ਪੁਲਿਸ ਦੇ ਬੈਰੀਕੇਡ ਤੋੜ ਕੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਪੁੱਜੇ ਪ੍ਰਦਰਸ਼ਨਕਾਰੀ

ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ

ਸੁਖਜੀਤ ਮਾਨ, ਬਠਿੰਡਾ। ਬਠਿੰਡਾ ’ਚ ਲੱਗਦੇ ਧਰਨੇ ਪ੍ਰਦਰਸ਼ਨ ਪੁਲਿਸ ਲਈ ਵੱਡੀ ਚੁਣੌਤੀ ਬਣਦੇ ਹਨ ਜਦੋਂ ਪ੍ਰਦਰਸ਼ਨਕਾਰੀ ਰੋਹ ’ਚ ਆ ਕੇ ਵਿੱਤ ਮੰਤਰੀ ਦੇ ਦਫ਼ਤਰ ਵੱਲ ਵਹੀਰਾਂ ਘੱਤਦੇ ਨੇ ਤਾਂ ਪੁਲਿਸ ਲਈ ਹੋਰ ਵੀ ਮੁਸ਼ਕਿਲ ਖੜ੍ਹੀ ਹੋ ਜਾਂਦੀ ਹੈ ਅੱਜ ਉਸ ਵੇਲੇ ਵੀ ਪੁਲਿਸ ਦੇ ਬੈਰੀਕੇਡ ਪ੍ਰਦਰਸ਼ਨਕਾਰੀਆਂ ਦਾ ਰੋਹ ਨਹੀਂ ਰੋਕ ਸਕੇ ਜਦੋਂ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਅਧਿਆਪਕ ਮੋਰਚੇ ਦੇ ਬੈਨਰ ਹੇਠ ਰੋਜ ਗਾਰਡਨ ਕੋਲੋਂ ਚੱਲੇ ਸੈਂਕੜੇ ਪ੍ਰਦਰਸ਼ਨਕਾਰੀ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਪੁੱਜ ਗਏ ਪੁਲਿਸ ਵੱਲੋਂ ਭਾਵੇਂ ਸਖਤ ਬੈਰੀਕੇਡਿੰਗ ਕੀਤੀ ਗਈ ਸੀ ਪਰ ਪ੍ਰਦਰਸ਼ਨਕਾਰੀਆਂ ਦੇ ਰੋਹ ਅੱਗੇ ਉਹ ਛੋਟੀ ਸਾਬਤ ਹੋਈ।

ਵੇਰਵਿਆਂ ਮੁਤਾਬਕ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਮਿਲਕੇ ਅੱਜ ਸੂਬੇ ਭਰ ਵਿੱਚ ’ਚ 12 ਮੰਤਰੀਆਂ ਦੇ ਘਰਾਂ ਅੱਗੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ ਭੱਤਿਆਂ ਆਦਿ ’ਚ ਵਾਧਾ ਕਰਨ ਦੀ ਥਾਂ ਕਟੌਤੀ ਕਰਨ, ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਸਮੇਤ ਹੋਰ ਮੰਗਾਂ ਲਈ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਹਿਤ ਬਠਿੰਡਾ ਵਿਖੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਤਿੱਖਾ ਰੋਸ ਜ਼ਾਹਰ ਕੀਤਾ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ 29 ਜੁਲਾਈ ਨੂੰ ਪਟਿਆਲਾ ਵਿਖੇ ਪੰਜਾਬ-ਯੂ.ਟੀ. ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਵਿਚ ਹੋਣ ਜਾ ਰਹੀ ‘ਹੱਲਾ ਬੋਲ’ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ’ਚ ਸਮੂਹਿਕ ਛੁੱਟੀ ਲੈ ਕੇ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ। ਵਿੱਤ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਨ ਤੋਂ ਪਹਿਲਾਂ ਰੋਜ ਗਾਰਡਨ ਕੋਲ ਓਵਰ ਬਰਿੱਜ ਹੇਠਾਂ ਇਕੱਠੇ ਹੋਏ ਮੁਲਾਜਮ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਰੋਸ ਪ੍ਰਦਰਸ਼ਨ ਸਮੂਹ ਕੱਚੇ, ਠੇਕਾ ਆਧਾਰਤ,ਮਾਣ ਭੱਤਾ ਵਾਲੇ, ਡੇਲੀਵੇਜ਼ ਅਤੇ ਇਨਲਿਸਟਮੈਂਟ ਮੁਲਾਜਮਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਮੇਂ ਸਾਲ 2011 ਦੌਰਾਨ ਅਨਾਮਲੀ ਕਮੇਟੀ ਵੱਲੋਂ ਮੁਲਾਜਮਾਂ ਦੀਆਂ 24 ਕੈਟਾਗਰੀਆਂ ਅਤੇ ਕੈਬਨਿਟ ਸਬ ਕਮੇਟੀ ਰਾਹੀਂ 239 ਕੈਟਾਗਰੀਆਂ ਨੂੰ ਮਿਲੇ ਵਾਧੇ ਬਰਕਰਾਰ ਰੱਖਦਿਆਂ, ਮੈਰੀਟੋਰੀਅਸ/ਆਦਰਸ਼ ਸਕੂਲਾਂ ਨੂੰ ਵਿਭਾਗ ਵਿੱਚ ਮਰਜ ਕਰਦਿਆਂ ਸਮੁੱਚਾ ਸਟਾਫ ਰੈਗੂਲਰ ਕਰਨਾ, ਪਰਖ ਸਮਾਂ ਐਕਟ ਰੱਦ ਕਰਕੇ 15-01-15 ਤੋਂ ਪੂਰੇ ਭੱਤੇ, ਸਲਾਨਾ ਵਾਧੇ, ਕੇਂਦਰ ਸਰਕਾਰ ਦੀ ਨਿੱਜੀਕਰਨ ਪੱਖੀ ਸਿੱਖਿਆ ਨੀਤੀ-2020 ਦਾ ਪੰਜਾਬ ਵਿੱਚ ਅਮਲ ਬੰਦ ਹੋਵੇ ਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ ਲਈ ਕੀਤਾ ਗਿਆ।

ਅੱਜ ਦੇ ਇਸ ਰੋਸ ਪ੍ਰਦਰਸ਼ਨ ਨੂੰ ਦਰਸ਼ਨ ਸਿੰਘ ਮੌੜ, ਇਕਬਾਲ ਸਿੰਘ ਜਿਲ੍ਹਾ ਪ੍ਰਧਾਨ ਸੀ ਪੀ ਐਫ ਕਰਮਚਾਰੀ ਯੂਨੀਅਨ ਬਠਿੰਡਾ, ਸੁਖਦਰਸਨ ਸਿੰਘ ਬੀ ਐਡ ਫਰੰਟ ,ਮੱਖਣ ਸਿੰਘ ਖਣਗਵਾਲ,ਕਿਸ਼ੋਰ ਚੰਦ ਗਾਜ,ਗਗਨਦੀਪ ਸਿੰਘ ਪੈਰਾਮੈਡੀਕਲ,ਜਗਪਾਲ ਸਿੰਘ,ਪਰਮਿੰਦਰ ਸਿੰਘ,ਕੁਲਵਿੰਦਰ ਸਿੰਘ ਬਾਠ,ਸਿਕੰਦਰ ਧਾਲੀਵਾਲ, ਮਨਜੀਤ ਸਿੰਘ, ਬੇਅੰਤ ਸਿੰਘ, ਬਲਰਾਜ ਮੌੜ,ਸਵਰਨਜੀਤ ਕੌਰ ਸਟਾਫ ਨਰਸ ਐਸੋਸ਼ੀਏਸ਼ਨ, ਵਿਜੈ ਕੁਮਾਰ ਅਧਿਆਪਕ ਮੋਰਚਾ ਆਦਿ ਨੇ ਸੰਬੋਧਿਤ ਕੀਤਾ

ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਕਾਲੇ ਚੋਲੇ ਪਾ ਕੇ ਹੋਏ ਪ੍ਰਦਰਸ਼ਨ ’ਚ ਸ਼ਾਮਲ

ਇਸ ਰੋਸ ਪ੍ਰਦਰਸ਼ਨ ’ਚ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਕਾਲੇ ਚੋਲੇ ਪਾ ਕੇ ਪੰਜਾਬ ਸਰਕਾਰ ਖਿਲਾਫ ਆਪਣਾ ਗੁੱਸਾ ਪ੍ਰਗਟਾਇਆ ਗਿਆ। ਮੈਰੀਟੋਰੀਅਸ ਸਕੂਲਜ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬਾਠ ਨੇ ਕਿਹਾ ਕਿ ਮੈਰੀਟਰੀਅਸ ਸਕੂਲਾਂ ਦਾ ਟੀਚਿੰਗ ਸਟਾਫ ਪਿਛਲੇ ਸੱਤ ਸਾਲਾਂ ਤੋਂ ਠੇਕੇ ਦੀ ਨੌਕਰੀ ਦਾ ਸੰਤਾਪ ਭੋਗ ਰਿਹਾ ਹੈ। ਰੈਗੂਲਰ ਕਰਨ ਲਈ ਬਣਾਈ ਗਈ ਪਾਲਿਸੀ ਵਿੱਚ ਕਲਿੱਕ ਕਰਵਾ ਕੇ ਵੀ ਰੈਗੂਲਰ ਕਰਨ ਲਈ ਵਿਚਾਰਿਆ ਤੱਕ ਨਹੀਂ ਗਿਆ । ਉਹਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਉਹ ਆਪਣੇ ਸੰਘਰਸ ਨੁੰ ਹੋਰ ਤਿੱਖਾ ਕਰਨਗੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।