ਪਟਿਆਲਾ ਦੀ ਧੀ ਮੰਨਤ ਕਸਅੱਪ ਆਪਣੀ ਸਪਿੱਨ ਗੇਦਬਾਜ਼ੀ ਰਾਹੀਂ ਨਚਾਵੇਗੀ ਵਿਰੋਧੀ ਟੀਮਾਂ ਨੂੰ

ਮੰਨਤ ਕਸੱਅਪ ਦੀ ਮਹਿਲਾਵਾਂ ਦੇ ਅੰਡਰ-19 ਭਾਰਤੀ ਕ੍ਰਿਕਟ ਟੀਮ ਵਿੱਚ ਹੋਈ ਚੋਣ

 ਬਾਰ੍ਹਵੀਂ ਜਮਾਤ ’ਚ ਪੜ੍ਹਦੀ ਮੰਨਤ 10 ਸਾਲਾਂ ਤੋਂ ਕਰ ਰਹੀ ਕ੍ਰਿਕਟ ’ਚ ਮਿਹਨਤ


(ਖੁਸ਼ਵੀਰ ਸਿੰਘ ਤੂਰ) ਪਟਿਆਲਾ।
ਸ਼ਾਹੀ ਸ਼ਹਿਰ ਪਟਿਆਲਾ ਦੀ ਧੀ ਮੰਨਤ ਕਸੱਅਪ ਔਰਤਾਂ ਦੇ ਅੰਡਰ-19 ਕ੍ਰਿਕਟਟ ਵਰਲਡ ਕੱਪ (Under-19 Cricket Team) ਵਿੱਚ ਵਿਰੋਧੀ ਟੀਮਾਂ ਨੂੰ ਆਪਣੀ ਸਪਿੱਨ ਗੇਂਦ ਰਾਹੀਂ ਨਚਾਵੇਗੀ। ਮੰਨਤ ਕਸੱਅਪ ਦੀ ਭਾਰਤੀ ਅੰਡਰ-19 ਟੀਮ ਵਿੱਚ ਚੋਣ ਹੋਣ ਤੋਂ ਬਾਅਦ ਉਸਦੇ ਮਾਪਿਆਂ ਸਮੇਤ ਪਟਿਆਲਵੀਆਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇੱਧਰ ਅੱਜ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵੀ ਮੰਨਤ ਅਤੇ ਉਸਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ।

ਲੜਕੀ ਹੋਣ ਕਾਰਨ ਉਸ ਨੂੰ ਕੋਈ ਖਿਡਾਉਂਦਾ ਨਹੀਂ ਸੀ

ਜਾਣਕਾਰੀ ਅਨੁਸਾਰ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੀ ਮੰਨਤ ਕਸੱਅਪ ਪਿਛਲੇ 10 ਸਾਲਾਂ ਤੋਂ ਕ੍ਰਿਕਟ ’ਚ ਦਿਨ-ਰਾਤ ਮਿਹਨਤ ਕਰ ਰਹੀ ਹੈ। ਭਾਵੇਂ ਉਸ ਨੂੰ ਸ਼ੁਰੂਆਤੀ ਸਮੇਂ ਦੌਰਾਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਮੰਨਤ ਅਤੇ ਉਸਦੇ ਪਰਿਵਾਰ ਨੇ ਹਿੰਮਤ ਨਾ ਹਾਰੀ। ਆਖਰ ਉਸਦਾ ਭਾਰਤੀ ਟੀਮ ਲਈ ਕ੍ਰਿਕਟ ਵਰਲਡ ਕੱਪ ਵਿੱਚ ਖੇਡਣ ਦਾ ਸੁਪਨਾ ਪੂਰਾ ਹੋ ਗਿਆ, ਜੋ ਕਦੇਂ ਪ੍ਰੈਕਟਿਸ ਦੌਰਾਨ ਉਸਨੇ ਦੇਖਿਆ ਸੀ।

ਇਸ ਪੱਤਰਕਾਰ ਨਾਲ ਗੱਲ ਕਰਦਿਆਂ ਮੰਨਤ ਕਸੱਅਪ ਨੇ ਦੱਸਿਆ ਕਿ ਉਹ ਪੰਜਵੀਂ ਕਲਾਸ ਵਿੱਚ ਪੜ੍ਹਦੀ ਸੀ ਅਤੇ ਉਸ ਸਮੇਂ ਉਸਦੀ ਉਮਰ ਮਹਿਜ 10 ਸਾਲ ਦੀ ਸੀ ਜਦੋਂ ਤੋਂ ਉਹ ਕ੍ਰਿਕਟ ਖੇਡ ਰਹੀ ਹੈ। ਉਸਨੇ ਦੱਸਿਆ ਕਿ ਉਸਨੂੰ ਕ੍ਰਿਕਟ ਖੇਡ ਨਾਲ ਬਹੁਤ ਪਿਆਰ ਹੈ ਅਤੇ ਉਸਦੇ ਕ੍ਰਿਕਟ ਪ੍ਰਤੀ ਸ਼ੌਕ ਨੂੰ ਦੇਖਦਿਆਂ ਉਸਦੇ ਮਾਪਿਆਂ ਨੇ ਵੀ ਉਸਦਾ ਪੂਰਾ ਸਾਥ ਦਿੱਤਾ। ਉਸਨੇ ਦੱਸਿਆ ਕਿ ਭਾਵੇਂ ਸ਼ੁਰੂ ਵਿੱਚ ਜਦੋਂ ਉਹ ਕ੍ਰਿਕਟ ਲਈ ਪ੍ਰੈਕਟਿਸ ਕਰਦੀ ਸੀ ਤਾਂ ਲੜਕੀ ਹੋਣ ਕਾਰਨ ਉਸ ਨੂੰ ਕੋਈ ਖਿਡਾਉਂਦਾ ਨਹੀਂ ਸੀ ਅਤੇ ਉਸ ਨੂੰ ਲੜਕੀ ਹੋਣ ਕਾਰਨ ਕੋਚਿੰਗ ਲਈ ਵੀ ਕਾਫ਼ੀ ਦਿੱਕਤਾਂ ਆਈਆਂ।

ਪਰਿਵਾਰਕ ਮੈਂਬਰਾਂ ਵੱਲੋਂ ਆਪਣੀ ਬੇਟੀ ਦੀ ਚੋਣ ’ਤੇ ਭਾਰੀ ਖੁਸ਼ੀ

ਮੰਨਤ ਕਹਿੰਦੀ ਹੈ ਕਿ ਉਹ ਸਪਿੱਨ ਗੇਂਦਬਾਜ਼ੀ ਕਰਦੀ ਹੈ ਪਰ ਉਹ ਬੈਟਿੰਗ ਵੀ ਪੂਰੀ ਇਕਾਗਰਤਾ ਨਾਲ ਕਰਦੀ ਹੈ। ਮੰਨਤ ਨੇ ਦੱਸਿਆ ਕਿ ਅੰਡਰ-19 ਵਰਲਡ ਕੱਪ ਜੋ ਕਿ ਸਾਊਥ ਅਫ਼ਰੀਕਾ ਵਿਖੇ ਹੋ ਰਿਹਾ ਹੈ, ਲਈ ਉਸਦੀ ਭਾਰਤੀ ਟੀਮ ਵਿੱਚ ਚੋਣ ਹੋਈ ਹੈ। ਇਸ ਤੋਂ ਪਹਿਲਾਂ ਮੁੰਬਈ ਵਿਖੇ ਨਿਊਜੀਲੈਂਡ ਟੀਮ ਨਾਲ ਟੀ-20 ਸੀਰੀਜ਼ ਹੋ ਰਹੀ ਹੈ, ਜਿੱਥੇ ਕਿ ਉਹ ਆਪਣੀ ਖੇਡ ਦਿਖਾਵੇਗੀ। ਉਸ ਨੇ ਦੱਸਿਆ ਕਿ ਆਪਣੀ ਖੇਡ ਦੀ ਬਦਲੌਤ ਉਸਦਾ ਮੁੱਖ ਟੀਚਾ ਸੀਨੀਅਰ ਭਾਰਤੀ ਟੀਮ ਵਿੱਚ ਥਾਂ ਬਣਾਉਣਾ ਹੈ। ਮੰਨਤ ਦੇ ਪਿਤਾ ਸੰਜੀਵ ਕੱਸਅਪ ਸਮੇਤ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੀ ਬੇਟੀ ਦੀ ਚੋਣ ’ਤੇ ਭਾਰੀ ਖੁਸ਼ੀ ਪ੍ਰਗਟ ਕੀਤੀ ਗਈ ਅਤੇ ਉਸਦੀ ਮਿਹਨਤ ਨੂੰ ਸਰਾਹਿਆ ਗਿਆ।

ਆਪਣਾ ਨਾਮ ਆਉਣ ’ਤੇ ਨਹੀਂ ਹੋਇਆ ਵਿਸ਼ਵਾਸ

ਮੰਨਤ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਉਹ ਮੁੰਬਈ ਤੋਂ ਪਟਿਆਲਾ ਲਈ ਵਾਪਸ ਪਰਤ ਰਹੀ ਸੀ ਤਾਂ ਟੀਮ ਦੀ ਸਿਲੈਕਸ਼ਨ ਦੌਰਾਨ ਜਦੋਂ ਉਸਦਾ ਨਾਮ ਆਇਆ ਤਾਂ ਉਸ ਨੂੰ ਵਿਸ਼ਵਾਸ ਹੀ ਨਾ ਹੋਇਆ। ਉਸ ਨੇ ਏਅਰਪੋਰਟ ਤੋਂ ਹੀ ਆਪਣੇ ਪਿਤਾ ਨੂੰ ਫੋਨ ਕਰਕੇ ਚੈੱਕ ਕਰਨ ਸਬੰਧੀ ਕਿਹਾ ਤਾਂ ਪਿਤਾ ਦਾ ਫੋਨ ਆਇਆ ਕਿ ਤੇਰਾ ਹੀ ਨਾਮ ਹੈ। ਉਸ ਨੇ ਦੱਸਿਆ ਕਿ 600 ਲੜਕੀਆਂ ਵਿੱਚੋਂ ਉਸਦੀ ਚੋਣ ਹੋਈ ਹੈ, ਜੋ ਕਿ ਉਸ ਲਈ ਫਖਰ ਵਾਲੀ ਗੱਲ ਹੈ। ਮੰਨਤ ਦੀ ਕੋਚ ਜੂਹੀ ਜੈਨ ਨੇ ਕਿਹਾ ਕਿ ਉਸ ਭਾਰਤੀ ਟੀਮ ਵਿੱਚ ਚੋਣ ਇਸ ਵੱਲੋਂ ਦਿਨ-ਰਾਤ ਕੀਤੀ ਗਈ ਮਿਹਨਤ ਦਾ ਹੀ ਫਲ ਹੈ।

ਡਿਪਟੀ ਕਮਿਸ਼ਨਰ ਨੇ ਮੰਨਤ ਨੂੰ ਦਿੱਤੀ ਮੁਬਾਰਕਬਾਦ

ਮੰਨਤ ਦੀ ਚੋਣ ਸਬੰਧੀ ਅੱਜ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਮੰਨਤ ਸਮੇਤ ਉਸਦੇ ਮਾਤਾ-ਪਿਤਾ ਨਾਲ ਮੁਲਾਕਾਤ ਕਰਦਿਆਂ ਉਸਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਮੰਨਤ ਵੱਲੋਂ ਇੱਥੇ ਹੀ ਆਪਣੀ ਪੜ੍ਹਾਈ ਕੀਤੀ ਜਾ ਰਹੀ ਹੈ ਅਤੇ ਇੱਥੇ ਹੀ ਆਪਣੀ ਕ੍ਰਿਕਟ ਖੇਡ ’ਚ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਇਹ ਸਮਾਜ ਲਈ ਖਾਸ ਕਰ ਲੜਕੀਆਂ ਲਈ ਆਈਕਾਨ ਹੈ। ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਨੂੰ ਆਪਣੇ ਟੀਚੇ ਮਿੱਥ ਕੇ ਮਿਹਨਤ ਕਰਨੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਮੰਨਤ ਨੂੰ ਨਿਊਜੀਲੈਂਡ ਸੀਰੀਜ਼ ਸਮੇਤ ਵਰਲਡ ਕੱਪ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ