ਅੱਖਾਂ ਤੋਂ ਸੱਖਣੀ ਮਾਸੂਮ ਬੱਚੀ ਦੇ ਇਲਾਜ ਲਈ ਪੰਜਾਬ ਪੁਲਿਸ ਦੇ ਜਵਾਨਾਂ ਨੇ ਦਿੱਤੀ ਸਹਾਇਤਾ ਰਾਸ਼ੀ

Funds Provided by Punjab Police Sachkahoon

ਅੱਖਾਂ ਤੋਂ ਸੱਖਣੀ ਮਾਸੂਮ ਬੱਚੀ ਦੇ ਇਲਾਜ ਲਈ ਪੰਜਾਬ ਪੁਲਿਸ ਦੇ ਜਵਾਨਾਂ ਨੇ ਦਿੱਤੀ ਸਹਾਇਤਾ ਰਾਸ਼ੀ

(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਬਲਾਕ ਦੇ ਪਿੰਡ ਰੋਹਟੀ ਮੌੜਾਂ ਆਪਣੇ ਨਾਨਕੇ ਰਹਿੰਦੀ ਇੱਕ ਮਾਸੂਮ ਬੱਚੀ ਜੋ ਕਿ ਅੱਖਾਂ ਦੀ ਰੌਸ਼ਨੀ ਤੋਂ ਮਹਿਰੂਮ ਹੈ, ਲਈ ਪੰਜਾਬ ਪੁਲਿਸ ਦੇ ਦੋ ਜਵਾਨਾਂ ਨੇ ਬੱਚੀ ਦੇ ਇਲਾਜ ਲਈ ਵਿੱਤੀ ਸਹਾਇਤਾ ਦਿੱਤੀ। ਦੱਸਣਯੋਗ ਹੈ ਕਿ ਪਿੰਡ ਰੋਹਟੀ ਮੌੜਾਂ ਵਿਖੇ ਇੱਕ ਮਜ਼ਦੂਰੀ ਕਰਦੇ ਪਰਿਵਾਰ ਵਿੱਚ ਇੱਕ ਅਜਿਹੀ ਬੱਚੀ ਨੇ ਜਨਮ ਲਿਆ ਜੋ ਕਿ ਆਪਣੇ ਜਨਮ ਤੋਂ ਆਪਣੀਆਂ ਅੱਖਾਂ ਦੀ ਰੌਸ਼ਨੀ ਖੋ ਬੈਠੀ। ਇਹ ਮਾਸੂਮ ਬੱਚੀ ਆਪਣੇ ਨਾਨਕੇ ਘਰ ਰਹਿੰਦੀ ਹੈ ਜਿਸ ਦੇ ਕਿ ਚੇਨੱਈ ਮਦਰਾਸ ਤੋਂ ਹੋਣ ਵਾਲੇ ਇਲਾਜ ’ਤੇ ਲਗਭਗ 15 ਲੱਖ ਰੁਪਏ ਦਾ ਖਰਚਾ ਆਉਣਾ ਹੈ।

ਸਬੰਧਤ ਪਰਿਵਾਰ ਭੱਠੇ ’ਤੇ ਮਜ਼ਦੂਰੀ ਕਰਦਾ ਦੱਸਿਆ ਜਾਂਦਾ ਹੈ ਜਿਨ੍ਹਾਂ ਦੀ ਮਾਸੂਮ ਬੱਚੀ ਦੇ ਅੱਖਾਂ ਦੇ ਇਲਾਜ ਲਈ ਇੰਨੀ ਭਾਰੀ ਰਕਮ ਦਾ ਇੰਤਜਾਮ ਕਰਨਾ ਕਾਫ਼ੀ ਔਖਾ ਹੈ। ਇਸ ਬੱਚੀ ਦੀ ਮੌਜੂਦਾ ਹਾਲਤ ਸਬੰਧੀ ਜਦੋਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਤਾਂ ਦਾਨ ਕਰਨ ਵਾਲੇ ਸੱਜਣਾਂ ਨੇ ਬੱਚੀ ਦੇ ਪਿੰਡ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਲਈਆਂ। ਇਸੇ ਕ੍ਰਮ ਵਿੱਚ ਪੰਜਾਬ ਪੁਲਿਸ ਦੇ ਦੋ ਨੌਜਵਾਨਾਂ ਨੇ ਆਪਣਾ ਸਹਿਯੋਗ ਦੇਣ ਲਈ ਇਸ ਮਾਸੂਮ ਬੱਚੀ ਦੇ ਪਿੰਡ ਪੁੱਜਣ ਦਾ ਉਪਰਾਲਾ ਕੀਤਾ।

ਪੰਜਾਬ ਪੁਲਿਸ ਵਿੱਚ ਬਤੌਰ ਸਹਾਇਕ ਥਣੇਦਾਰ ਤਾਇਨਾਤ ਚਮਕੌਰ ਸਿੰਘ ਅਤੇ ਸੁਖਪਾਲ ਸਿੰਘ ਨਾਮੀ ਦੋਨੋਂ ਪੁਲਿਸ ਜਵਾਨਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੇ ਪੰਜਾਬ ਪੁਲਿਸ ਹੈਲਪ ਨਾਮੀ ਸੰਸਥਾ ਸਮਾਜਿਕ ਕਾਰਜਾਂ ਲਈ ਬਣਾਈ ਹੋਈ ਹੈ। ਇਹ ਸੰਸਥਾ ਲੋੜਵੰਦ ਪਰਿਵਾਰਾ ਜਾਂ ਵਿਅਕਤੀਆਂ ਨੂੰ ਹਰ ਮਹੀਨੇ ਸਹਾਇਤਾ ਦਿੰਦੀ ਹੈ ਅਤੇ ਇਸ ਮਹੀਨੇ ਦੀ ਸਹਾਇਤਾ ਰਾਸ਼ੀ ਤੀਹ ਹਜ਼ਾਰ ਰੁਪਏ ਅਸੀਂ ਇਸ ਮਾਸੂਮ ਬੱਚੀ ਦੇ ਪਰਿਵਾਰ ਨੂੰ ਸੌਂਪਣਾ ਜਾਇਜ਼ ਸਮਝਿਆ। ਉਹਨਾਂ ਸਬੰਧਤ ਪਰਿਵਾਰ ਨੂੰ ਬੱਚੀ ਦੇ ਇਲਾਜ ਲਈ ਭਵਿੱਖ ਵਿੱਚ ਹੋਰ ਵੀ ਹਰਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।

ਬੱਚੀ ਦੀ ਨਾਨੀ ਗੁਰਤੇਜ ਕੌਰ ਪਤਨੀ ਜਰਨੈਲ ਸਿੰਘ ਨੇ ਪੰਜਾਬ ਪੁਲਿਸ ਦੇ ਇਨ੍ਹਾਂ ਦੋਨੋਂ ਹੋਣਹਾਰ ਸਹਾਇਕ ਥਾਣੇਦਾਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਦਿਨ ਦੀ ਬੱਚੀ ਦੀ ਸਥਿਤੀ ਬਾਰੇ ਵੀਡੀਓ ਆਮ ਲੋਕਾਂ ਤੱਕ ਪੁੱਜੀ ਹੈ ਉਸ ਦਿਨ ਤੋਂ ਦਾਨੀ ਸੱਜਣਾਂ ਨੇ ਉਨ੍ਹਾਂ ਨਾਲ ਸੰਪਰਕ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਜੇ ਪੂਰਾ ਸਹਿਯੋਗ ਨਹੀਂ ਮਿਲਿਆ ਪ੍ਰੰਤੂ ਉਹ ਮਿਲ ਰਹੇ ਸਹਿਯੋਗ ਤੋਂ ਕਾਫੀ ਉਤਸ਼ਾਹਿਤ ਤੇ ਖੁਸ਼ ਹਨ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਵੀ ਕਰਦੇ ਹਨ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਨੂੰ ਅੱਜ ਵੀ ਜਿਉਂਦਾ ਰੱਖਿਆ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ