ਵਿਦਿਅਰਥੀਆਂ ਦੀਆਂ ਸਿਰਜਣਾਤਮਕ ਰੁਚੀਆਂ ਦੇ ਵਿਕਾਸ ਦਾ ਉਪਰਾਲਾ

Students

ਬੱਚੇ ਅਤੇ ਨੌਜਵਾਨ ਕਿਸੇ ਵੀ ਸਮਾਜ ਦਾ ਭਵਿੱਖ ਹੁੰਦੇ ਹਨ। ਵਿਦਿਅਰਥੀਆਂ ਦੇ ਰੂਪ ’ਚ ਸਕੂਲਾਂ ਅਤੇ ਕਾਲਜਾਂ ’ਚ ਪੜ੍ਹਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੁਸ਼ਹਾਲ ਸਮਾਜ ਦੀ ਬੁਨਿਆਦ ਵਜੋਂ ਤਿਆਰ ਕਰਨਾ ਸਰਕਾਰਾਂ ਦੀ ਅਹਿਮ ਜਿੰਮੇਵਾਰੀ ਹੁੰਦੀ ਹੈ। ਵਿਦਿਆਰਥੀਆਂ ਨੂੰ ਸਕੂਲਾਂ ਅਤੇ ਕਾਲਜਾਂ ’ਚ ਪਾਠਕ੍ਰਮ ਦੀਆਂ ਪੁਸਤਕਾਂ ਪੜ੍ਹਾ ਦੇਣਾ ਹੀ ਕਾਫੀ ਨਹੀਂ ਹੁੰਦਾ ਅਤੇ ਨਾ ਹੀ ਕਾਫੀ ਹੁੰਦੀਆਂ ਹਨ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੀਆਂ ਪੁਜੀਸ਼ਨਾਂ। ਜ਼ਿੰਦਗੀ ਦੇ ਇਸ ਪੜ੍ਹਾਅ ’ਤੇ ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਦੀ ਸੋਝੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਸਮਝ ਨੂੰ ਵਿਸ਼ਾਲ, ਵਿਗਿਆਨਕ ਅਤੇ ਤਰਕਸੰਗਤ ਬਣਾਉਣਾ ਬਹੁਤ ਜ਼ਰੂਰੀ ਹੈ।

ਵਿਦਿਆਰਥੀਆਂ ਦੇ ਮਨਾਂ ’ਚ ਮਾਂ ਬੋਲੀ ਪ੍ਰਤੀ ਮਾਣ ਪੈਦਾ ਕਰਨ ਦੇ ਨਾਲ-ਨਾਲ ਪੁਸਤਕ ਸੱਭਿਆਚਾਰ ਨਾਲ ਜੋੜਨਾ ਵੀ ਬੇਹੱਦ ਜਰੂਰੀ ਹੈ। ਮਾਂ ਬੋਲੀ, ਸੱਭਿਆਚਾਰ ਅਤੇ ਸਾਹਿਤ ਨਾਲ ਜੁੜਿਆ ਵਿਦਿਆਰਥੀ ਹੀ ਭਵਿੱਖ ਦਾ ਨਾਗਰਿਕ ਬਣ ਕੇ ਆਪਣੇ ਸਮਾਜ ਦਾ ਨਾਂਅ ਰੌਸ਼ਨ ਕਰਨ ਦੇ ਸਮਰੱਥ ਬਣ ਸਕਦਾ ਹੈ।

ਅਜੋਕੇ ਸਮੇਂ ’ਚ ਬੱਚਿਆਂ ਅਤੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜ ਕੇ ਹੀ ਮੋਬਾਇਲ ਦੀ ਬੇਲੋੜੀ ਵਰਤੋਂ ਅਤੇ ਨਸ਼ਿਆਂ ਦੀ ਅਲਾਮਤ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸਾਹਿਤ ਦਾ ਤਾਂ ਮਤਲਬ ਹੀ ਦੂਜਿਆਂ ਬਾਰੇ ਸੋਚਣਾ ਹੈ ਅਤੇ ਦੂਜਿਆਂ ਬਾਰੇ ਸੋਚਣ ਦੀ ਸਮਰੱਥਾ ਆਪਣੇ ਬਾਰੇ ਸੋਚਣ ਦੀ ਸਮਰੱਥਾ ਤੋਂ ਬਾਅਦ ਹੀ ਪੈਦਾ ਹੁੰਦੀ ਹੈ। ਵਿਕਸਿਤ ਮੁਲਕਾਂ ਦੇ ਬਚਪਨ ਤੇ ਜਵਾਨੀ ਦਾ ਪੁਸਤਕਾਂ ਨਾਲ ਲਗਾਅ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਤਰੱਕੀ ਅਤੇ ਖੁਸ਼ਹਾਲੀ ਦਾ ਅਸਲੀ ਰਾਜ ਪੁਸਤਕਾਂ ਵਿੱਚ ਹੀ ਛੁਪਿਆ ਹੈ।

ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੁਸਤਕਾਂ ਨਾਲ ਜੋੜਨ ਲਈ ਕੀਤੇ ਜਾਣ ਵਾਲੇ ਸਰਕਾਰੀ ਉਪਰਾਲਿਆਂ ’ਚ ਭਾਸ਼ਾ ਵਿਭਾਗ ਦੇ ਉਪਰਾਲੇ ਜ਼ਿਕਰਯੋਗ ਹਨ। ਭਾਸ਼ਾ ਵਿਭਾਗ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀਆਂ ਨਾਲ ਜੋੜ ਕੇ ਪੁਸਤਕਾਂ ਪੜ੍ਹਨ ਦੇ ਆਦੀ ਬਣਾਉਣ ਲਈ ਵਿੱਦਿਅਕ ਸੰਸਥਾਵਾਂ ’ਚ ਭਾਸ਼ਾ ਮੰਚਾਂ ਦੀ ਸਥਾਪਨਾ ਦਾ ਵਿਲੱਖਣ ਉਪਰਾਲਾ ਕੀਤਾ ਗਿਆ ਹੈ। ਭਾਸ਼ਾ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਸਿਰਜਣਾਤਮਕ ਰੁਚੀਆਂ ਦੇ ਵਿਕਾਸ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਸਿਰਜਣਾਤਮਕ ਰੁਚੀਆਂ ਦਾ ਵਿਕਾਸ ਵਿਦਿਆਰਥੀ ਦੀ ਜੀਵਨ ਤਰੱਕੀ ’ਚ ਬਹੁਤ ਅਹਿਮੀਅਤ ਰੱਖਦਾ ਹੈ। ਸਿਰਜਣਾਤਮਕ ਰੁਚੀਆਂ ਦਾ ਵਿਕਾਸ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਦੇ ਨਾਲ-ਨਾਲ ਵਿੱਦਿਅਕ ਪ੍ਰਾਪਤੀਆਂ ਨੂੰ ਸਕਾਰਾਤਮਕ ਰੂਪ ’ਚ ਪ੍ਰਭਾਵਿਤ ਕਰਦਾ ਹੈ। ਸਿਰਜਣਾ ਕਰਨ ਦੇ ਸਮਰੱਥ ਬਣਿਆ ਵਿਦਿਆਰਥੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੇ ਸਮਰੱਥ ਬਣ ਜਾਂਦਾ ਹੈ।

ਵਿਚਾਰਾਂ ਦੇ ਪ੍ਰਗਟਾਵੇ ਦੀ ਸਮਰੱਥਾ ਹੀ ਭਵਿੱਖ ’ਚ ਵਿਦਿਆਰਥੀ ਦੇ ਸਫਲ ਜੀਵਨ ਦਾ ਰਾਹ ਪੱਧਰਾ ਕਰਦੀ ਹੈ। ਸਿਰਜਣਾ ਪੱਖੋਂ ਸਮਰੱਥ ਬਣਿਆ ਵਿਦਿਆਰਥੀ ਯਕੀਨੀ ਤੌਰ ’ਤੇ ਵਿੱਦਿਅਕ ਅਤੇ ਰੁਜ਼ਗਾਰ ਖੇਤਰ ’ਚ ਬਿਹਤਰੀਨ ਪ੍ਰਾਪਤੀਆਂ ਕਰਨ ਦੇ ਸਮਰੱਥ ਬਣ ਜਾਂਦਾ ਹੈ। ਸਿਰਜਣਾਤਮਕ ਰੁਚੀਆਂ ਦਾ ਵਿਕਾਸ ਵਿਅਕਤੀ ’ਚ ਆਤਮ-ਵਿਸ਼ਵਾਸ਼ ਪੈਦਾ ਕਰਦਾ ਹੈ।

ਵਿਦਿਆਰਥੀਆਂ ਦੀਆਂ ਸਿਰਜਣਾਤਮਕ ਰੁਚੀਆਂ ਦੇ ਅਹਿਮ ਨੂੰ ਮੁੱਖ ਰਖਦਿਆਂ ਭਾਸ਼ਾ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਜਾ ਰਹੇ ਹਨ। ਸਕੂਲੀ ਵਿਦਿਆਰਥੀਆਂ ਦੇ ਕਰਵਾਏ ਜਾਣ ਵਾਲੇ ਸਿਰਜਣਾਤਮਕ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਵੱਲੋਂ ਮੌਕੇ ’ਤੇ ਦਿੱਤੇ ਵਿਸ਼ੇ ’ਤੇ 300 ਸ਼ਬਦਾਂ ਤੱਕ ਦੀ ਕਵਿਤਾ ਅਤੇ 600 ਸ਼ਬਦਾਂ ਤੱਕ ਦਾ ਲੇਖ ਅਤੇ ਕਹਾਣੀ ਲਿਖੀ ਜਾਂਦੀ ਹੈ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਹਰ ਜ਼ਿਲ੍ਹੇ ’ਚ ਜ਼ਿਲ੍ਹਾ ਪੱਧਰੀ ਮੁਕਾਬਲੇ ਨਾਲ ਹੋ ਚੁੱਕੀ ਹੈ। ਬਹੁਤ ਸਾਰੇ ਜ਼ਿਲ੍ਹਿਆਂ ਵੱਲੋਂ ਇਹ ਮੁਕਾਬਲੇ ਕਰਵਾਏ ਜਾ ਚੁੱਕੇ ਹਨ ਤੇ ਕਈ ਜ਼ਿਲ੍ਹਿਆਂ ਵੱਲੋਂ ਕਰਵਾਏ ਜਾ ਰਹੇ ਹਨ। ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਇਨਾਮਾਂ ਦੀ ਵਿਵਸਥਾ ਵੀ ਕੀਤੀ ਗਈ ਹੈ। ਹਰ ਵੰਨਗੀ ’ਚ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1000, 750 ਅਤੇ 500 ਰੁਪਏ ਦੀ ਨਕਦ ਰਾਸ਼ੀ ਜਾਂ ਫਿਰ ਵਿਭਾਗੀ ਪੁਸਤਕਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਜ਼ਿਲ੍ਹਾ ਪੱਧਰ ’ਤੇ ਹਰ ਵੰਨਗੀ ਦੇ ਮੁਕਾਬਲੇ ਵਿੱਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਰਾਜ ਪੱਧਰੀ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਰਾਜ ਪੱਧਰੀ ਮੁਕਾਬਲਿਆਂ ਦੌਰਾਨ ਹਰ ਵੰਨਗੀ ਦੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2000, 1500 ਅਤੇ 1000 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਦੀਆਂ ਗਾਇਨ ਰੁਚੀਆਂ ਨੂੰ ਪ੍ਰਫੁਲਿਤ ਕਰਨ ਦੇ ਵੀ ਉਪਰਾਲੇ ਕੀਤੇ ਜਾ ਰਹੇ ਹਨ। ਨਕਦ ਰਾਸ਼ੀ ਇਨਾਮਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਂਦੇ ਹਨ।
ਜ਼ਿਲ੍ਹਾ ਪੱਧਰੀ ਸਿਰਜਣਾਤਮਕ ਅਤੇ ਕਵਿਤਾ ਉਚਾਰਨ ਮੁਕਾਬਲਿਆਂ ਲਈ ਅਧਿਆਪਕਾਂ ਵੱਲੋਂ ਬਹੁਤ ਹੀ ਤਨਦੇਹੀ ਨਾਲ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਜਾ ਰਹੀ ਹੈ ਅਤੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਮੁਕਾਬਲਿਆਂ ’ਚ ਸ਼ਮੂਲੀਅਤ ਕਰਦਿਆਂ ਆਪਣੀ ਸਮਰੱਥਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਉਮੀਦ ਹੀ ਨਹੀਂ ਬਲਕਿ ਯਕੀਨ ਹੈ ਕਿ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਸਿਰਜਣਾਤਮਕ ਰੁਚੀਆਂ ਟੁੰਬਣ ਦਾ ਕੀਤਾ ਜਾ ਰਿਹਾ ਉਪਰਾਲਾ ਵਿਦਿਆਰਥੀਆਂ ਦੀ ਸਫਲ਼ ਸ਼ਖਸੀਅਤ ਉਸਾਰੀ ’ਚ ਮੋਹਰੀ ਭੂਮਿਕਾ ਨਿਭਾਏਗਾ। ਇਸ ਕਾਰਜ ਨੂੰ ਭਾਸ਼ਾਵਾਂ ਬਾਰੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ, ਭਾਸ਼ਾਵਾਂ ਬਾਰੇ ਵਿਭਾਗ ਦੇ ਸਕੱਤਰ ਮੈਡਮ ਜਸਪ੍ਰੀਤ ਤਲਵਾੜ ਦੀ ਅਗਵਾਈ ਅਤੇ ਵਿਭਾਗ ਦੇ ਸੰਯੁਕਤ ਡਾਇਰੈਕਟਰ ਸਮੇਤ ਡਿਪਟੀ ਡਾਇਰੈਕਟਰਾਂ ਅਤੇ ਸਹਾਇਕ ਡਾਇਰੈਟਰਾਂ ਦੀ ਨਿਗਾਰਨੀ ਹੇਠ ਜ਼ਿਲ੍ਹਾ ਭਾਸ਼ਾ ਅਫਸਰਾਂ ਅਤੇ ਖੋਜ ਅਫਸਰਾਂ ਵੱਲੋਂ ਵਿਭਾਗ ਦੇ ਇੰਸਟਰਕਰਾਂ, ਸੁਪਰਡੈਂਟਾਂ, ਸੀਨੀਅਰ ਸਹਾਇਕਾਂ, ਜੂਨੀਅਰ ਸਹਾਇਕਾਂ ਅਤੇ ਕਲਰਕਾਂ ਦੀ ਮੱਦਦ ਨਾਲ ਬਹੁਤ ਹੀ ਸੁਚੱਜੇ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਵਿਦਿਆਰਥੀਆਂ ਦੇ ਇਨ੍ਹਾਂ ਮੁਕਾਬਲਿਆਂ ’ਚ ਭਾਸ਼ਾ ਵਿਭਾਗ ਦੇ ਨਾਲ-ਨਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਵੀ ਤਨਦੇਹੀ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ।

ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ