ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਡੀ.ਪੀ.ਆਈ. ( ਐ. ਸਿ. ) ਪੰਜਾਬ ਤੋਂ ਜ਼ਿਲ੍ਹਿਆਂ ਅਤੇ ਬਲਾਕ ਦਫ਼ਤਰਾਂ ਨੂੰ ਬਜਟ ਜਾਰੀ ਕਰਨ ਦੀ ਕੀਤੀ ਮੰਗ
ਫਰੀਦਕੋਟ, (ਸੱਚ ਕਹੂੰ ਨਿਊਜ)। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਜੂਨ ਮਹੀਨੇ ਅਤੇ ਇਸ ਤੋਂ ਬਾਅਦ ਦੀਆਂ ਤਨਖਾਹਾਂ ਦੇਣ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ (ਐ. ਸਿ. ) ਪੰਜਾਬ ਦੇ ਦਫਤਰ ਵੱਲੋਂ ਅਜੇ ਤੱਕ ਬਜਟ ਜਾਰੀ ਨਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਜਦੋਂਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 27 ਜੂਨ ਨੂੰ ਪੰਜਾਬ ਦਾ ਬਜਟ ਪੇਸ਼ ਕਰ ਚੁੱਕੇ ਹਨ ਤੇ ਸਮੁੱਚੀ ਵਿਧਾਨ ਸਭਾ ਵੱਲੋਂ 30 ਜੂਨ ਨੂੰ ਇਸ ਬਜਟ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ ।
ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ,ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ ਤੇ ਪ੍ਰਵੀਨ ਕੁਮਾਰ ਲੁਧਿਆਣਾ ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ ,ਵਿੱਤ ਸਕੱਤਰ ਨਵੀਨ ਸੱਚਦੇਵਾ,ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਅਤੇ ਸੁੂਬਾਈ ਸਲਾਹਕਾਰ ਪ੍ਰੇਮ ਚਾਵਲਾ ਨੇ ਦੱਸਿਆ ਹੈ ਕਿ ਡੀ.ਪੀ.ਆਈ. ਐਲੀਮੈਂਟਰੀ ਸਿੱਖਿਆ ਪੰਜਾਬ ਦੇ ਦਫਤਰ ਵੱਲੋਂ ਇਸ ਮਾਮਲੇ ਪ੍ਰਤੀ ਗੰਭੀਰਤਾ ਨਾ ਦਿਖਾਉਂਦੇ ਹੋਏ 12 ਦਿਨ ਲੰਘ ਜਾਣ ਦੇ ਬਾਵਜੂਦ ਅਜੇ ਤੱਕ ਡੀ ਈ ਓ ਦਫਤਰਾਂ ਨੂੰ ਬਜਟ ਜਾਰੀ ਨਹੀਂ ਕੀਤਾ ਗਿਆ ਜਿਸ ਕਾਰਨ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅਜੇ ਤੱਕ ਜੂਨ ਮਹੀਨੇ ਦੀ ਤਨਖਾਹ ਨਹੀਂ ਮਿਲੀ ਤੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।
ਆਗੂਆਂ ਨੇ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਪੰਜਾਬ ਸ੍ਰੀਮਤੀ ਹਰਿੰਦਰ ਕੌਰ ਤੋੰ ਮੰਗ ਕੀਤੀ ਹੈ ਕਿ ਨਿੱਜੀ ਧਿਆਨ ਦੇ ਕੇ ਇਹ ਬਜ਼ਟ ਤੁਰੰਤ ਜ਼ਿਲ੍ਹਾ ਅਤੇ ਬਲਾਕ ਦਫਤਰਾਂ ਨੂੰ ਜਾਰੀ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਨੂੰ ਜੂਨ ਮਹੀਨੇ ਦੀ ਤਨਖਾਹ ਮਿਲਣ ਦਾ ਰਾਹ ਪੱਧਰਾ ਹੋ ਸਕੇ । ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਜਸਪਾਲ ਸੰਧੂ ਜਲੰਧਰ , ਜੀਵਨ ਲਾਲ ਨਵਾਂਸ਼ਹਿਰ , ਨਰਿੰਦਰ ਨੂਰ ਤਰਨਤਾਰਨ , ਜਿੰਦਰ ਪਾਇਲਟ ਤੇ ਸ਼ਿੰਦਰਪਾਲ ਸਿੰਘ ਢਿੱਲੋਂ ਜ਼ਿਲਾ ਪ੍ਰਧਾਨ ਫਰੀਦਕੋਟ ਵੀ ਸ਼ਾਮਲ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ