ਹਨ੍ਹੇਰ ਗਰਦੀ : ਵਿਦਿਆਰਥਣਾਂ ’ਤੇ ਹਮਲਾ ਕਰਕੇ ਸਕੂਟਰੀ ਖੋਹਣ ਦੀ ਕੋਸ਼ਿਸ਼, ਬੈਗ ਖੋਹ ਕੇ ਫਰਾਰ

Sunam News

ਵਿਦਿਆਰਥਣਾਂ ਦੇ ਹਥੋੜੀਆਂ ਨਾਲ ਮਾਰੀਆਂ ਸੱਟਾਂ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ (Sunam News) ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚੋਂ ਪੜ੍ਹ ਕੇ ਛੁੱਟੀ ਤੋਂ ਬਾਅਦ ਦੋ ਵਿਦਿਆਰਥਣਾਂ ਜਦੋਂ ਆਪਣੇ ਪਿੰਡ ਘਰ ਵਾਪਸ ਜਾ ਰਹੀਆਂ ਸਨ ਤਾਂ ਦੋ ਅਣਪਛਾਤੇ ਨੌਜਵਾਨਾਂ ਨੇ ਵਿਦਿਆਰਥਣਾਂ ਦੇ ਹਥੋੜੀਆਂ ਨਾਲ ਸੱਟਾਂ ਮਾਰ ਕੇ ਉਨ੍ਹਾਂ ਦਾ ਬੈਗ (ਕਿਟ) ਖੋਹ ਕੇ ਫਰਾਰ ਹੋ ਗਏ।

ਇਸ ਸਬੰਧੀ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਵਿਦਿਆਰਥਣ ਨੇ ਦੱਸਿਆ ਕਿ ਉਹ ਕਾਲਜ ਤੋਂ ਛੁੱਟੀ ਹੋਣ ਤੋਂ ਬਾਅਦ ਕਰੀਬ ਦੁਪਹਿਰ 1 ਵਜੇ ਆਪਣੀ ਭੈਣ ਨਾਲ ਸਕੂਟਰੀ ਤੇ ਸਵਾਰ ਹੋ ਕੇ ਪਿੰਡ ਛਾਜਲੀ ਵੱਲ ਜਾ ਰਹੀਆਂ ਸਨ ਤਾਂ ਰਾਸਤੇ ਵਿਚ ਦੋ ਲੜਕੇ ਮੋਟਰਸਾਈਕਲ ਲੈ ਕੇ ਖੜੇ ਸਨ। ਜਿਨ੍ਹਾਂ ਨੇ ਉਨ੍ਹਾਂ ਨੂੰ ਦੇਖ ਕੇ ਮੋਟਰ ਸਾਈਕਲ ਸਟਾਰਟ ਕਰ ਲਿਆ ਅਤੇ ਉਨ੍ਹਾਂ ਦੀ ਸਕੂਟਰੀ ਵਿਚ ਮਾਰਿਆ, ਜਿਸ ਕਾਰਨ ਉਹ ਡਿੱਗ ਗਈਆਂ ਅਤੇ ਉਨ੍ਹਾਂ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ।

ਜਦੋਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਆਪਣੇ ਹੱਥਾਂ ਵਿੱਚ ਫੜੀਆਂ ਹਥੌੜੀਆਂ ਨਾਲ ਉਨ੍ਹਾਂ ਦੇ ਸਿਰ ਅਤੇ ਮੋਢਿਆਂ ਤੇ ਕਈ ਵਾਰ ਕੀਤੇ, ਜਿਸ ਨਾਲ ਉਹ ਦੋਵੇਂ ਜਖਮੀ ਹੋ ਗਈਆਂ ਅਤੇ ਉਹਨਾਂ ਦਾ ਬੈਗ ਖੋਹ ਕੇ ਲੜਕੇ ਫਰਾਰ ਹੋ ਗਏ। ਲੜਕੀ ਨੇ ਦੱਸਿਆ ਕਿ ਬੈਗ ਵਿਚ ਕਿਤਾਬਾਂ ਅਤੇ ਕੁਝ ਪੈਸੇ ਸਨ। ਲੜਕੀ ਨੇ ਕਿਹਾ ਕਿ ਉਨ੍ਹਾਂ ਦੀ ਸਕੂਟਰੀ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਸੜਕ ’ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਉਹ ਸਕੂਟਰੀ ਨਹੀਂ ਲੈ ਜਾ ਸਕੇ।

ਗੰਭੀਰ ਜਖ਼ਮੀ ਹਨ ਲੜਕੀਆਂ | Sunam News

ਇੱਕ ਲੜਕੀ ਦੇ ਸਿਰ ਵਿੱਚ ਅਤੇ ਦੂਸਰੀ ਦੇ ਮੋਢੇ ਤੇ ਕਾਫੀ ਸੱਟਾਂ ਲੱਗੀਆਂ ਹਨ ਜੋ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹਨ। ਲੜਕੀਆਂ ਦੇ ਪਰਿਵਾਰ ਵੱਲੋਂ ਉਕਤ ਨੌਜਵਾਨਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਜਾਂ ਰਹੀ ਹੈ। ਪਰਿਵਾਰ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਲੜਕੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਪ੍ਰੰਤੂ ਅੱਜ ਲੜਕੀਆਂ ਤੇ ਏਸ ਤਰ੍ਹਾਂ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਹੁੰਦਾ ਰਿਹਾ ਤਾਂ ਆਪਣੀਆਂ ਲੜਕੀਆਂ ਨੂੰ ਪੜਨ ਕੌਣ ਭੇਜੇਗਾ। ਇਸ ਤਰ੍ਹਾਂ ਤਾਂ ਲੜਕੀਆਂ ਦਾ ਘਰੋਂ ਨਿਕਲਣਾ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਗਲਤ ਅਨਸਰਾਂ ਨੂੰ ਜਲਦ ਨੱਥ ਪਾਈ ਜਾਵੇ। ਲੜਕੀਆਂ ਦੇ ਬਿਆਨਾਂ ’ਤੇ ਥਾਣਾ ਛਾਜਲੀ ਵਿਖੇ 2 ਅਣਪਛਾਤੇ ਨੌਜਵਾਨਾਂ ਤੇ ਮੁਕੱਦਮਾ ਦਰਜ ਕਰਕੇ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।