ਬ੍ਰਹਮਪੁਰਾ ਨੇ ਹੀ ਕੀਤਾ ਸੀ ਪਾਰਟੀ ਪ੍ਰਧਾਨ ਲਈ ਸੁਖਬੀਰ ਸਿੰਘ ਬਾਦਲ ਦਾ ਨਾਂਅ ਪੇਸ਼
ਪਟਿਆਲਾ(ਖੁਸ਼ਵੀਰ ਸਿੰਘ ਤੂਰ) । ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਹੈ ਕਿ ਮੁੰਗੇਰੀ ਲਾਲ ਦੇ ਸੁਪਨੇ ਦੇਖਣ ਵਾਲੇ ਖਹਿਰਾ ਦੀ ਬਠਿੰਡਾ ਤੋਂ ਜ਼ਮਾਨਤ ਜ਼ਬਤ ਹੋਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਲੋਕ ਸਭਾ ਸੀਟਾਂ ‘ਤੇ ਵੱਡੀ ਜਿੱਤ ਪ੍ਰਾਪਤ ਕਰੇਗਾ। ਬੀਬੀ ਜਗੀਰ ਕੌਰ ਅੱਜ ਇੱਥੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿੱਚ ਰੱਖੇ ਗਏ ਸਨਮਾਨ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟਕਸਾਲੀਆਂ, ਖਹਿਰਾ ਧੜੇ ਅਤੇ ਹੋਰ ਕਿਸੇ ਵੀ ਧੜੇ ਦਾ ਕੋਈ ਵਜ਼ੂਦ ਨਹੀਂ ਹੈ। ਲੋਕ ਸਭਾ ਚੋਣਾਂ ਵਿੱਚ ਸਿੱਧੀ ਟੱਕਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਹੋਵੇਗੀ। ਉਨ੍ਹਾਂ ਆਖਿਆ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਇਸਤਰੀ ਵਰਗ ਨੂੰ ਮਾਨ ਤੇ ਸਨਮਾਨ ਦਿੱਤਾ ਹੈ ਤੇ ਇਸ ਵਾਰ ਵੀ ਪਾਰਟੀ ਪ੍ਰਧਾਨ ਲੋਕ ਸਭਾ ਚੋਣਾਂ ਵਿੱਚ ਔਰਤ ਲੀਡਰਾਂ ਨੂੰ ਟਿਕਟਾਂ ਨਾਲ ਨਿਵਜਾਣਗੇ। ਉਨ੍ਹਾਂ ਆਖਿਆ ਕਿ ਆਰ.ਐਸ.ਐਸ ਦੀ ਦਖਲਅੰਦਾਜੀ ਸਿੱਖ ਗੁਰਦੁਆਰਾ ਸਾਹਿਬਾਂ ਵਿੱਚ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਉਨ੍ਹਾਂ ਟਕਸਾਲੀ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਸਬੰਧੀ ਆਖਿਆ ਕਿ ਉਨ੍ਹਾਂ ਨੇ ਹੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਬਣਾਉਣ ਸਮੇਂ ਉਨ੍ਹਾਂ ਦਾ ਨਾਂਅ ਪੇਸ਼ ਕੀਤਾ ਸੀ ਪਰ 10
ਸਾਲ ਸਰਕਾਰ ਦਾ ਆਨੰਦ ਲੈਣ ਤੋਂ ਬਾਅਦ ਆਪਣੇ ਨਿੱਜੀ ਹਿਤਾਂ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਹੋਣਾ ਬੇਹਦ ਨਿੰਦਣਯੋਗ ਗੱਲ ਹੈ। ਇਸ ਮੌਕੇ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਅਕਾਲੀ ਦਲ ਲੋਕਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਟਿਆਲਾ ਤੋਂ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਇੱਕਜੁੱਟਤਾ ਲਈ 7 ਤੇ 8 ਫਰਵਰੀ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਨੌਰ, ਪਟਿਆਲਾ ਦਿਹਾਤੀ ਨਾਭਾ ਤੇ ਪਾਤੜਾਂ ਵਿਖੇ ਅਕਾਲੀ ਦਲ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਸਮਾਗਮ ਵਿੱਚ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਢੇਸੀ, ਯੁਵਰਾਜ ਭੁਪਿੰਦਰ ਸਿੰਘ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸਤਵੀਰ ਸਿੰਘ ਖੱਟੜਾ, ਸੁਰਜੀਤ ਸਿੰਘ ਗੜੀ, ਸਤਵਿੰਦਰ ਸਿੰਘ ਟੌਹੜਾ, ਜਸਪਾਲ ਸਿੰਘ ਬਿੱਟੂ ਚੱਠਾ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।