ਪਤਨੀ ਨੇ ਕਰਵਾਇਆ ‘ਆਪ’ ਉਮੀਦਵਾਰ ‘ਹਰਵਿੰਦਰ ਹਿੰਦਾ’ ਦਾ ਕਤਲ

Wife, AAP, Candidate, Harvinder Holla, Killed 

ਪੁਲਿਸ ਵੱਲੋਂ 4 ਮੁਲਜ਼ਮ ਗ੍ਰਿਫਤਾਰ, ਇੱਕ ਫਰਾਰ

ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼

ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਗਿੱਲ ਕਲਾਂ ਤੋਂ ਉਮੀਦਵਾਰ ਹਰਵਿੰਦਰ ਸਿੰਘ ਹਿੰਦਾ (42) ਵਾਸੀ ਜੇਠੂ ਕੇ ਦਾ ਕਤਲ ਉਸ ਦੀ ਪਤਨੀ ਨੇ ਕਰਵਾਇਆ ਸੀ। ਪਤਨੀ ਦੇ ਕਥਿਤ ਗੈਰ-ਸਮਾਜਿਕ ਸਬੰਧ ਕਤਲ ਦੇ ਮੁੱਖ ਕਾਰਨ ਹੋਣ ਵਜੋਂ ਸਾਹਮਣੇ ਆਏ ਹਨ। ਜ਼ਿਲ੍ਹਾ ਪੁਲਿਸ ਨੇ ਇਸ ਸਬੰਧੀ ਮ੍ਰਿਤਕ ਦੀ ਪਤਨੀ ਕਿਰਨਪਾਲ ਕੌਰ, ਮੱਖਣ ਰਾਮ ਉਰਫ ਮੱਖਣ ਬਾਬਾ ਵਾਸੀ ਤੇ ਚਮਕੌਰ ਸਿੰਘ ਉਰਫ ਕੌਰੀ ਵਾਸੀਅਨ ਮਾੜੀ ਤੇ ਜੈਮਲ ਸਿੰਘ ਵਾਸੀ ਭੈਣੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਕਤਲ ਦੇ ਮਾਮਲੇ ‘ਚ ਮੁਲਜ਼ਮ ਸੰਦੀਪ ਕੁਮਾਰ ਉਫ ਬੰਟੀ ਪੁੱਤਰ ਦਰਸ਼ਨ ਕੁਮਾਰ ਅਗਰਵਾਲ ਵਾਸੀ ਬਹਿਣੀਵਾਲ ਜ਼ਿਲ੍ਹਾ ਮਾਨਸਾ ਫਰਾਰ ਹੈ, ਜਿਸ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਛਾਪੇਮਾਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋਣ ਕਰਕੇ ਮਾਮਲਾ ਸਿਆਸੀ ਰੰਗਤ ਲੈਣ ਲੱਗਾ ਸੀ। ਵੱਡੇ ਆਪ ਨੇਤਾ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਏ ਸਨ ਖਾਸ ਤੌਰ ‘ਤੇ ਆਪ ਆਗੂ ਅਮਨ ਅਰੋੜਾ ਦੀ ਅਗਵਾਈ ਹੇਠ ਤਾਂ ਪੁਲਿਸ ਥਾਣੇ ਅੱਗੇ ਧਰਨਾ ਦੇਣ ਉਪਰੰਤ ਪੁਲਿਸ ‘ਤੇ ਇਸ ਕਤਲ ਦੀ ਗੁੱਥੀ ਸੁਲਝਾਉਣ ਲਈ ਦਬਾਅ ਬਣਿਆ ਹੋਇਆ ਸੀ।

ਅੱਜ ਬਠਿੰਡਾ ਰੇਂਜ ਦੇ ਆਈਜੀ ਐੱਮ. ਐੱਫ. ਫਾਰੂਕੀ, ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਤੇ ਐੱਸਪੀਡੀ ਸਵਰਨ ਸਿੰਘ ਖੰਨਾ ਨੇ ਇਸ ਵਾਰਦਾਤ ‘ਚ ਪੁਲਿਸ ਨੂੰ ਮਿਲੀ ਸਫਲਤਾ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਹਿੰਦਾ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਕਤਲ ਵਾਲੀ ਰਾਤ ਤਿੰਨ ਵਿਅਕਤੀ ਹਰਵਿੰਦਰ ਨੂੰ ਮਿਲਣ ਉਸ ਦੇ ਘਰ ਆਏ ਸਨ ਜਿਨ੍ਹਾਂ ਹਿੰਦਾ ਨੇ ਪੁਰਾਣੇ ਦੋਸਤ ਦੱਸ ਕੇ ਪਰਿਵਾਰ ਨਾਲ ਮਿਲਵਾਇਆ ਸੀ।

ਇਹ ਵੀ ਕਿਹਾ ਸੀ ਕਿ ਉਹ ਰਾਤ ਨੂੰ ਘਰ ਹੀ ਰਹਿਣਗੇ, ਇਸ ਵਾਸਤੇ ਉਹ ਉੱਪਰਲੀ ਮੰਜ਼ਿਲ ‘ਤੇ ਬਣੇ ਕਮਰੇ ‘ਚ ਸੌਂ ਗਈ ਜਦੋਂ ਉਹ ਸਵੇਰੇ ਉੱਠ ਕੇ ਹੇਠਾਂ ਆਈ ਤਾਂ ਹਿੰਦਾ ਦੀ ਲਾਸ਼ ਖੂਨ ਨਾਲ ਲੱਥਪੱਥ ਬੈੱਡ ‘ਤੇ ਪਈ ਸੀ ਤੇ ਉਸ ਕੋਲ ਆਏ ਵਿਅਕਤੀ ਫ਼ਰਾਰ ਸਨ। ਕਿਰਨਪਾਲ ਕੌਰ ਦੇ ਬਿਆਨਾਂ ‘ਤੇ ਥਾਣਾ ਰਾਮੁਪਰਾ ਸਦਰ ‘ਚ ਤਿੰਨ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਸੀਆਈਏ ਸਟਾਫ (ਟੂ) ਦੇ ਇੰਚਾਰਜ ਤਰਜਿੰਦਰ ਸਿੰਘ ਨੂੰ ਸੌਂਪੀ ਗਈ ਸੀ।

ਪੁਲਿਸ ਪੜਤਾਲ ‘ਚ ਸਾਹਮਣੇ ਆਇਆ ਕਿ ਕਿਰਨਪਾਲ ਕੌਰ ਦੇ ਸੰਦੀਪ ਕੁਮਾਰ ਵਾਸੀ ਬਹਿਣੀਵਾਲ ਨਾਲ ਗੈਰ-ਸਮਾਜਿਕ ਸਬੰਧ ਸਨ ਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਇਸ ਬਾਰੇ ਹਿੰਦਾ ਨੂੰ ਪਤਾ ਲੱਗਾ ਤਾਂ ਦੋਵਾਂ ਜੀਆਂ ਵਿਚਕਾਰ ਕਲੇਸ਼ ਰਹਿਣ ਲੱਗ ਪਿਆ। ਕਿਰਨਪਾਲ ਕੌਰ ਨੇ ਸਮੱਸਿਆ ਦਾ ਹੱਲ ਕਰਨ ਲਈ ਤਾਂਤਰਿਕ ਦਾ ਕੰਮ ਕਰਨ ਵਾਲੇ ਮੱਖਣ ਬਾਬੇ ਦਾ ਸਹਾਰਾ ਲਿਆ।

ਆਉਣ ਜਾਣ ਕਰਕੇ ਕਿਰਨਪਾਲ ਨੇ ਮੱਖਣ ਬਾਬੇ ਨਾਲ ਵੀ ਗੈਰ-ਸਮਾਜੀ ਸਬੰਧ ਬਣਾ ਲਏ ਕਿਰਨਪਾਲ ਨੇ ਮੱਖਣ ਬਾਬੇ ਨਾਲ ਮਿਲ ਕੇ ਪਤੀ ਨੂੰ ਆਪਣੇ ਰਸਤੇ ‘ਚੋਂ ਹਟਾਉਣ ਦੀ ਵਿਉਂਤਬੰਦੀ ਕਰ ਲਈ। ਮੱਖਣ ਬਾਬੇ ਨੇ ਅੱਗਿਓਂ 50-50 ਹਜ਼ਾਰ ਦਾ ਲਾਲਚ ਦੇ ਕੇ ਚਮਕੌਰ ਸਿੰਘ ਤੇ ਜੈਮਲ ਸਿੰਘ ਨੂੰ ਇਸ ਭਰੋਸੇ ‘ਤੇ ਉਹ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਵੇਗਾ, ਰਾਜੀ ਕਰ ਲਿਆ। ਇਸੇ ਸਾਜਿਸ਼ ਤਹਿਤ 9 ਸਤੰਬਰ ਰਾਤ ਨੂੰ ਕਿਰਨਪਾਲ ਕੌਰ ਨੇ ਪਤੀ ਨੂੰ ਨੀਂਦ ਦੀਆਂ ਗੋਲੀਆਂ  ਦੇ ਕੇ ਬੇਹੋਸ਼ ਕਰ ਦਿੱਤਾ।

ਬੇਹੋਸ਼ੀ ਦੀ ਹਾਲਤ ‘ਚ ਮੁਲਜ਼ਮਾਂ ਨੇ ਹਰਵਿੰਦਰ ਸਿੰਘ ਹਿੰਦਾ ਦਾ ਮੂੰਹ ਸਰਹਾਣੇ ਨਾਲ ਬੰਦ ਕਰ ਲਿਆ ਤੇ ਹਾਕੀ ਦੀਆਂ ਸੱਟਾਂ ਮਾਰ ਕੇ ਜਾਨੋਂ ਮਾਰ ਦਿੱਤਾ। ਉਨ੍ਹਾਂ ਕਿਹਾ ਕਿ  ਇਸੇ ਕਾਰਨ ਹੀ ਹਿੰਦਾ ਦੇ ਸਿਰ ‘ਚ ਸੱਟ ਦੇ ਨਿਸ਼ਾਨ ਸਨ ਉਨ੍ਹਾਂ ਦੱਸਿਆ ਕਿ ਪੁਲਿਸ ਹੁਣ ਸੰਦੀਪ ਨੂੰ ਗ੍ਰਿਫਤਾਰ ਕਰੇਗੀ ਜਦੋਂਕਿ ਬਾਕੀਆਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਹਰਵਿੰਦਰ ਹਿੰਦਾ ਮਿਲਣਸਾਰ ਤੇ ਸਮਾਜ ਸੇਵਾ ਦੇ ਕੰਮਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਸੀ। ਉਹ ਆਪਣੇ ਸਮੇਂ ਦਾ ਨਾਮਵਰ ਖਿਡਾਰੀ ਵੀ ਰਿਹਾ ਹੈ ਤੇ ਕਦੇ ਕਿਸੇ ਨਾਲ ਲੜਾਈ ਝਗੜਾ ਕਰਦਾ ਨਹੀਂ ਸੀ ਦੇਖਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।