ਸਿੱਖਿਆ ਵਿਭਾਗ ‘ਤੇ ਲਾਇਆ ਭਰੋਸੇ ਦੇ ਕੇ ਮੁੱਕਰਨ ਦਾ ਦੋਸ਼ਟ
19 ਦਸੰਬਰ ਦੀ ਕੈਬਨਿਟ ਵਿੱਚ ਮੰਗਾਂ ਸਬੰਧੀ ਮਸਲੇ ਹਲ਼ ਹੋਣ ਦਾ ਦਿੱਤਾ ਹੋਇਆ ਸੀ ਭਰੋਸਾ
ਅਸ਼ਵਨੀ ਚਾਵਲਾ/ਚੰਡੀਗੜ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਮੰਤਰੀ ਵਿਜੈਇੰਦਰ ਸਿੰਗਲਾ ‘ਤੇ ਵਿਸ਼ਵਾਸ ਕਰਨ ਵਾਲੇ ਬੇਰੁਜ਼ਗਾਰ ਅਧਿਆਪਕ ਆਪਣੇ-ਆਪ ਨੂੰ ਇੱਕ ਵਾਰ ਫਿਰ ਤੋਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਜਿਸ ਦੇ ਚੱਲਦੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇੱਥੇ ਹੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਵੀ ਮੌਕੇ ‘ਤੇ ਹੀ ਫੂਕਿਆ ਜਾਏਗਾ, ਕਿਉਂਕਿ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦਾ ਇਹ ਵੀ ਦੋਸ਼ ਹੈ ਕਿ ਸਕੱਤਰ ਕ੍ਰਿਸ਼ਨ ਕੁਮਾਰ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪੈਣ ਦੇ ਰਹੇ ਹਨ।
ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਆਗੂਆਂ ‘ਚ ਸੁਖਵਿੰਦਰ ਢਿੱਲਵਾਂ, ਦੀਪਕ ਕੰਬੋਜ਼, ਰਣਦੀਪ ਸੰਗਤਪੁਰਾ ਅਤੇ ਸੰਦੀਪ ਸਾਮਾ ਨੇ ਕਿਹਾ ਕਿ 14 ਦਸੰਬਰ ਨੂੰ ਡਿਪਟੀ-ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ, ਐਸਪੀ ਸ਼ਰਨਜੀਤ ਸਿੰਘ, ਡੀਐੱਸਪੀ ਸੱਤਪਾਲ ਸ਼ਰਮਾ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੀ ਮੀਟਿੰਗ ਦੌਰਾਨ ਡਿਪਟੀ-ਕਮਿਸ਼ਨਰ ਵੱਲੋਂ ਫੋਨ ‘ਤੇ ਯੂਨੀਅਨ ਨੁਮਾਇੰਦਿਆਂ ਦੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਗੱਲ ਕਰਵਾਈ ਗਈ ਸੀ। ਸਿੱਖਿਆ ਮੰਤਰੀ ਅਤੇ ਉੱਚ ਸਿੱਖਿਆ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ 19 ਦਸੰਬਰ ਦੀ ਕੈਬਨਿਟ ਮੀਟਿੰਗ ‘ਚ ਬੇਰੁਜ਼ਗਾਰ ਬੀਐੱਡ ਅਤੇ ਈਟੀਟੀ ਅਧਿਆਪਕਾਂ ਦੀਆਂ ਮੰਗਾਂ ਦਾ ਏਜੰਡਾ ਹਰ ਹੀਲੇ ਲਿਆਂਦਾ ਜਾਵੇਗਾ ਅਤੇ ਵਾਅਦੇ ਮੁਤਾਬਿਕ ਬੀਐੱਡ ਉਮੀਦਵਾਰਾਂ ਲਈ ਗ੍ਰੈਜੂਏਸ਼ਨ ‘ਚੋਂ 55 ਫੀਸਦੀ ਅੰਕਾਂ ਵਾਲੀ ਸ਼ਰਤ ਅਤੇ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਲਾਜ਼ਮੀ ਕੀਤੀ ਗ੍ਰੈਜੂਏਸ਼ਨ ਦੀ ਸ਼ਰਤ ਵਾਪਸ ਲੈ ਲਈ ਜਾਵੇਗੀ ਅਤੇ ਈ. ਟੀ. ਟੀ./ਬੀਐੱਡ ਦੀ ਨਵੀਂ ਭਰਤੀ ਬਾਰੇ ਵੀ ਵਿਚਾਰ ਹੋਵੇਗਾ।
ਤੀਜੀ ਮੀਟਿੰਗ ‘ਚ ਵੀ ਸੁਣਵਾਈ ਨਾ ਹੋਣ ਤੇ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ
ਇਨ੍ਹਾਂ ਦੱਸਿਆ ਕਿ ਇਸ ਭਰੋਸੇ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ 15 ਦਸੰਬਰ ਨੂੰ ਕੀਤਾ ਜਾਣ ਵਾਲਾ ਸਿੱਖਿਆ-ਮੰਤਰੀ ਦੀ ਕੋਠੀ ਦਾ ਘਿਰਾਓ ਵਾਪਸ ਲੈ ਲਿਆ ਸੀ ਪਰ ਹੁਣ ਤੀਜੀ ਕੈਬਨਿਟ ਮੀਟਿੰਗ ‘ਚ ਅਣਗੌਲਿਆਂ ਹੋਣ ਕਾਰਨ ਪੰਜਾਬ ਭਰ ਦੇ ਬੇਰੁਜ਼ਗਾਰ ਅਧਿਆਪਕਾਂ ‘ਚ ਗੁੱਸੇ ਦੀ ਲਹਿਰ ਫੈਲ ਗਈ ਹੈ। ਅਧਿਆਪਕ ਭਰਤੀ ਸ਼ਰਤਾਂ ਦੀ ਸੋਧ ਲਈ ਡੀਪੀਆਈ ਐਲੀਮੈਂਟਰੀ ਇੰਦਰਜੀਤ ਸਿੰਘ ਨੇ ਵੀ 13 ਦਸੰਬਰ ਨੂੰ ਮੁਹਾਲੀ ਬੁਲਾ ਕੇ ਵੀ ਭਰੋਸਾ ਦਿੱਤਾ ਸੀ। ਪਰ 2 ਅਤੇ 4 ਦਸੰਬਰ ਦੀਆਂ ਕੈਬਨਿਟ ਮੀਟਿੰਗਾਂ ਤੋਂ ਬਾਅਦ ਇਸ ਤੀਜੀ ਮੀਟਿੰਗ ‘ਚ ਵੀ ਸੁਣਵਾਈ ਨਾ ਹੋਣ ਕਾਰਨ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲਦਿਆਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਅਸਤੀਫ਼ੇ ਅਤੇ ਕ੍ਰਿਸ਼ਨ ਕੁਮਾਰ ਨੂੰ ਵਿਭਾਗ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਬੇਰੁਜ਼ਗਾਰ ਅਧਿਆਪਕਾਂ ਨੇ 25 ਦਸੰਬਰ ਨੂੰ ਸਿੱਖਿਆ ਮੰਤਰੀ ਦੀ ਸੰਗਰੂਰ ਕੋਠੀ ਅੱਗੇ ਪੰਜਾਬ ਭਰ ਦੀਆਂ ਕਿਸਾਨ,ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਜਿੱਥੇ ਰੁਜ਼ਗਾਰ ਦੇਣ ਤੋ ਭੱਜ ਰਹੀ ਹੈ, ਉਥੇ ਸਿੱਖਿਆ ਮੰਤਰੀ ਅਧਿਆਪਕਾਂ ਲਈ ਭੱਦੀ ਸ਼ਬਦਾਵਲੀ ਵਰਤ ਕੇ ਗੈਰ ਜਿੰਮੇਵਾਰ ਹੋਣ ਦਾ ਸਬੂਤ ਦੇ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।