ਜੇਲ੍ਹਾਂ ’ਚ ਸਰਵੇਖਣ : ਨਸ਼ੇ ’ਚ ਗ੍ਰਸਤ 14 ਹਜ਼ਾਰ ਕੈਦੀਆਂ ਦੀ ਫਰੋਲੀ ਜਾਵੇਗੀ ਜ਼ਿੰਦਗੀ

Jail
ਅਫੀਮ ਤਸਕਰੀ ਮਾਮਲੇ ’ਚ ਚਾਰ ਸਾਲ ਦੀ ਸਜ਼ਾ

350 ਮੈਂਬਰਾਂ ਦੀ ਟੀਮ, 57 ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ (Survey in Prisons)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ, ਹਵਾਲਾਤੀਆਂ ਦਾ ਇੱਕ ਵਿਆਪਕ ਸਰਵੇਖਣ (Survey in Prisons) ਕੀਤਾ ਜਾ ਰਿਹਾ ਹੈ। ਇਸ ਸਰਵੇਖਣ ਰਾਹੀਂ ਜੇਲ੍ਹਾਂ ਵਿੱਚ ਕੈਦੀਆਂ, ਹਵਾਲਾਤੀਆਂ ਵੱਲੋਂ ਕੀਤੀ ਜਾ ਰਹੀ ਡਰੱਗ ਆਦਿ ਦੀ ਵਰਤੋਂ ਸਬੰਧੀ ਘੋਖ ਕੀਤੀ ਜਾਵੇਗੀ। ਇਹ ਵੀ ਦੇਖਿਆ ਜਾਵੇਗਾ ਕਿ ਇਨ੍ਹਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕਿਸ ਤਰ੍ਹਾਂ ਬਾਹਰ ਕੱਢਿਆ ਜਾ ਸਕਦਾ ਹੈ। ਇਸ ਸਰਵੇਖਣ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਇੱਕ ਵੱਡੀ ਟੀਮ ਅਹਿਮ ਜਿੰਮੇਵਾਰੀ ਨਿਭਾ ਰਹੀ ਹੈ।

ਜਾਣਕਾਰੀ ਅਨੁਸਾਰ ਜੇਲ੍ਹਾਂ ਅੰਦਰ ਇਹ ਸਰਵੇਖਣ 12 ਸਤੰਬਰ ਤੋਂ ਸ਼ੁਰੂ ਹੋ ਚੁੱਕਾ ਹੈ। ਵੱਖ-ਵੱਖ ਜੇਲ੍ਹਾਂ ਵਿੱਚ ਜਾ ਕੇ ਕੰਮ ਕਰਨ ਵਾਲੀ 350 ਮੈਂਬਰਾਂ ਦੀ ਟੀਮ ਵਿੱਚ 57 ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਨਾਲ ਸੰਬੰਧਤ ਹਨ। ਇਸ ਸਰਵੇਖਣ ਵਿੱਚ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚਲੇ 14 ਹਜਾਰ ਕੈਦੀਆਂ ਨੂੰ ਸ਼ਾਮਿਲ ਕੀਤਾ ਜਾਣਾ ਹੈ। ਇਸ ਸਰਵੇਖਣ ਰਾਹੀਂ ਨਸ਼ੇ ਦੇ ਕਾਰਨਾਂ ਅਤੇ ਹੋਰਨਾਂ ਪੱਖਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਣੀ ਹੈ ਤਾਂ ਕਿ ਨਸ਼ਿਆਂ ਦੀ ਰੋਕਥਾਮ ਲਈ ਢੁਕਵੇਂ ਕਦਮ ਉਠਾਏ ਜਾ ਸਕਣ।

30 ਹਜਾਰ ਕੈਦੀਆਂ ਦਾ ਸਕਰੀਨ ਟੈਸਟ ਕੀਤਾ

ਪੰਜਾਬ ਸਰਕਾਰ ਨੇ ਮੁੱਢਲੇ ਪੱਧਰ ’ਤੇ 30 ਹਜਾਰ ਕੈਦੀਆਂ ਦਾ ਸਕਰੀਨ ਟੈਸਟ ਕੀਤਾ ਸੀ ਜਿਨ੍ਹਾਂ ਵਿੱਚੋਂ 14 ਹਜਾਰ ਕੈਦੀ ਡਰੱਗ ਦੀ ਵਰਤੋਂ ਸੰਬੰਧੀ ਪਾਜ਼ਿਟਿਵ ਪਾਏ ਗਏ। ਹੁਣ ਇਸ ਵੱਡੇ ਪੱਧਰ ਦੇ ਸਰਵੇਖਣ ਰਾਹੀਂ ਇਨ੍ਹਾਂ 14 ਹਜਾਰ ਕੈਦੀਆਂ ਦੀ ਜ਼ਿੰਦਗੀ ਨੂੰ ਘੋਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਇਹ ਅੰਦਾਜਾ ਲਗਾਇਆ ਜਾ ਸਕੇ ਕਿ ਇਹ ਲੋਕ ਨਸ਼ੇ ਦੀ ਦਲਦਲ ਵਿੱਚ ਕਿਸ ਤਰ੍ਹਾਂ ਫਸੇ ਅਤੇ ਇਨ੍ਹਾਂ ਨੂੰ ਕਿਸ ਤਰ੍ਹਾਂ ਇਸ ਦਲਦਲ ਵਿੱਚੋਂ ਕੱਢਿਆ ਜਾ ਸਕਦਾ ਹੈ।

ਇਸ ਟੀਮ ਵਿੱਚ ਸਾਮਿਲ ਡਾ. ਮਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਇਸ ਪ੍ਰਾਜੈਕਟ ਵਿੱਚ ਆਈ. ਐੱਸ. ਬੀ. ਮੋਹਾਲੀ ਅਤੇ ਡੀ.ਏ.ਵੀ. ਕਾਲਜ ਸੈਕਟਰ 10 ਚੰਡੀਗੜ੍ਹ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਨੂੰ ਬਿਹਤਰ ਤਰੀਕੇ ਨਾਲ ਸਿਰੇ ਚਾੜ੍ਹਨ ਲਈ ਸਮੁੱਚੀ ਟੀਮ ਨੂੰ ਸਿਖਲਾਈ ਦਿੱਤੀ ਗਈ ਹੈ। ਪੰਜਾਬ ਦੇ ਜੇਲ੍ਹ ਮਾਮਲਿਆਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਪੈਸ਼ਲ ਡੀ.ਜੀ.ਪੀ. (ਜੇਲ੍ਹਾਂ) ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਹਾਲ ਹੀ ਵਿੱਚ ਇੱਕ ਸਿਖਲਾਈ ਪ੍ਰੋਗਰਾਮ ਚੰਡੀਗੜ੍ਹ ਵਿਖੇ ਹੋਇਆ ਹੈ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਸਮੁੱਚੀ ਟੀਮ ਨੇ ਵੀ ਸ਼ਿਰਕਤ ਕੀਤੀ।

ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਮਮਤਾ ਸਰਮਾ ਅਤੇ ਡਾ. ਕਮਲਪ੍ਰੀਤ ਕੌਰ ਸੋਹੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਇਹ ਵਿਭਾਗ ਤਕਰੀਬਨ 2017 ਤੋਂ ਹੀ ਡਰੱਗਜ ਦੀ ਰੋਕਥਾਮ ਦੇ ਮਾਮਲੇ ਵਿੱਚ ਸੂਬਾ ਸਰਕਾਰ ਨਾਲ ਮਿਲ ਕੇ ਕਾਰਜ ਕਰ ਰਿਹਾ ਹੈ। ਸਰਕਾਰ ਦੇ ‘ਬੱਡੀ’ ਅਤੇ ‘ਡੈਪੋ’ ਨਾਮ ਦੇ ਪ੍ਰੋਗਰਾਮਾਂ ਵਿੱਚ ਇਸ ਵਿਭਾਗ ਦੀ ਬਹੁਤ ਚੰਗੀ ਕਾਰਗੁਜਾਰੀ ਰਹੀ ਹੈ। ਜਿਕਰਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ੇ ਦਾ ਕਾਰੋਬਾਰ ਵੱਡੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਕੁਝ ਜੇਲ੍ਹ ਦੀਆਂ ਕਾਲੀਆਂ ਭੇਡਾਂ ਵੱਲੋਂ ਹੀ ਕੈਦੀਆਂ ਨੂੰ ਨਸ਼ਾ ਸਪਲਾਈ ਕਰਕੇ ਮੋਟੇ ਪੈਸੇ ਬਣਾਏ ਜਾ ਰਹੇ ਹਨ।

ਵਾਇਸ ਚਾਂਸਲਰ ਵੱਲੋਂ ਵਿਦਿਆਰਥੀਆਂ ਨੂੰ ਵਧਾਈ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਮਨੋਵਿਗਿਆਨ ਵਿਭਾਗ ਦੀ ਇਸ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਜਿਹੇ ਅਦਾਰਿਆਂ ਦਾ ਇਹ ਫਰਜ ਹੁੰਦਾ ਹੈ ਕਿ ਅਜਿਹੇ ਕਾਰਜਾਂ ਵਿੱਚ ਵਧ-ਚੜ੍ਹ ਕੇ ਸ਼ਿਰਕਤ ਕਰਨ ਅਤੇ ਆਪਣੀ ਅਕਾਦਮਿਕ ਸਮਰੱਥਾ ਨੂੰ ਸਮਾਜ ਦੀ ਬਿਹਤਰੀ ਲਈ ਵਰਤਣ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਨਸ਼ੇ ਦੀ ਲਤ ਪੰਜਾਬ ਨੂੰ ਖੋਖਲਾ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ