ਅਜਿਹੇ ਸਨ ਰਾਜਿੰਦਰ ਬਾਬੂ
ਇਹ ਘਟਨਾ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨਾਲ ਸਬੰਧਿਤ ਹੈ। ਇੱਕ ਵਾਰ ਵਿਦੇਸ਼ ਯਾਤਰਾ ਦੌਰਾਨ ਤੋਹਫ਼ੇ ਵਿੱਚ ਹਾਥੀ ਦੰਦ ਦੀ ਇੱਕ ਕਲਮ-ਦਵਾਤ ਉਨ੍ਹਾਂ ਨੂੰ ਮਿਲੀ। ਲਿਖਦੇ ਸਮੇਂ ਉਹ ਉਸੇ ਕਲਮ-ਦਵਾਤ ਨੂੰ ਜ਼ਿਆਦਾ ਵਰਤਦੇ ਸਨ। ਜਿਸ ਕਮਰੇ ਚ ਉਨ੍ਹਾਂ ਨੇ ਕਲਮ-ਦਵਾਤ ਰੱਖੀ ਸੀ ਉਸਦੀ ਸਫਾਈ ਦਾ ਕੰਮ ਉਨ੍ਹਾਂ ਦਾ ਸੇਵਕ ਤੁਲਸੀ ਕਰਦਾ ਸੀ।
ਤੁਲਸੀ ਰਾਜਿੰਦਰ ਬਾਬੂ ਦੀ ਸੇਵਾ ਤੇ ਉਨ੍ਹਾਂ ਦਾ ਕੰਮ ਬੜੀ ਤਨਦੇਹੀ ਨਾਲ ਮਨ ਲਾ ਕੇ ਕਰਦਾ ਸੀ। ਇੱਕ ਦਿਨ ਮੇਜ ਸਾਫ਼ ਕਰਦੇ ਸਮੇਂ ਕਲਮ-ਦਵਾਤ ਹੇਠਾਂ ਡਿੱਗ ਕੇ ਟੁੱਟ ਗਏ। ਕਲਮ-ਦਵਾਤ ਤਾਂ ਟੁੱਟੇ ਹੀ ਉਸਦੀ ਸਿਆਹੀ ਨਾਲ ਕੀਮਤੀ ਕਾਲੀਨ ਵੀ ਖ਼ਰਾਬ ਹੋ ਗਿਆ। ਰਾਜਿੰਦਰ ਬਾਬੂ ਜਦੋਂ ਆਪਣੇ ਦਫ਼ਤਰ ਆਏ ਤਾਂ ਕਲਮ-ਦਵਾਤ ਨੂੰ ਟੁੱਟੀ ਵੇਖ ਸਮਝ ਗਏ ਕਿ ਤੁਲਸੀ ਤੋਂ ਹੀ ਉਹ ਦਵਾਤ ਟੁੱਟੀ ਹੋਵੇਗੀ।
ਉਨ੍ਹਾਂ ਆਪਣੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਸਕੱਤਰ ਨੂੰ ਕਿਹਾ, ‘‘ਅਜਿਹੇ ਆਦਮੀ ਨੂੰ ਤੁਰੰਤ ਬਦਲ ਦਿਓ।’’ ਸਕੱਤਰ ਨੇ ਆਦੇਸ਼ ਅਨੁਸਾਰ ਤੁਰੰਤ ਤੁਲਸੀ ਨੂੰ ਉੱਥੋਂ ਹਟਾ ਦਿੱਤਾ ਤੇ ਦੂਜਾ ਕੰਮ ਦੇ ਦਿੱਤਾ ।
ਉਸ ਦਿਨ ਰਾਜਿੰਦਰ ਬਾਬੂ ਕੰਮ ਤਾਂ ਕਰਦੇ ਰਹੇ, ਆਉਣ-ਜਾਣ ਵਾਲੇ ਮਹਿਮਾਨਾਂ ਨੂੰ ਵੀ ਮਿਲਦੇ ਰਹੇ, ਪਰ ਉਨ੍ਹਾਂ ਦੇ ਮਨ ’ਚ ਖਲਬਲੀ ਮੱਚੀ ਰਹੀ ਕਿ ਅਖੀਰ ਇੱਕ ਮਾਮੂਲੀ ਜਿਹੀ ਗਲਤੀ ਲਈ ਉਨ੍ਹਾਂ ਨੇ ਤੁਲਸੀ ਨੂੰ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ? ਉਨ੍ਹਾਂ ਨੂੰ ਵਾਰ-ਵਾਰ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਦੀ ਘਟਨਾ ਤਾਂ ਕਿੰਨੀ ਵੀ ਸਾਵਧਾਨੀ ਵਰਤਣ ’ਤੇ ਵੀ ਹੋ ਸਕਦੀ ਹੈ। ਸ਼ਾਮ ਨੂੰ ਰਾਜਿੰਦਰ ਬਾਬੂ ਨੂੰ ਜਦੋਂ ਵਿਹਲ ਮਿਲੀ ਤਾਂ ਉਨ੍ਹਾਂ ਤੁਲਸੀ ਨੂੰ ਬੁਲਾ ਲਿਆ। ਵਿਚਾਰਾ ਡਰਿਆ-ਸਹਿਮਿਆ ਜਿਹਾ ਆ ਕੇ ਖੜ੍ਹਾ ਹੋ ਗਿਆ। ਉਸਦੇ ਹੱਥ-ਪੈਰ ਕੰਬ ਰਹੇ ਸਨ।
ਉਸਦੇ ਆਉਂਦੇ ਹੀ ਰਾਜਿੰਦਰ ਬਾਬੂ ਕੁਰਸੀ ਤੋਂ ਖੜ੍ਹੇ ਹੋ ਗਏ ਤੇ ਬੋਲੇ, ‘‘ਤੁਲਸੀ ਮੈਨੂੰ ਮਾਫ ਕਰ ਦਿਓ!’’ ਵਿਚਾਰੇ ਤੁਲਸੀ ਦੀ ਸਮਝ ਵਿੱਚ ਨਹੀਂ ਆਇਆ ਕਿ ਉਹ ਕੀ ਜਵਾਬ ਦੇਵੇ ਉਸ ਦੇ ਮੂੰਹ ’ਚੋਂ ਕੁੱਝ ਨਹੀਂ ਨਿੱਕਲ ਸਕਿਆ ।
ਉਹ ਰਾਜਿੰਦਰ ਬਾਬੂ ਦੇ ਪੈਰਾਂ ’ਤੇ ਡਿੱਗ ਪਿਆ ਤੇ ਭਰੀ ਆਵਾਜ਼ ’ਚ ਬੋਲਿਆ, ‘‘ਬਾਬੂ! ਤੁਸੀਂ ਇਹ ਕੀ ਕਹਿ ਰਹੇ ਹੋ? ਤੁਸੀ ਤਾਂ ਦਿਆਲੂ ਹੋ, ਸਾਡੇ ਅੰਨਦਾਤਾ ਹੋ। ਤੁਹਾਡੇ ਆਸਰੇ ਹੀ ਤਾਂ ਮੈਂ ਇੱਥੇ ਹਾਂ।’’ ਡਾ. ਰਾਜਿੰਦਰ ਬਾਬੂ ਬੋਲੇ ਕਿ ਪਹਿਲਾਂ ਤੁਸੀਂ ਆਪਣੀ ਪਹਿਲਾਂ ਵਾਲੀ ਡਿਊਟੀ ’ਤੇ ਆਓ ਤੱਦ ਮੈਨੂੰ ਸੰਤੋਸ਼ ਹੋਵੇਗਾ। ਇਹ ਸੁਣਦੇ ਹੀ ਤੁਲਸੀ ਦੀਆਂ ਅੱਖਾਂ ’ਚੋਂ ਹੰਝੂ ਵਗਣ ਲੱਗੇ। ਉਸਨੇ ਰਾਜਿੰਦਰ ਬਾਬੂ ਦੇ ਪੈਰ ਫੜ ਲਏ। ਤੁਲਸੀ ਫਿਰ ਤੋਂ ਉੱਥੇ ਹੀ ਕੰਮ ਕਰਨ ਲੱਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ