ਸੀਬੀਆਈ ਅਦਾਲਤ ਦਾ ਫੈਸਲਾ ਹਾਈ ਕੋਰਟ ‘ਚ ਪਲਟਿਆ, ਜਗੀਰ ਕੌਰ ਬਾਇੱਜ਼ਤ ਬਰੀ

CBI, Court, Acquits, High, Court, Jagir, Acquitted

ਸੀਬੀਆਈ ਦੀ ਅਦਾਲਤ ਨੇ ਦਿੱਤੀ ਸੀ ਜਗੀਰ ਕੌਰ ਨੂੰ 5 ਸਾਲ ਦੀ ਸਜਾ

ਚੰਡੀਗੜ। ਪੰਜਾਬ ਤੇ ਹਰਿਆਦਾ ਹਾਈਕੋਰਟ ਨੇ ਸੀਬੀਆਈ ਅਦਾਲਤ ਦੇ ਫੈਸਲੇ ਨੂੰ ਪਲਟਦਿਆਂ ਅਕਾਲੀ ਆਗੂ ਜਾਗੀਰ ਕੌਰ ਨੂੰ ਬਰੀ ਕਰਾਰ ਦਿੱਤਾ ਹੈ ਹਾਈਕੋਰਟ ਨੇ ਉਨ੍ਹਾਂ ਨੂੰ ਬੇਗੁਨਾਹ ਕਰਾਰ ਦਿੰਦਿਆਂ ਪੰਜ ਸਾਲ ਦੀ ਸਜਾ ਰੱਦ ਕਰਕੇ ਬਾਇੱਜਤ ਬਰੀ ਕੀਤਾ ਹੈ ਉਨਾਂ ਦੇ ਨਾਲ 7 ਹੋਰਣਾ ਨੂੰ ਵੀ ਬਾਇੱਜ਼ਤ ਬਰੀ ਕੀਤਾ ਹੈ, ਜਿਨਾਂ ਨੂੰ ਸੀਬੀਆਈ ਅਦਾਲਤ ਨੇ ਸਜਾ ਸੁਣਵਾਈ ਸੀ। ਬੀਬੀ ਜਾਗੀਰ ਕੌਰ ਨੂੰ ਆਪਣੀ ਹੀ ਧੀ ਹਰਪ੍ਰੀਤ ਕੌਰ ਉਰਫ਼ ਰੋਜੀ ਦੇ ਕਤਲ ਮਾਮਲੇ ਵਿੱਚ ਸਜਾ ਸੁਣਾਈ ਗਈ ਸੀ, ਜਿਸ ਨੂੰ ਕਿ ਅੱਜ ਹਾਈ ਕੋਰਟ ਨੇ ਗਲਤ ਕਰਾਰ ਦੇ ਦਿੱਤਾ ਹੈ। ਇਸ ਨਾਲ ਹੀ ਸੀਬੀਆਈ ਵਲੋਂ ਕੀਤੀ ਗਈ ਅਪੀਲ ਨੂੰ ਵੀ ਖ਼ਾਰਜ ਕਰ ਦਿੱਤਾ ਹੈ, ਜਿਸ ਵਿੱਚ ਸਜਾ ਵਧਾਉਣ ਦੀ ਮੰਗ ਕੀਤੀ ਗਈ ਸੀ।

ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਏ.ਬੀ.ਚੌਧਰੀ ਦੇ ਡਵੀਜ਼ਨ ਬੈਂਚ ਵਲੋਂ ਸੁਣਾਇਆ ਗਿਆ ਹੈ। ਜਿਸ ਨਾਲ ਬੀਬੀ ਜਗੀਰ ਕੌਰ ਨੂੰ ਵੱਡੇ ਪੱਧਰ ‘ਤੇ ਰਾਹਤ ਮਿਲੀ ਹੈ। ਇਥੇ ਜਿਕਰ ਯੋਗ ਹੈ ਕਿ ਬੀਬੀ ਜਾਗੀਰ ਕੌਰ ਦੀ ਪੁੱਤਰੀ ਹਰਪ੍ਰੀਤ ਕੌਰ ਉਰਫ ਰੋਜੀ ਦੀ 20 ਅਪ੍ਰੈਲ 2000 ਦੀ ਰਾਤ ਨੂੰ ਸ਼ੱਕੀ ਤੌਰ ‘ਤੇ ਮੌਤ ਹੋ ਗਈ ਸੀ। ਜਿਸ ਦਾ 21 ਅਪ੍ਰੈਲ ਨੂੰ ਬੈਗੋਵਾਲ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਕੁਝ ਦਿਨਾਂ ਬਾਅਦ ਬੈਗੋਵਾਲ ਦੇ ਵਾਸੀ ਕਮਲਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਹ ਹਰਪ੍ਰੀਤ ਕੌਰ ਦਾ ਪਤੀ ਹੈ ਅਤੇ ਹਰਪ੍ਰੀਤ ਕੌਰ ਗਰਭਵਤੀ ਸੀ। 27 ਅਪ੍ਰੈਲ ਨੂੰ ਕਮਲਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ। ਜਿਸ ਤੋਂ ਬਾਅਦ 9 ਜੂਨ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ ਤਾਂ ਸੀਬੀਆਈ ਨੇ 3 ਅਕਤੂਬਰ 2000 ਨੂੰ ਬੀਬੀ ਜਾਗੀਰ ਕੌਰ, ਪਰਮਜੀਤ ਸਿੰਘ ਰਾਏਪੁਰ, ਸੱਤਿਆ ਦੇਵੀ, ਦਲਵਿੰਦਰ ਕੌਰ, ਹਰਵਿੰਦਰ ਸਿੰਘ, ਸੰਜੀਵ ਕੁਮਾਰ, ਡਾ. ਬਲਵਿੰਦਰ ਸਿੰਘ ਅਤੇ ਏ.ਐਸ.ਆਈ. ਨਿਸ਼ਾਨ ਸਿੰਘ ਦੇ ਖ਼ਿਲਾਫ਼ ਕਤਲ, ਧੱਕੇਨਾਲ ਗਰਭਪਾਤ ਕਰਵਾਉਣ ਅਤੇ ਕਤਲ ਦੀ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਸੀ। ਇਸ ਮਾਮਲੇ ਵਿੱਚ 30 ਮਾਰਚ 2012 ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਲੋਂ ਬੀਬੀ ਜਾਗੀਰ ਕੌਰ ਨੂੰ 5 ਸਾਲ ਦੀ ਸਜਾ ਸੁਣਾਈ ਸੀ, ਜਿਸ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਕੋਰਟ ਵਿੱਚ ਬੀਬੀ ਜਗੀਰ ਕੌਰ ਵਲੋਂ ਅਪੀਲ ਪਾਈ ਗਈ ਸੀ। ਜਿਸ ‘ਤੇ ਲੰਮੀ ਸੁਣਵਾਈ ਕਰਨ ਤੋਂ ਬਾਅਦ ਹਾਈ ਕੋਰਟ ਵਲੋਂ ਅਕਤੂਬਰ ਵਿੱਚ ਇਸ ਦੇ ਫੈਸਲੇ ਲਈ ਰਾਖਵਾਂ ਰੱਖ ਲਿਆ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।