ਸੋਸ਼ਲ ਮੀਡੀਆ ਦੀ ਤਾਕਤ

Family

ਸੋਸ਼ਲ ਮੀਡੀਆ ਦੀ ਤਾਕਤ

ਕਹਿੰਦੇ ਹਨ ਪੰਛੀਆਂ ਤੇ ਹਵਾ ਲਈ ਕੋਈ ਸਰਹੱਦ ਨਹੀਂ ਹੁੰਦੀ। ਪੰਛੀ ਕੰਡਿਆਲੀਆਂ ਤਾਰਾਂ ਟੱਪ ਕੇ ਦੂਜੇ ਬੰਨੇ ਰੁੱਖ ਦੀ ਟਾਹਣੀ ’ਤੇ ਜਾ ਬਹਿੰਦੇ ਹਨ। ਹਵਾ ਵੀ ਅਜ਼ਾਦ ਹੈ ਓਧਰਲੀ ਹਵਾ ਦਾ ਠੰਢਾ ਬੁੱਲਾ ਇਧਰਲਿਆਂ ਨੂੰ ਪਿੰਡਾ ਸਾੜਦੀ ਗਰਮੀ ’ਚ ਨਿਜਾਤ ਦਿੰਦਾ ਹੈ। ਜੇਕਰ ਵੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਵੀ ਅਜ਼ਾਦ ਪੰਛੀਆਂ ਵਾਂਗ ਵਿਚਰ ਰਿਹਾ ਹੈ। ਜਿਸ ਨੇ ਦੇਸ਼ਾਂ ਦੀਆਂ ਕਰੜੀ ਸੁਰੱਖਿਆ ਵਾਲੀਆਂ ਸਰਹੱਦਾਂ ਨੂੰ ਪਾਰ ਕਰਦਿਆਂ ਮਨੁੱਖਤਾ ਦੀ ਸਾਂਝ ਨੂੰ ਮਜ਼ਬੂਤ ਕੀਤਾ ਹੈ। ਜੋ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਸੋਸ਼ਲ ਮੀਡੀਆ ਨੇ ਗਜ਼ਬ ਕਰ ਵਿਖਾਇਆ ਹੈ। ਭਾਰਤ-ਪਾਕਿ ਵੰਡ ਤੋਂ ਬਾਦ ਲੋਕ ਆਪਣੇ ਵਿੱਛੜੇ ਪਰਿਵਾਰਕ ਮੈਂਬਰ ਨੂੰ ਲੱਭਣ ਲਈ ਦੂਜੇ ਦੇਸ਼ ’ਚ ਦਰ-ਦਰ ਭਟਕ ਕੇ ਖੱਜਲ-ਖੁਆਰ ਹੁੰਦੇ ਰਹੇ ਪਰ ਸੋਸ਼ਲ ਮੀਡੀਆ ਨੇ ਘਰ ਬੈਠਿਆਂ ਹੀ ਦੁਨੀਆ ਦੀ ਭੀੜ ’ਚ ਗੁਆਚੇ ਲੱਭ ਲਏ ਹਨ।

ਤਾਜ਼ਾ ਮਾਮਲਾ ਮੁਮਤਾਜ ਦਾ ਹੈ ਜੋ ਪਾਕਿਸਤਾਨ ’ਚ ਰਹਿ ਗਈ ਸੀ ਤੇ ਉਸ ਨੂੰ ਮੁਸਲਮਾਨ ਪਰਿਵਾਰ ਨੇ ਪਾਲਿਆ ਸਾਂਭਿਆ ਇਧਰਲੇ ਪਰਿਵਾਰ ਨੇ 75 ਵਰ੍ਹਿਆਂ ਬਾਅਦ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਲੱਭ ਲਿਆ ਮੁਮਤਾਜ਼ ਆਪਣੇ ਜੀਆਂ ਨੂੰ ਮਿਲ ਕੇ ਖੁਸ਼ੀ ਨਾਲ ਭਰੀ ਜ਼ਾਰੋਜ਼ਾਰ ਰੋਈ। ਇਸ ਤੋਂ ਪਹਿਲਾਂ ਵੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦੋ ਵਿੱਛੜੇ ਭਰਾਵਾਂ ਦੀ ਮੁਲਾਕਾਤ ਹੋ ਗਈ ਜਿਨ੍ਹਾਂ ਦੇ ਵੈਰਾਗ ਨੂੰ ਵੇਖ ਕੇ ਸਰਹੱਦਾਂ ਦੇ ਰਾਖੇ ਵੀ ਠਠੰਬਰ ਗਏ ਲੱਖਾਂ ਵਿਅਕਤੀ ਅੱਜ ਵੀ ਵਿੱਛੜੇ ਹੋਏ ਤੇ ਆਪਣਿਆਂ ਨੂੰ ਮਿਲਣ ਦੀ ਆਸ ਲਾਈ ਬੈਠੇ ਹਨ। ਲੱਖਾਂ ਲੋਕ ਮਿਲਣ ਦੀ ਆਸ ਪੂਰੀ ਹੋਣ ਤੋਂ ਪਹਿਲਾਂ ਹੀ ਇਸ ਜਹਾਨ ਤੋਂ ਵਿਦਾ ਹੋ ਚੁੱਕੇ ਹਨ। ਜੇਕਰ ਸਰਕਾਰਾਂ ਇਸ ਦੁੱਖ ਨੂੰ ਸਮਝਣ ਤਾਂ ਵਿੱਛੜੇ ਲੋਕਾਂ ਨੂੰ ਮਿਲਾਇਆ ਜਾ ਸਕਦਾ ਹੈ। ਉਂਜ ਵੀ ਇਸ ਮਾਮਲੇ ’ਚ ਹੁਣ ਕੋਈ ਕਾਨੂੰਨੀ ਉਲਝਣ ਜਾਂ ਸੁਰੱਖਿਆ ਦਾ ਕੋਈ ਵੱਡਾ ਪੇਚ ਨਹੀਂ ਰਹਿ ਗਿਆ।

ਸਰਹੱਦਾਂ ਕਾਇਮ ਰਹਿਣ ਦੇ ਬਾਵਜੂਦ ਮਨੁੱਖੀ ਸਾਂਝ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ

ਪਹਿਲਾਂ ਮਸਲਾ ਇਹ ਹੁੰਦਾ ਸੀ ਕਿ ਸਬੰਧਿਤ ਪਰਿਵਾਰ ਆਪਣੇ ਮੈਂਬਰ ਨੂੰ ਆਪਣੇ ਦੇਸ਼ ਲਿਆਉਣਾ ਚਾਹੁੰਦਾ ਸੀ। ਜਿਸ ਨਾਲ ਕਈ ਮੁਸ਼ਕਲਾਂ ਜੁੜੀਆਂ ਹੋਈਆਂ ਸਨ। ਹੁਣ ਦੂਜੇ ਮੁਲਕ ’ਚ ਰਹਿ ਗਏ ਵਿਅਕਤੀ ਪਰਿਵਾਰਾਂ ਵਾਲੇ ਹੋ ਗਏ ਹਨ ਤੇ ਉੱਥੇ ਹੀ ਰਹਿ ਕੇ ਖੁਸ਼ ਹਨ। ਉਹਨਾਂ ਦੀ ਬੱਸ ਇੱਕ ਹੀ ਤਾਂਘ ਹੈ ਕਿ ਜਿਉਂਦੇ-ਜੀ ਇੱਕ ਵਾਰ ਆਪਣੇ ਨੇੜਲਿਆਂ ਨੂੰ ਮਿਲ ਸਕਣ ਇਹ ਮਾਮਲਾ ਸਿਰਫ਼ ਜ਼ਜਬਾਤੀ ਨਹੀਂ ਸਗੋਂ ਮਨੁੱਖਤਾ ਪ੍ਰਤੀ ਫਰਜਾਂ ਦਾ ਵੀ ਹੈ। ਸਰਹੱਦਾਂ ਕਾਇਮ ਰਹਿਣ ਦੇ ਬਾਵਜੂਦ ਮਨੁੱਖੀ ਸਾਂਝ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਦੇਸ਼ ਦੀ ਸੁਰੱਖਿਆ ਜ਼ਰੂਰੀ ਹੈ, ਫਿਰ ਵੀ ਅਜਿਹਾ ਮੇਲ-ਮਿਲਾਪ ਨਫ਼ਰਤ ਦੀਆਂ ਮਜ਼ਬੂਤ ਕੰਧਾਂ ਨੂੰ ਤੋੜ ਸਕਦਾ ਹੈ ਇਸ ਮਾਮਲੇ ਨੂੰ ਸਿਆਸੀ ਐਨਕ ਨਾਲ ਵੇਖਣ ਦੀ ਬਜਾਇ ਮਾਨਵਤਾ ਦੇ ਨਜ਼ਰੀਏ ਨਾਲ ਵੇਖਣ ਦੀ ਲੋੜ ਹੈ ਟਰੇਨ ਟੂ ਪਾਕਿਸਤਾਨ, ਗਦਰ, ਸ਼ਹੀਦੇ ਮੁਹੱਬਤ ਜਿਹੀਆਂ ਫ਼ਿਲਮਾਂ ਭਾਰਤ-ਪਾਕਿ ਦੇ ਟਕਰਾਅ ਦੌਰਾਨ ਵੀ ਸਾਂਝ ਦੀ ਗੱਲ ਕਰਦੀਆਂ ਰਹੀਆਂ ਸੋਸ਼ਲ ਮੀਡੀਆ ਨੇ ਜਿਸ ਤਰ੍ਹਾਂ ਦਾ ਔਖਾ ਕਾਰਜ ਸੰਭਵ ਕੀਤਾ ਸਰਕਾਰਾਂ ਇਸ ਤੋਂ ਸੇਧ ਲੈ ਸਕਦੀਆਂ ਹਨ।

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ