Meritorious Schools: ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀ ਹੁਸ਼ਿਆਰ ਪਰ ਸਟਾਫ ਦੀਆਂ ਮੰਗਾਂ ਨਹੀਂ ਮੰਨ ਰਹੀ ਸਰਕਾਰ

Meritorious Schools

ਸਕੂਲਾਂ ਦੇ ਨਤੀਜਿਆਂ ਦੀਆਂ ਵੀਡੀਓਜ਼ ਬਣੀਆਂ ਸਰਕਾਰ ਦੇ ਸੋਸ਼ਲ ਮੀਡੀਆ ਦਾ ਸ਼ਿੰਗਾਰ | Meritorious Schools

ਬਠਿੰਡਾ (ਸੁਖਜੀਤ ਮਾਨ) ਮੈਰੀਟੋਰੀਅਸ ਸਕੂਲਾਂ (Meritorious Schools) ਦੇ ਵਿਦਿਆਰਥੀ ਨਤੀਜਿਆਂ ’ਚ ਮੱਲਾਂ ਮਾਰ ਰਹੇ ਹਨ ਪਰ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਸਟਾਫ ਦੀ ਸਰਕਾਰ ਕੋਈ ਸਾਰ ਨਹੀਂ ਲੈ ਰਹੀ। ਇਹਨਾਂ ਸਕੂਲਾਂ ਦੇ ਅਧਿਆਪਕ ਲੰਮੇ ਸਮੇਂ ਤੋਂ ਮੰਗਾਂ ਪੂਰੀਆਂ ਕਰਨ ਦੀ ਮੰਗ ਕਰ ਰਹੇ ਹਨ ਪਰ ਕਿਸੇ ਪਾਸਿਓਂ ਕੋਈ ਸਾਰਥਿਕ ਹੁੰਗਾਰਾ ਨਹੀਂ ਭਰਿਆ ਗਿਆ।

ਮੈਰਿਟਾਂ ’ਚ ਆਉਂਦੇ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵੀਡੀਓ ਪੰਜਾਬ ਸਰਕਾਰ ਆਪਣੇ ਸੋਸ਼ਲ ਮੀਡੀਆ ’ਤੇ ਪਾ ਕੇ ਸਕੂਲਾਂ ਦੀ ਚੜ੍ਹਤ ’ਚ ਆਪਣੇ ਯੋਗਦਾਨ ਦਾ ਜ਼ਿਕਰ ਹੁਣ ਜ਼ਰੂਰ ਕਰਨ ਲੱਗੀ ਹੈ। ਵੇਰਵਿਆਂ ਮੁਤਾਬਿਕ ਮੈਰੀਟੋਰੀਅਸ ਸਕੂਲਾਂ ਦੇ ਨਤੀਜਿਆਂ ਨੂੰ ਆਖਰਕਾਰ ਪੰਜਾਬ ਸਰਕਾਰ ਨੇ ਆਪਣੇ ਚੱਲ ਰਹੇ ਫੇਸਬੁੱਕ ਪੇਜ ’ਤੇ ਪਾਉਣਾ ਸ਼ੁਰੂ ਕਰ ਦਿੱਤਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਰੀਟੋਰੀਅਸ ਸਕੂਲਾਂ ਦੇ ਨਤੀਜੇ ਬਿਹਤਰ ਰਹੇ ਸਨ। ਇਸ ਵਾਰ ਬਾਰ੍ਹਵੀਂ ਬੋਰਡ ਪ੍ਰੀਖਿਆ ’ਚੋਂ 86 ਵਿਦਿਆਰਥੀਆਂ ਨੇ ਮੈਰਿਟ ਵਿੱਚ ਆ ਕੇ ਆਪਣੀ ਸਫ਼ਲਤਾ ਦੇ ਝੰਡੇ ਗੱਡੇ ਉੱਥੇ ਦੂਜੇ ਪਾਸੇ ਪ੍ਰਤੀਯੋਗੀ ਪ੍ਰੀਖਿਆਵਾਂ ਨੀਟ ਵਿੱਚੋਂ 243 ਤੇ ਜੇਈ ਵਿੱਚੋਂ 118 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰਕੇ ਮੈਰੀਟੋਰੀਅਸ ਸਕੂਲਾਂ ਦਾ ਨਾਮ ਰੁਸ਼ਨਾਇਆ ਹੈ । Meritorious Schools

ਪੰਜਾਬ ਸਰਕਾਰ ਦੀ ਸ਼ੋਸ਼ਲ ਮੀਡੀਆ ਟੀਮ ਮੈਰੀਟੋਰੀਅਸ ਸਕੂਲਾਂ ਵਿੱਚੋਂ ਪ੍ਰਤੀਯੋਗੀ ਪ੍ਰੀਖਿਆਵਾਂ ਜਿਵੇਂ ਕਿ ਨੀਟ, ਜੇਈ ਮੇਨ ਵਿੱਚੋਂ ਸਫ਼ਲ ਰਹੇ ਵਿਦਿਆਰਥੀਆਂ ਦੇ ਘਰ ਤੱਕ ਪਹੁੰਚ ਕਰਕੇ ਵਿਦਿਆਰਥੀਆਂ ਦੀ ਮਿਹਨਤ ਤੇ ਕਾਮਯਾਬੀ ਨੂੰ ਦਿਖਾ ਰਹੀ ਹੈ, ਨਾਲ ਇਹ ਵੀ ਸੁਨੇਹਾ ਦਿੱਤਾ ਜਾ ਰਿਹਾ ਕਿ ਸਰਕਾਰੀ ਸਕੂਲ ਉੱਤਮ ਸਕੂਲ ਹਨ, ਸਰਕਾਰ ਦੁਆਰਾ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਨੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ।

Meritorious Schools

ਦੂਜੇ ਪਾਸੇ ਵਿਦਿਆਰਥੀਆਂ ਦੇ ਘਰ ਦੀ ਆਰਥਿਕ ਹਾਲਤ ਨੂੰ ਵੀ ਦਿਖਾਇਆ ਜਾ ਰਿਹਾ ਹੈ ਕਿ ਗਰੀਬੀ ਹੋਣ ਦੇ ਬਾਵਜੂਦ ਇਹਨਾਂ ਵਿਦਿਆਰਥੀਆਂ ਨੇ ਮਿਹਨਤ ਕਰਕੇ ਆਪਣਾ ਭਵਿੱਖ ਚਮਕਾਇਆ ਹੈ। ਵਿਦਿਆਰਥੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਸਿਰ ਬੰਨ੍ਹ ਰਹੇ ਹਨ ਕਿ ਉਹਨਾਂ ਯੋਗ ਅਗਵਾਈ ਪ੍ਰਦਾਨ ਕੀਤੀ ਤੇ ਉਹਨਾਂ ਨੂੰ ਸਫ਼ਲਤਾ ਮਿਲੀ। ਮਾਪੇ ਵੀ ਵੀਡੀਓ ਵਿਚਲੀ ਗੱਲਬਾਤ ਤੋਂ ਦੱਸ ਰਹੇ ਹਨ ਕਿ ਮੈਰੀਟੋਰੀਅਸ ਸਕੂਲਾਂ ਦੇ ਸਟਾਫ ਨੇ ਮਿਹਨਤ ਕਰਵਾ ਕੇ ਉਹਨਾਂ ਦਾ ਭਵਿੱਖ ਚਮਕਾਇਆ ਹੈ ।

ਯੂਨੀਅਨ ਦੇ ਸੂਬਾ ਆਗੂ ਡਾ. ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਪੰਜਾਬ ਸਰਕਾਰ ਨੇ ਇਸ ਨੂੰ ਫੇਸਬੁੱਕ ਪੇਜ ’ਤੇ ਪਾ ਕੇ ਮੈਰੀਟੋਰੀਅਸ ਸਕੂਲਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਹੈ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਰੀਟੋਰੀਅਸ ਸਕੂਲਾਂ ਦੀਆਂ ਪ੍ਰਾਪਤੀਆਂ ਤੇ ਟੀਚਰਾਂ ਦੇ ਕੱਚੇ ਰੁਜ਼ਗਾਰ ਪ੍ਰਤੀ ਆਪਣੀ ਚੁੱਪ ਲਗਾਤਾਰ ਲੰਬੇ ਸਮੇਂ ਤੋਂ ਵੱਟੀ ਹੋਈ ਹੈ ਜਿਸ ਪ੍ਰਤੀ ਮੈਰੀਟੋਰੀਅਸ ਟੀਚਰਾਂ ਵਿੱਚ ਰੋਸ ਦੀ ਭਾਵਨਾ ਹੈ।

ਮੁੱਖ ਮੰਤਰੀ ਤੋਂ ਮੰਗਾਂ ਪੂਰੀਆਂ ਕਰਨ ਦੀ ਮੰਗ | Meritorious Schools

ਕੋਆਰਡੀਨੇਟਰ ਰਾਕੇਸ਼ ਕੁਮਾਰ ਤੇ ਡਾ. ਅਜੇ ਕੁਮਾਰ ਨੇ ਕਿਹਾ ਕਿ ਗ਼ਰੀਬ ਘਰਾਂ ਦੇ ਬੱਚਿਆਂ ਦਾ ਭਵਿੱਖ ਬਣਾਉੁਣ ਵਾਲੇ ਖੁਦ ਸੜਕਾਂ ’ਤੇ ਰੁਲਣ ਲਈ ਮਜ਼ਬੂਰ ਹਨ। ਕੋਆਰਡੀਨੇਟਰ ਸੁਖਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਇਨ੍ਹਾਂ ਸਕੂਲ ਦੇ ਪ੍ਰਧਾਨ ਹਨ, ਸਿੱਧੇ ਤੌਰ ’ਤੇ ਇਹ ਸਕੂਲ ਮੁੱਖ ਮੰਤਰੀ ਦੀ ਅਗਵਾਈ ਹੇਠ ਹਨ ਇਸ ਲਈ ਮੁੱਖ ਮੰਤਰੀ ਮੈਰੀਟੋਰੀਅਸ ਟੀਚਰਾਂ ਦੀਆਂ ਮੰਗਾਂ ਨੂੰ ਹੱਲ ਕਰਨ। ਯੂਨੀਅਨ ਦੇ ਆਗੂ ਡਾ. ਟੀਨਾ ਨੇ ਕਿਹਾ ਕਿ ਮੈਰੀਟੋਰੀਅਸ ਟੀਚਰਾਂ ਨੂੰ ਸਰਕਾਰ ਜਲਦ ਸਿੱਖਿਆ ਵਿਭਾਗ ’ਚ ਰੈਗੂਲਰ ਕਰੇ ਨਹੀਂ ਤਾਂ ਮਜ਼ਬੂਰਨ ਉਨ੍ਹਾਂ ਨੂੰ ਤਿੱਖਾ ਸੰਘਰਸ਼ ਕਰਨਾ ਪਵੇਗਾ।