ਨਗਰ ਨਿਗਮ ਚੋਣਾਂ : ਟਿਕਟ ਦੇ ਦਾਅਵੇਦਾਰਾਂ ਵੱਲੋਂ ਜੋਰ ਅਜ਼ਮਾਈ ਸ਼ੁਰੂ

ਆਮ ਆਦਮੀ ਪਾਰਟੀ ਵੱਲੋਂ ਕਰਵਾਇਆ ਜਾ ਰਿਹੈ ਸਰਵੇ, ਸਰਵੇ ’ਚ ਫਿੱਟ ਬੈਠਣ ਵਾਲਿਆਂ ਨੂੰ ਮਿਲੇਗੀ ਟਿਕਟ | Municipal Elections

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨਗਰ ਨਿਗਮ ਪਟਿਆਲਾ ਅੰਦਰ ਚੋਣਾਂ (Municipal Elections) ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਿੱਚ ਟਿਕਟ ਦੇ ਦਾਅਵੇਦਾਰਾਂ ਵੱਲੋਂ ਜੋਰ ਅਜ਼ਮਾਈ ਸ਼ੁਰੂ ਕਰ ਦਿੱਤੀ ਗਈ ਹੈ। ਆਲਮ ਇਹ ਹੈ ਟਿਕਟਾਂ ਲਈ ਸਭ ਤੋਂ ਵੱਡਾ ਪੇਚ ਸੱਤਾ ਧਿਰ ਆਮ ਆਦਮੀ ਪਾਰਟੀ ਵਿੱਚ ਫਸੇਗਾ। ਇੱਧਰ ਪਤਾ ਲੱਗਾ ਹੈ ਕਿ ਪਾਰਟੀ ਵੱਲੋਂ ਹਰੇਕ ਵਾਰਡ ਵਿੱਚੋਂ ਸਰਵੇ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਦਾਅਵੇਦਾਰ ਇਸ ਸਰਵੇ ਦੇ ਢਾਂਚੇ ’ਚ ਫਿੱਟ ਬੈਠੇਗਾ, ਉਸ ਨੂੰ ਟਿਕਟ ਦੀ ਲਾਟਰੀ ਲੱਗੇਗੀ।

ਜਾਣਕਾਰੀ ਅਨੁਸਾਰ ਅਗਲੇ ਮਹੀਨੇ ਨਿਗਮ ਦੀਆਂ ਚੋਣਾਂ ਕਰਵਾਉਣ ਨੂੰ ਲੈ ਕੇ ਸਰਕਾਰ ਵੱਲੋਂ ਕਮਰਕੱਸ ਲਈ ਗਈ ਹੈ ਤੇ ਪ੍ਰਸ਼ਾਸਨ ਵੱਲੋਂ ਵੋਟਰ ਸੂਚੀਆਂ ਬਣਾਉਣ ਲਈ ਤਿਆਰੀ ਵਿੱਢ ਦਿੱਤੀ ਗਈ ਹੈ। ਪਟਿਆਲਾ ਨਗਰ ਨਿਗਮ ਅਧੀਨ 60 ਵਾਰਡ ਆਉਂਦੇ ਹਨ ਤੇ ਇਨ੍ਹਾਂ ਵਾਰਡਾਂ ’ਚੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਬਣਨ ਵਾਲਿਆਂ ਦੀ ਵੀ ਲਾਈਨ ਲੰਮੀ ਦਿਖਾਈ ਦੇ ਰਹੀ ਹੈ। ਪੰਜਾਬ ਅੰਦਰ ਪਹਿਲੀ ਵਾਰ ਸੱਤਾ ’ਚ ਆਈ ਆਮ ਆਦਮੀ ਪਾਰਟੀ ਦਾ ਪਹਿਲਾ ਮੇਅਰ ਬਣਨ ਵਾਲੇ ਵੀ ਆਪਣੇ ਵੱਲੋਂ ਤਿਕੜੱਮ ਲਾਉਣ ’ਚ ਲੱਗੇ ਹੋਏ ਹਨ। ਸਰਕਾਰ ਵੱਲੋਂ ਪਟਿਆਲਾ ਦੀ ਪਿਛਲੀ ਵਾਰਡਬੰਦੀ ਦੀ ਥਾਂ ਨਵੀਂ ਵਾਰਡਬੰਦੀ ਲਿਆਂਦੀ ਗਈ ਹੈ, ਜਿਸ ਵਿੱਚ ਆਪਣੇ ਅਨੁਸਾਰ ਵੋਟਰਾਂ ਨੂੰ ਫਿੱਟ ਕਰਨ ਦਾ ਯਤਨ ਕੀਤਾ ਗਿਆ ਹੈ।

ਕਾਂਗਰਸ ਤੇ ਬੀਜੇਪੀ ਲਈ ਨਿਗਮ ਚੋਣਾਂ ਹੋਣਗੀਆਂ ਚੁਣੌਤੀ

ਇਸ ਵਾਰਡਬੰਦੀ ਖਿਲਾਫ਼ ਭਾਵੇਂ ਹਾਈਕੋਰਟ ’ਚ ਵੀ ਪਹੁੰਚ ਹੋਈ ਸੀ ਪਰ ਕੋਰਟ ਵੱਲੋਂ ਪਟਸੀਨ ਖਾਰਜ਼ ਕਰ ਦਿੱਤੀ ਗਈ। ਨਗਰ ਨਿਗਮ ਚੋਣਾਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਲਈ ਵੀ ਚੁਣੌਤੀ ਸਾਬਤ ਹੋਣਗੀਆਂ ਕਿਉਂਕਿ ਕਾਂਗਰਸ ਨੂੰ ਆਪਣਾ ਵਜੂਦ ਬਚਾਉਣ ਲਈ ਕਾਫ਼ੀ ਜੱਦੋਂ ਜਹਿਦ ਕਰਨੀ ਪਵੇਗੀ ਜਦਕਿ ਭਾਰਤੀ ਜਨਤਾ ਪਾਰਟੀ ਅੰਦਰ ਮੋਤੀ ਮਹਿਲਾ ਵਾਲਿਆਂ ਦਾ ਵਕਾਰ ਵੀ ਦਾਅ ’ਤੇ ਲੱਗੇਗਾ। ਪਟਿਆਲਾ ਅੰਦਰ ਜਿਆਦਾਤਰ ਕਾਂਗਰਸੀ ਮੋਤੀ ਮਹਿਲਾ ਵਾਲਿਆਂ ਨਾਲ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ, ਜਿਸ ਕਾਰਨ ਇਨ੍ਹਾਂ ਦੋਵਾਂ ਪਾਰਟੀਆਂ ਲਈ ਟਿਕਟਾਂ ਵਾਲੇ ਨਵੇਂ ਚਿਹਰੇ ਲੱਭਣੇ ਪੈਣਗੇ।

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਵੇਂ ਹੀ ਚੋਣਾਂ ਦੀ ਤਾਰੀਖ ਨੇੜੇ ਆਵੇਗੀ ਤਾਂ ਆਮ ਆਦਮੀ ਪਾਰਟੀ ਵਿੱਚ ਦੋਹਾਂ ਪਾਰਟੀਆਂ ਦੇ ਵਰਕਰ ਅਤੇ ਆਗੂ ਵੀ ਸ਼ਾਮਲ ਹੋ ਸਕਦੇ ਹਨ। ਆਮ ਆਦਮੀ ਪਾਰਟੀ ਵਿੱਚ ਪਹਿਲਾਂ ਹੀ ਦੂਜੀਆਂ ਪਾਰਟੀਆਂ ’ਚੋਂ ਆਏ ਆਗੂ ਵੀ ਟਿਕਟ ਦੀ ਦੌੜ ਵਿੱਚ ਜੋਰ ਅਜ਼ਮਾਈ ਕਰਨਗੇ।

ਨਿਗਮ ਚੋਣਾਂ ਸਬੰਧੀ ਆਗੂਆਂ ਤੇ ਵਰਕਰਾਂ ’ਚ ਭਾਰੀ ਉਤਸ਼ਾਹ: ਤੇਜਿੰਦਰ ਮਹਿਤਾ

Municipal Elections

ਇੱਧਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਜਿੱਤਣ ਵਾਲੇ ਯੋਗ ਵਿਅਕਤੀਆਂ ਨੂੰ ਟਿਕਟ ਦਿੱਤੀ ਜਾਵੇਗੀ ਤੇ ਇਸ ਸਬੰਧੀ ਸਰਵੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ’ਚ ਨਿਗਮ ਚੋਣਾਂ ਸਬੰਧੀ ਭਾਰੀ ਉਤਸ਼ਾਹ ਹੈ ਤੇ ਪਟਿਆਲਾ ਨਿਗਮ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਅਧਾਰ ’ਤੇ ਆਪ ਦਾ ਹੀ ਝੰਡਾ ਲਹਿਰਾਏਗਾ। ਮਹਿਤਾ ਨੇ ਕਿਹਾ ਕਿ ਪਾਰਟੀ ਵੱਲੋਂ ਜਿਸ ਨੂੰ ਵੀ ਟਿਕਟ ਦੇ ਕੇ ਨਵਾਜਿਆ ਜਾਵੇਗਾ, ਪਾਰਟੀ ਵਰਕਰ ਤੇ ਆਗੂ ਉਸੇ ਲਈ ਦਿਨ ਰਾਤ ਡਟਣਗੇ।

ਵਿਧਾਨ ਸਭਾ ਸੈਸ਼ਨ ’ਚ ਕਾਂਗਰਸ ਭਾਗ ਲਵੇਗੀ ਜਾਂ ਨਹੀਂ, ਫੈਸਲਾ ਅੱਜ