀ ਹਜਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਸਰਕਾਰਾਂ ਦੀਆਂ ਨੀਤੀਆਂ ਅਤੇ ਸਿੱਖਿਆ ਢਾਚੇ ਵੱਲ ਉਂਗਲ ਕਰ ਰਿਹਾ ਹੈ।

ਦੂਜੇ ਵਿਸ਼ਿਆਂ ਵਿੱਚ ਵੀ ਵਿਦਿਆਰਥੀਆਂ ਦੀ ਸਥਿਤੀ ਮਾੜੀ ਨਜਰ ਆਈ

ਦੂਜੇ ਵਿਸ਼ਿਆਂ ਵਿੱਚ ਵੀ ਵਿਦਿਆਰਥੀਆਂ ਦੀ ਸਥਿਤੀ ਮਾੜੀ ਨਜਰ ਆਈ ਹੈ। ਗਣਿਤ ਵਿਸ਼ੇ ਵਿੱਚੋਂ ਸਭ ਤੋਂ ਵੱਧ 93 ਹਜਾਰ 100 ਸਕੂਲੀ ਬੱਚੇ ਫੇਲ੍ਹ ਹੋਏ ਹਨ। ਇਸ ਵਿਸ਼ੇ ਵਿੱਚ 3 ਲੱਖ 30 ਹਜਾਰ 381 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 2 ਲੱਖ 37 ਹਜਾਰ 281 ਬੱਚੇ ਪਾਸ ਹੋਏ ਹਨ। ਇਸ ਵਿਸ਼ੇ ਵਿੱਚੋਂ ਪਾਸ ਪ੍ਰਤੀਸਤ 71.82 ਰਹੀ ਹੈ। ਇਸ ਤੋਂ ਇਲਾਵਾ ਅੰਗੇਰਜੀ ਵਿਸ਼ਾ ਵੀ ਬੱਚਿਆਂ ਤੇ ਭਾਰੂ ਪਿਆ ਹੈ। ਇਸ ਵਿੱਚ 3 ਲੱਖ 30 ਹਜਾਰ 428 ਬੱਚਿਆ ਨੇ ਪੇਪਰ ਦਿੱਤਾ ਸੀ, ਜਿਸ ਵਿੱਚੋਂ 2 ਲੱਖ 59 ਹਜਾਰ 992 ਵਿਦਿਆਰਥੀ ਸਫਲ ਹੋਏ ਹਨ। ਅੰਗਰੇਜੀ ਵਿੱਚੋਂ 70 ਹਜਾਰ 436 ਸਕੂਲੀ ਵਿਦਿਆਰਥੀ ਫੇਲ੍ਹ ਹੋਏ ਹਨ। ਵਿਗਿਆਨ ਵਿਸ਼ੇ ਵਿੱਚੋਂ 3 ਲੱਖ 30 ਹਜਾਰ 367 ਬੱਚੇ ਪੇਪਰ ਵਿੱਚ ਬੈਠੇ ਸਨ ਅਤੇ 2 ਲੱਖ 60 ਹਜਾਰ 431 ਬੱਚੇ ਪਾਸ ਹੋਏ ਹਨ। ਇਸ ਵਿੱਚੋਂ 69 ਹਜਾਰ 936 ਵਿਦਿਆਰਥੀ ਫੇਲ੍ਹ ਹੋਏ ਹਨ।

 ਇੱਧਰ ਸਮਾਜਿਕ ਸਿੱਖਿਆ ਵਿਸ਼ੇ ਵਿਚ 3 ਲੱਖ 21 ਹਜਾਰ 686 ਬੱਚੇ ਪੇਪਰ ‘ਚ ਬੈਠੇ ਸਨ ਅਤੇ ਪਾਸ 2 ਲੱਖ 74 ਹਜਾਰ 677 ਹੋਏ ਹਨ। ਸਮਾਜਿਕ ਸਿੱਖਿਆ ਵਿਚੋਂ 47 ਹਜਾਰ 9 ਵਿਦਿਆਰਥੀ ਫੇਲ੍ਹ ਹੋਏ ਹਨ।  ਹਿੰਦੀ ਵਿਸ਼ੇ ਵਿੱਚ 3 ਲੱਖ 22 ਹਜਾਰ 89 ਬੱਚੇ ਬੈਠੇ ਸਨ, ਜਿਨ੍ਹਾਂ ਵਿੱਚੋਂ 2 ਲੱਖ 97 ਹਜਾਰ 809 ਵਿਦਿਆਰਥੀ ਪਾਸ ਹੋਏ ਹਨ। ਇਸ ਵਿੱਚੋਂ ਵੀ 24 ਹਜਾਰ 280 ਵਿਦਿਆਰਥੀ ਫੇਲ੍ਹ ਹੋਏ ਹਨ।

ਇਕੱਲੇ ਪੰਜਾਬੀ ਵਿਸ਼ੇ ‘ਚੋਂ ਹੀ 21, 965 ਵਿਦਿਆਰਥੀ ਫੇਲ੍ਹ

ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਨਾਲੋਂ ਸੰਸਕ੍ਰਿਤ ਵਿਸ਼ੇ ਦਾ ਰਿਜਲਟ ਵਧੇਰੇ ਚੰਗਾ ਰਿਹਾ ਹੈ। ਇਸ ਵਿਸ਼ੇ ਵਿੱਚ 11 ਹਜਾਰ 284 ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਜਿਸ ਵਿੱਚੋਂ 11 ਹਜਾਰ 248 ਵਿਦਿਆਰਥੀ ਪਾਸ ਹੋਏ ਹਨ। ਇਸ ਵਿੱਚੋਂ ਸਿਰਫ਼ 36 ਬੱਚੇ ਹੀ ਫੇਲ੍ਹ ਹੋਏ ਹਨ। ਮੁੱਖ ਵਿਸਿਆਂ ਵਿੱਚੋਂ ਵਿਦਿਆਰਥੀਆਂ ਦਾ ਵੱਡੀ ਗਿਣਤੀ ਫੇਲ੍ਹ ਹੋਣਾ ਅਧਿਆਪਕਾਂ ਦੀ ਮਾੜੀ ਕਾਰਗੁਜਾਰੀ ਨੂੰ ਦਰਸਾ ਰਿਹਾ ਹੈ। ਸਰਕਾਰੀ ਸਕੂਲ ਤਾਂ ਮੈਰਿਟ ਲਿਸਟ ‘ਚ ਬੁਰੀ ਤਰ੍ਹਾਂ ਪਸੜੇ ਹਨ।

ਪੰਜਾਬੀ ਪ੍ਰਤੀ ਅਵੇਸਲਾਪਣ ਵਿਦਿਆਰਥੀਆਂ ਦੀ ਕਮਜ਼ੋਰੀ : ਡਾ. ਬਰਾੜ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ:ਰਜਿੰਦਰਪਾਲ ਸਿੰਘ ਬਰਾੜ ਅਡੀਸ਼ਨਲ ਡੀਨ ਕਾਲਜ਼ਿਜ ਨੇ ਪੰਜਾਬੀ ਵਿਸ਼ੇ ਵਿੱਚ ਵਿਦਿਆਰਥੀਆਂ ਦੇ ਫੇਲ੍ਹ ਹੋਣ ਸਬੰਧੀ ਕਾਰਨ ਦੱਸਦਿਆ ਕਿਹਾ ਕਿ ਇੱਕ ਤਾਂ ਬੱਚੇ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਵੱਡਾ ਕਾਰਨ ਹੈ, ਕਿਉਂਕਿ ਪਹਿਲੀਆਂ ਕਲਾਸਾਂ ਵਿੱਚ ਬੱਚੇ ਦਾ ਕੋਈ ਲਿਖਤੀ ਟੈਸਟ ਨਹੀਂ ਹੁੰਦਾ। ਜਦੋਂ ਪਹਿਲੀ ਵਾਰ ਉਹ ਪੇਪਰ ਜਾਂ ਟੈਸਟ ਦਿੰਦਾ ਹੈ ਤਾਂ ਉਸ ਵਿੱਚੋਂ ਲਾਜ਼ਮੀ ਹੈ ਕਿ ਬੱਚੇ ਫੇਲ੍ਹ ਹੋਣਗੇ। ਦੂਜਾ ਕਾਰਨ ਉਨ੍ਹਾਂ ਦੱਸਿਆ ਕਿ ਬੱਚੇ ਨੂੰ ਪੰਜਾਬੀ ਬੋਲਣੀ ਅਤੇ ਸਮਝਣੀ ਤਾ ਘਰੋਂ ਹੀ ਆ ਜਾਂਦੀ ਹੈ,
ਪਰ ਲਿਖਣੀ ਅਤੇ ਪੜ੍ਹਨੀ ਸਕੂਲ ਵਿੱਚ ਸਿਖਾਈ ਜਾਂਦੀ ਹੈ। ਜਦੋਂ ਬੱਚਾ ਲਿਖਣਾ ਜਾਂ ਪੜ੍ਹਨ ਵਿੱਚ ਕਮਜੋਰ ਰਹਿ ਜਾਂਦਾ ਹੈ ਤਾ ਸਮਝੋਂ ਉਹ ਮਾਰ ਖਾ ਜਾਂਦਾ ਹੈ। ਡਾ. ਬਰਾੜ ਨੇ ਕਿਹਾ ਕਿ ਅਗਲਾ ਕਾਰਨ ਮਾਤਾ ਪਿਤਾ ਦਾ ਪੰਜਾਬੀ ਭਾਸ਼ਾ ਪ੍ਰਤੀ ਗੰਭੀਰ ਨਾ ਹੋਣਾ ਹੈ ਕਿਉਂÎਕਿ ਪਰਿਵਾਰ ਬੱਚੇ ਨੂੰ ਅੰਗਰੇਜੀ, ਗਣਿਤ ਜਾਂ ਹੋਰ ਵਿਸ਼ਿਆ ਨੂੰ ਪੜ੍ਹਨ ਲਈ ਜਿਆਦਾ ਜੋਰ ਦਿੰਦਾ ਹੈ, ਪਰ ਪੰਜਾਬੀ ਨੂੰ ਸੌਖੀ ਮੰਨ ਬੈਠਦਾ ਹੈ। ਉਨ੍ਹਾਂ ਕਿਹਾ ਕਿ ਦੇਖਿਆ ਜਾਂਦਾ ਹੈ ਕਿ ਟਾਇਮ ਟੇਬਲ ਅੰਦਰ ਪੰਜਾਬੀ ਦਾ ਪੀਰੀਅਡ ਹਮੇਸ਼ਾ ਅਖਰੀਲੇ ਘੰਟਿਆਂ ਵਿੱਚ ਹੀ ਰੱਖਿਆ ਜਾਂਦਾ ਹੈ ਜੋ ਕਿ ਪੰਜਾਬੀ ਵਿਸ਼ੇ ਪ੍ਰਤੀ ਅਵੇਸਲਾਪਣ ਦਰਸਾਉਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ