ਵਰ੍ਹਾ 2020 : ਕਿਸਾਨਾਂ ਅਤੇ ਮਜਦੂਰਾਂ ਦੀ ਹਾਲਤ

ਵਰ੍ਹਾ 2020 : ਕਿਸਾਨਾਂ ਅਤੇ ਮਜਦੂਰਾਂ ਦੀ ਹਾਲਤ

ਵਰਾ 2020 ਨੂੰ ਮਨੁੱਖਤਾ ਲਈ ਸਰਾਪ ਦਾ ਵਰ੍ਹਾ ਕਹਿ ਲੈਣ ਵਿੱਚ ਕੋਈ ਅਤਿਕਥਨੀ ਨਹੀਂ। ਇਸ ਵਰੇ੍ਹ ਮਨੁੱਖਤਾ ’ਤੇ ਕਹਿਰ ਬਣ ਕੇ ਵਰਸੀ ਕੋਰੋਨਾ ਮਹਾਂਮਾਰੀ ਤੋਂ ਅੱਜ ਤੱਕ ਮੁਕਤੀ ਨਹੀਂ ਮਿਲ ਸਕੀ।ਮੁਕਤੀ ਤਾਂ ਕੀ ਮਿਲਣੀ ਹੋਈ ਬਲਕਿ ਇਸ ਵਰੇ੍ਹ ਹੀ ਇਸ ਦੇ ਹੋਰ ਭਿਆਨਕ ਰੂਪ ਧਾਰਨ ਕਰਨ ਦੀਆਂ ਖਬਰਾਂ ਸੁਣਨ ਨੂੰ ਮਿਲਣ ਲੱਗੀਆਂ ਹਨ।ਵਿਸ਼ਵ ਦਾ ਸ਼ਾਇਦ ਹੀ ਕੋਈ ਅਜਿਹਾ ਮੁਲਕ ਹੋਵੇ ਜੋ ਇਸ ਭਿਆਨਕ ਬਿਮਾਰੀ ਦੀ ਮਾਰ ਤੋਂ ਬਚ ਸਕਿਆ ਹੋਵੇ।ਸਿਹਤ ਸਹੂਲਤਾਂ ਪੱਖੋਂ ਕਹਿੰਦੇ ਕਹਾਉਂਦੇ ਮੁਲਕ ਵੀ ਇਸ ਬਿਮਾਰੀ ਦੀ ਭਿਆਨਕਤਾ ਅੱਗੇ ਗੋਡੇ ਟੇਕਦੇ ਨਜ਼ਰ ਆਏ।

ਇਸ ਬਿਮਾਰੀ ਦੀ ਸਭ ਤੋਂ ਜਿਆਦਾ ਮਾਰ ਪਈ ਹੀ ਯੂਰਪ, ਅਮਰੀਕਾ ਅਤੇ ਆਸਟਰੇਲੀਆਂ ਜਿਹੇ ਵਿਕਸਤ ਮਹਾਂਦੀਪਾਂ ’ਤੇ ਹੈ।ਕੋਰਨਾ ਮਹਾਂਮਾਰੀ ਦਾ ਸਹਿਮ ਅਤੇ ਪ੍ਰਭਾਵ ਇਨਸਾਨੀ ਜਾਨਾਂ ’ਤੇ ਬੁਰੀ ਤਰਾਂ ਭਾਰੂ ਪਏ ਹਨ। ਹਜ਼ਾਰਾਂ ਲੋਕ ਇਸ ਬਿਮਾਰੀ ਦੇ ਸਹਿਮ ਤੋਂ ਖੁਦਕੁਸ਼ੀਆਂ ਕਰ ਗਏ।ਜ਼ੇਰੇ ਇਲਾਜ ਹਜ਼ਾਰਾਂ ਵਿਅਕਤੀਆਂ ਦੀ ਮੌਤ ਦਾ ਸਬੱਬ ਵੀ ਇਸ ਬਿਮਾਰੀ ਦਾ ਸਹਿਮ ਹੀ ਬਣਿਆ ਹੈ।ਮਹਾਂਮਾਰੀ ਦੀ ਰੋਕਥਾਮ ਲਈ ਲਗਾਈਆਂ ਪਾਬੰਦੀਆਂ ਵੀ ਹਜ਼ਾਰਾਂ ਇਨਸਾਨਾਂ ਦੀ ਮੌਤ ਦਾ ਸਬੱਬ ਬਣੀਆਂ ਹਨ।ਕਿੰਨੇ ਹੀ ਲੋਕਾਂ ਨੇ ਰੁਜ਼ਗਾਰ ਖੁੱਸਣ ਦੇ ਡਰੋਂ ਖੁਦਕੁਸ਼ੀਆਂ ਕਰ ਲਈਆਂ।

ਮਹਾਂਮਾਰੀ ’ਤੇ ਕਾਬੂ ਲਈ ਸਰਕਾਰਾਂ ਵੱਲੋਂ ਕਰਫਿਊ ਲਗਾ ਕੇ ਲੋਕਾਂ ਦੇ ਘਰਾਂ ਤੋਂ ਬਾਹਰ ਨਿੱਕਲਣ ’ਤੇ ਪਾਬੰਦੀਆਂ ਲਗਾ ਦਿੱਤੀਆਂ।ਇਹ ਪਾਬੰਦੀਆਂ ਜਿਸ ਤਰਾਂ ਮਜ਼ਦੂਰਾਂ ’ਤੇ ਕਹਿਰ ਬਣ ਕੇ ਵਰਸੀਆਂ ਉਹ ਵੀ ਇਤਿਹਾਸ ਦਾ ਦੁਖਦ ਪੰਨਾ ਬਣੇਗਾ।ਸਾਡੇ ਮੁਲਕ ’ਚ ਇਹ ਵਰਤਾਰਾ ਤਕਰੀਬਨ ਸਾਰੇ ਹੀ ਮੁਲਕਾਂ ਤੋਂ ਬੇਹੱਦ ਭਿਆਨਕ ਰਿਹਾ।ਵਪਾਰਿਕ ਅਦਾਰਿਆਂ ਦੀ ਤਾਲਾਬੰਦੀ ਨਾਲ ਲੱਖਾਂ ਮਜਦੂਰਾਂ ਨੂੰ ਢਿੱਡ ਭਰਨ ਦੀ ਚਿੰਤਾ ਸਤਾਉਣ ਲੱਗੀ।ਮਹਾਂਮਾਰੀ ਬਾਰੇ ਬਿਨਾਂ ਚੇਤਨਤਾ ਦੇ ਕੀਤਾ ਪ੍ਰਚਾਰ ਆਮ ਲੋਕਾਂ ’ਚ ਸਹਿਮ ਦਾ ਸੱਬਬ ਬਣਿਆ।ਰੁਜ਼ਗਾਰ ਖੁੱਸਣ ਦੀ ਚਿੰਤਾ ਅਤੇ ਮਹਾਂਮਾਰੀ ਦੇ ਸਹਿਮ ਨੇ ਪ੍ਰਵਾਸੀ ਮਜ਼ਦੂਰਾਂ ਦੇ ਮਨਾਂ ਵਿੱਚ ਅਜਿਹਾ ਖੌਫ ਪੈਦਾ ਕੀਤਾ ਉਹਨਾਂ ਆਪਣੇ ਘਰਾਂ ਵੱਲ ਵਹੀਰਾਂ ਘੱਤ ਦਿੱਤੀਆਂ।

ਘਰਾਂ ਤੋਂ ਦੂਰ ਬੈਠੈ ਪ੍ਰਵਾਸੀ ਕਾਮਿਆਂ ਨੇ ਬਿਨਾਂ ਕਿਸੇ ਆਵਜਾਈ ਵਾਹਨ ਦੀ ਉਡੀਕ ਕੀਤੇ ਕਹਿਰ ਦੀ ਗਰਮੀ ’ਚ ਹਜ਼ਾਰਾਂ ਕਿਲੋਮੀਟਰ ਦੂਰ ਘਰਾਂ ਵੱਲ ਚਾਲੇ ਪਾ ਦਿੱਤੇ। ਮਜਦੂਰ ਪਰਿਵਾਰਾਂ ਦੇ ਬੱਚੇ,ਬਜ਼ੁਰਗ ਅਤੇ ਔਰਤਾਂ ਕਈ ਕਈ ਘੰਟੇ ਲਗਾਤਾਰ ਪੈਦਲ ਤੁਰਦੇ ਰਹੇ।ਕਈ ਕਈ ਦਿਨ ਤੁਰਦੇ ਮਜ਼ਦੂਰ ਪਰਿਵਾਰਾਂ ਕੋਲ ਰਾਸ਼ਨ ਦੀ ਘਾਟ ਪੈਦਾ ਹੋ ਗਈ।ਭੁੱਖ ਨਾਲ ਵਿਲਕਦੇ ਕਿੰਨੇ ਹੀ ਬੱਚੇ ਅਤੇ ਬਜ਼ੁਰਗ ਮੌਤ ਦੇ ਮੂੰਹ ਜਾ ਪਏ।ਪੱਕੀਆਂ ਸੜਕਾਂ ’ਤੇ ਤੁਰਦੇ ਮਜ਼ਦੂਰਾਂ ਦੇ ਪੈਰਾਂ ’ਚ ਛਾਲੇ ਪੈ ਗਏ।ਕਈ ਪਰਿਵਾਰਾਂ ਦੀਆਂ ਬੈਲਗੱਡੀਆਂ ਦੇ ਬਲਦ ਮਰ ਗਏ ਤੇ ਉਨ੍ਹਾਂ ਵੱਲੋਂ ਖੁਦ ਬਲਦ ਦੀ ਥਾਂ ਜੁਟ ਕੇ ਗੱਡੀਆਂ ਖਿੱਚੀਆਂ ਗਈਆਂ। ਸੜਕਾਂ ’ਤੇ ਦੇਸ਼ ਦੀ ਵੰਡ ਵਰਗਾ ਹਿਜ਼ਰਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਸੀ।

ਮਜ਼ਦੂਰਾਂ ਦੇ ਨਾਲ ਨਾਲ ਇਹ ਵਰ੍ਹਾ ਸਾਡੇ ਮੁਲਕ ਦੇ ਕਿਸਾਨਾਂ ਲਈ ਵੀ ਕਿਸੇ ਮੁਸ਼ਕਲਾਂ ਭਰਿਆ ਕਿਹਾ ਜਾ ਸਕਦਾ ਹੈ। ਮਹਾਂਮਾਰੀ ਦੌਰਾਨ ਖੁਦ ਦੀਆਂ ਜਾਨਾਂ ਖਤਰੇ ’ਚ ਪਾ ਕੇ ਦੇਸ਼ ਲਈ ਕਣਕ ਦੇ ਅੰਬਾਰ ਲਗਾਉਣ ਵਾਲੇ ਕਿਸਾਨ ਦਸੰਬਰ ਮਹੀਨੇ ਭੁੱਖੇ ਰਹਿਣ ਲਈ ਮਜ਼ਬੂਰ ਹੋਏ ਪਏ ਹਨ।

ਲੱਖਾਂ ਕਿਸਾਨ ਵਰਦੀ ਸਰਦੀ ’ਚ ਖੁੱਲੇ ਅੰਬਰਾਂ ਹੇਠ ਸੌਣ ਲਈ ਮਜਬੂਰ ਹਨ।ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਖੇਤੀ ਨਾਲ ਸੰਬੰਧਿਤ ਲਾਗੂ ਕੀਤੇ ਕਾਨੂੰਨਾਂ ਦੀ ਵਾਪਸੀ ਲਈ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਅੰਦੋਲਨ ਸਰਕਾਰ ਦੀ ਜ਼ਿੱਦ ਕਾਰਨ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ।ਸੂਬਿਆਂ ’ਚ ਅੰਦੋਲਨ ਕਰਦੇ ਕਿਸਾਨਾਂ ਦੀ ਆਵਾਜ਼ ਨੂੰ ਸਰਕਾਰ ਵੱਲੋਂ ਅਣਗੌਲਿਆਂ ਕੀਤੇ ਜਾਣ ’ਤੇ ਕਿਸਾਨਾਂ ਨੇ ਨਵੰਬਰ ਮਹੀਨੇ ਦੇ ਅਖੀਰਲੇ ਹਫਤੇ ਕੌਮੀ ਰਾਜਧਾਨੀ ਦਿੱਲੀ ਨੂੰ ਅੰਦੋਲਨ ਦਾ ਕੇਂਦਰ ਬਣਾ ਲਿਆ।ਮੁਲਕ ਦੇ ਵੱਖ ਵੱਖ ਸੂਬਿਆਂ ਤੋਂ ਟਰੈਕਟਰਾਂ ਟਰਾਲੀਆਂ ’ਤੇ ਦਿੱਲੀ ਪੁੱਜੇ ਕਿਸਾਨ ਨਵੰਬਰ ਮਹੀਨੇ ਦੇ ਅਖੀਰਲੇ ਹਫਤੇ ਤੋਂ ਸੜਕਾਂ ’ਤੇ ਰਾਤਾਂ ਕੱਟਣ ਲਈ ਮਜਬੂਰ ਹਨ।

ਕਿਸਾਨ ਅਤੇ ਮਜਦੂਰ ਨੂੰ ਹਰ ਸਮਾਜ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ।ਇਹਨਾਂ ਦੋਵਾਂ ਹੀ ਵਰਗਾਂ ਦੇ ਕੰਮ ਹਾਲਾਤ ਬਾਕੀ ਸਭ ਵਰਗਾਂ ਨਾਲੋਂ ਕਿਤੇ ਜਿਆਦਾ ਮੁਸ਼ਕਿਲ ਹੁੰਦੇ ਹਨ।ਮੁਸ਼ਕਿਲ ਹਾਲਾਤਾਂ ’ਚ ਕੰਮ ਕਰਨ ਵਾਲੇ ਇਹਨਾਂ ਵਰਗਾਂ ਤੋਂ ਬਿਨਾਂ ਖੁਸ਼ਹਾਲੀ ਦੀ ਕਾਮਨਾ ਵੀ ਨਹੀਂ ਕੀਤੀ ਜਾ ਸਕਦੀ।ਪਰ ਬਦਕਿਸਮਤੀ ਵੱਸ ਸਾਡੇ ਮੁਲਕ ਵਿੱਚ ਇਹ ਦੋਵੇਂ ਵਰਗ ਹੀ ਹਾਸ਼ੀਏ ’ਤੇ ਧਕੇਲੇ ਹੋਏ ਹਨ।ਕਮਜ਼ੋਰ ਆਰਥਿਕਤਾ ਦੇ ਸਤਾਏ ਦੋਵੇਂ ਹੀ ਵਰਗ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।

ਮਹਾਂਮਾਰੀ ਦੀਆਂ ਪਾਬੰਦੀਆਂ ਦੌਰਾਨ ਸਰਕਾਰਾਂ ਵੱਲੋਂ ਮਜਦੂਰਾਂ ਦੀ ਘਰ ਵਾਪਸੀ ਲਈ ਕੀਤੇ ਯਤਨ ਸਭ ਦੇ ਸਾਹਮਣੇ ਹਨ।ਜੇਕਰ ਸਰਕਾਰਾਂ ਨੇ ਸਮਾ ਰਹਿੰਦੇ ਪ੍ਰਵਾਸੀ ਮਜਦੂਰਾਂ ਨੂੰ ਰੁਜ਼ਗਾਰ ਦਾ ਭਰੋਸਾ ਦਿਵਾਇਆ ਹੁੰਦਾ ਜਾਂ ਫਿਰ ਘਰ ਵਾਪਸੀ ਦੇ ਤਸੱਲੀਬਖਸ਼ ਪ੍ਰਬੰਧ ਕੀਤੇ ਹੁੰਦੇ ਤਾਂ ਮਜਦੂਰਾਂ ਦੀਆਂ ਮੌਤਾਂ ਦਾ ਤਾਂਡਵ ਇੰਨਾ ਜਿਆਦਾ ਭਿਆਨਕ ਹੁੰਦਾ।ਮਜਦੂਰਾਂ ਤੋਂ ਬਾਅਦ ਹੁਣ ਕਿਸਾਨ ਸੜਕਾਂ ’ਤੇ ਰੁਲਣ ਲਈ ਮਜਬੂਰ ਹਨ।

ਅੰਦੋਲਨ ’ਚ ਪਹੁੰਚੇ ਕਿਸਾਨਾਂ ਦੇ ਬੱਚੇ,ਬਜ਼ੁਰਗ ਅਤੇ ਔਰਤਾਂ ਟਰਾਲੀਆਂ ’ਚ ਰਾਤਾਂ ਗੁਜ਼ਾਰ ਰਹੇ ਹਨ।ਨਿੱਤ ਦਿਨ ਕਿਸਾਨਾਂ ਦੀ ਮੋਤ ਦੀਆਂ ਮਨਹੂਸ ਖਬਰਾਂ ਪੜਨ ਸੁਣਨ ਨੂੰ ਮਿਲ ਰਹੀਆਂ ਹਨ। ਸਰਕਾਰਾਂ ਲਈ ਇਸ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਤਕਰੀਬਨ ਪੰਜ ਛੇ ਮਹੀਨੇ ਪਹਿਲਾਂ ਮਜਦੂਰ ਸੜਕਾਂ ’ਤੇ ਦਮ ਤੋੜਨ ਲਈ ਮਜਬੂਰ ਸਨ ਅਤੇ ਹੁਣ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਦਮ ਤੋੜ ਰਹੇ ਹਨ।ਇਸ ਨੂੰ ਬਦਕਿਸਮਤੀ ਦਾ ਸਬੱਬ ਹੀ ਕਿਹਾ ਜਾਵੇ ਜਾਂ ਸਰਕਾਰਾਂ ਦੀ ਨਲਾਇਕੀ ਕਿ ਸਮਾਜ ਦੇ ਦੋਵੇਂ ਹੀ ਅਹਿਮ ਵਰਗ ਸਾਰਾ ਵਰ੍ਹਾ ਦੁਰਗਤੀ ਦਾ ਸ਼ਿਕਾਰ ਹੁੰਦੇ ਰਹੇ।ਕਾਮਨਾ ਕਰਦੇ ਹਾਂ ਕਿ ਨਵੇਂ ਵਰੇ ’ਚ ਇਹਨਾਂ ਦੋਵੇਂ ਵਰਗਾਂ ਸਮੇਤ ਸਮਾਜ ਦੇ ਕਿਸੇ ਵੀ ਵਰਗ ਨੂੰ ਸੜਕਾਂ ’ਤੇ ਨਾ ਰੁਲਣਾ ਪਵੇ।ਨਵੇਂ ਵਰੇ੍ਹ ’ਚ ਸਰਕਾਰਾਂ ਨੂੰ ਆਪਣੇ ਨਾਗਰਿਕਾਂ ਦੇ ਮਨ ਦੀ ਆਵਾਜ਼ ਸੁਣਨ ਦੀ ਜਾਚ ਆ ਜਾਵੇ।
ਮੋਬ: 98786-05965
ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.