ਆਰਮੀ ‘ਚ ਭਰਤੀ ਹੋਣ ਲਈ ਦੇਸ ਸਿੰਘ ਫਸ ਗਿਆ ਸੀ ਸੰਗਰੂਰ ਦੀ ਇੱਕ ਐਕਡਮੀ ਦੇ ਜਾਲ ‘ਚ
ਫਿਰੋਜ਼ਪੁਰ ਪੁਲਿਸ ਦੀ ਮੱਦਦ ਨਾਲ ਦਬੋਚੇ ਵਿਅਕਤੀਆਂ ਤੋਂ ਮਿਲੇ 7-8 ਹੋਰ ਨੌਜਵਾਨਾਂ ਦੇ ਸਰਟੀਫਿਕੇਟ
ਫਿਰੋਜ਼ਪੁਰ(ਸੱਚ ਕਹੂੰ ਨਿਊਜ਼) ਆਰਮੀ ‘ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਦੇ ਦੋਸ਼ ‘ਚ ਸੀਆਈਏ ਸਟਾਫ਼ ਤੇ ਥਾਣਾ ਫਿਰੋਜ਼ਪੁਰ ਛਾਉਣੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ
ਜਦ ਕਿ ਦੋ ਵਿਅਕਤੀ ਫਰਾਰ ਹਨ।ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਦੌਰਾਨ ਐਸਪੀ (ਡੀ) ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਫਿਰੋਜ਼ਪੁਰ ਛਾਉਣੀ ‘ਚ ਦੇਸ ਸਿੰਘ ਪੁੱਤਰ ਰਾਜ ਸਿੰਘ ਵਾਸੀ ਗਗਾਨ ਕੇ ਫਾਜ਼ਿਲਕਾ ਨੇ ਸ਼ਿਕਾਇਤ ਦਿੱਤੀ ਸੀ ਕਿ ਆਰਮੀ ‘ਚ ਭਰਤੀ ਹੋਣ ਨੂੰ ਲੈ ਕੇ ਉਸ ਦੀ ਮੁਲਾਕਾਤ ਧਰਮਪ੍ਰੀਤ ਸਿੰਘ ਪੁੱਤਰ ਸਤਪਾਲ ਪਿੰਡ ਪਹਿਲੂ, ਫਰੀਦਕੋਟ ਨਾਲ ਹੋਈ ਸੀ
ਜਿਸ ਨੇ ਦੱਸਿਆ ਕਿ ਹਰਮਨਦੀਪ ਸਿੰਘ ਵਾਸੀ ਗਲੋਟੀ ਕੋਟ ਈਸੇ ਖਾਂ, ਸੁਰਿੰਦਰ ਸਿੰਘ ਉਰਫ ਸ਼ਿੰਦੂ ਵਾਸੀ ਹਰਿਆਊ ਜ਼ਿਲ੍ਹਾ ਸੰਗਰੂਰ, ਗੁਰਮੇਲ ਸਿੰਘ ਮੇਲੀ ਵਾਸੀ ਬਖੋਰਾ ਜ਼ਿਲ੍ਹਾ ਸੰਗਰੂਰ ਤੇ ਕੁਲਵਿੰਦਰ ਸਿੰਘ ਵਾਸੀ ਛਾਜ਼ਲੀ ਨੇ ਜ਼ਿਲ੍ਹਾ ਸੰਗਰੂਰ ਵਿਖੇ ਫਿਜ਼ੀਕਲ ਫਿਟਨੈਸ ਅਕੈਡਮੀ ਖੋਲ੍ਹੀ ਹੋਈ ਹੈ
ਜੋ ਨੌਜਵਾਨਾਂ ਨੂੰ ਆਰਮੀ ‘ਚ ਭਰਤੀ ਕਰਵਾਉਂਦੇ ਹਨ, ਜਿਨ੍ਹਾਂ ਨੇ 29 ਅਕਤੂਬਰ ਨੂੰ ਉਸ ਨੂੰ ਬੱਸ ਅੱਡਾ ਜ਼ੀਰਾ ਵਿਖੇ ਬੁਲਾਇਆ ਤੇ ਫਾਰਚੂਨਰ ਗੱਡੀ ਪੀ ਬੀ 13 ਬੀ ਸੀ 1048 ‘ਚ ਸੁਰਿੰਦਰ ਸਿੰਘ ਤੇ ਹਰਮਨਦੀਪ ਸਿੰਘ ਉਸ ਨੂੰ ਮਿਲੇ ਜਿਨ੍ਹਾਂ ਨੇ ਉਸ ਤੋਂ ਅਸਲ ਸਰਟੀਫਿਕੇਟ ਲੈ ਕੇ ਕਿਹਾ ਕਿ ਉਹ ਉਸ ਨੂੰ ਆਰਮੀ ‘ਚ ਭਰਤੀ ਕਰਵਾ ਦੇਣਗੇ ਤੂੰ ਬੱਸ ਦੋ ਲੱਖ ਰੁਪਏ ਦਾ ਇੰਤਜ਼ਾਮ ਕਰ। ਦੇਸ ਸਿੰਘ ਨੇ ਦੱਸਿਆ ਕਿ ਉਹ ਆਪਣੀ ਮਿਹਨਤ ਨਾਲ ਆਰਮੀ ‘ਚ ਭਰਤੀ ਹੋ ਗਿਆ ਪਰ ਉਕਤ ਵਿਅਕਤੀ ਉਸ ਨੂੰ ਅਸਲ ਸਰਟੀਫਿਕੇਟ ਵਾਪਸ ਕਰਨ ਲਈ ਉਸ ਤੋਂ ਦੋ ਲੱਖ ਰੁਪਏ ਦੀ ਮੰਗ ਕਰਨ ਲੱਗੇ।
ਐੱਸਪੀ (ਡੀ) ਬਲਜੀਤ ਸਿੰਘ ਨੇ ਦੱਸਿਆ ਕਿ ਦੇਸ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਮਿਲਟਰੀ ਇੰਟੈਲੀਜੈਂਸੀ ਨਾਲ ਤਾਲਮੇਲ ਕੀਤਾ ਗਿਆ ਤਾਂ ਜਾਂਚ-ਪੜਤਾਲ ਕਰਨ ਤੋਂ ਬਾਅਦ ਪੈਸੇ ਲੈਣ ਲਈ ਫਿਰੋਜ਼ਪੁਰ ਛਾਉਣੀ ਦੇ ਬੱਸ ਅੱਡੇ ‘ਤੇ ਆਏ ਹਰਮਨਦੀਪ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਫਾਰਚੂਨਰ ਸਮੇਤ ਕਾਬੂ ਕਰਦਿਆਂ ਗੱਡੀ ਦੇ ਡੈਸਬੋਰਡ ‘ਚੋਂ ਦੇਸ ਸਿੰਘ ਦੇ ਸਰਟੀਫਿਕੇਟ ਤੇ ਐਡਮਿੱਟ ਕਾਰਡ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਦੋ ਫਰਾਰ ਸਾਥੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।