ਅੰਤਰ ਰਾਸ਼ਟਰੀ ‘ਮਹਿਲਾ ਦਿਵਸ’ ਮੌਕੇ ਕੌਮੀ ਨਾਗਰਿਕ ਕਾਨੂੰਨ ਦੇ ਵਿਰੋਧ ‘ਚ ਜ਼ੋਰਦਾਰ ਰੈਲੀ

ਦਿੱਲੀ ਵਿੱਚ ਦੰਗਾ ਪੀੜਤ ਪਰਿਵਾਰਾਂ ਉੱਪਰ ਹੋਈ ਹਿੰਸਾ ਲਈ ਜ਼ਿੰਮੇਵਾਰਾਂ ਨੂੰ ਅਸਤੀਫੇ ਦੇਣ ਕੀਤੀ ਮੰਗ

ਮਾਲੇਰਕੋਟਲਾ (ਗੁਰਤੇਜ ਜੋਸ਼ੀ) ਜਿੱਥੇ ਅੱਜ ਪੂਰੇ ਮੁੱਲਖ ਵਿੱਚ ਅੱਜ ਦਾ ਦਿਨ ਔਰਤ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਮਾਲੇਰਕੋਟਲਾ ਵਿਖੇ ਔਰਤਾਂ ਨੇ ਆਪਣਾ ਇਹ ਦਿਨ ਵੱਖਰੇ ਤੌਰ ‘ਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਨੂੰਨ ਐਨ.ਆਰ.ਸੀ, ਸੀ.ਏ.ਏ ਅਤੇ ਐਨ.ਪੀ.ਆਰ. ਖਿਲਾਫ ਇਸਤਰੀ ਜਾਗ੍ਰਤੀ ਮੰਚ ਅਤੇ ਸੰਵਿਧਾਨ ਬਚਾਓ ਸੰਘਰਸ਼ ਮੋਰਚੇ ਦੀ ਰਹਿਨੁਮਾਈ ਹੇਠ ਅੰਤਰ ਰਾਸ਼ਟਰੀ ਔਰਤ ਦਿਵਸ ਸਾਂਝੇ ਤੌਰ ‘ਤੇ ਇੱਕ ਵੱਡੀ ਰੈਲੀ ਦੇ ਰੂਪ ‘ਚ ਸੜਕਾਂ ‘ਤੇ ਆ ਕੇ ਰੋਸ ਮਾਰਚ ਕਰਕੇ ਮਨਾਇਆ। (International Women’s Day)

ਇਹ ਰੋਸ ਰੈਲੀ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਸਥਾਨਕ ਸਰਹੰਦੀ ਗੇਟ (ਜਿੱਥੇ ਪਹਿਲਾਂ ਹੀ ਇਸ ਕਾਨੂੰਨ ਖਿਲਾਫ ਲਗਾਤਾਰ ਐਕਸ਼ਨ ਕਮੇਟੀ ਵੱਲੋਂ ਧਰਨਾ ਜਾਰੀ ਹੈ) ਤੋਂ ਸ਼ੁਰੂ ਹੋ ਕੇ ਕਮਲ ਸਿਨੇਮਾ ਇੰਨਕਲਾਬ ਰੋਡ ‘ਤੇ ਜਾ ਕੇ ਖਤਮ ਕੀਤਾ।ਇਸ ਮੌਕੇ ਸੰਵਿਧਾਨ ਬਚਾਉ ਸੰਘਰਸ਼ ਮੋਰਚੇ ਦੀ ਆਗੂ ਐਡਵੋਕੇਟ ਜਰਕਾ ਜਾਫਰੀ ਅਤੇ ਇਸਤਰੀ ਜਾਗ੍ਰਤੀ ਮੰਚ ਦੀ ਆਗੂ ਨੇ ਕਿਹਾ ਕਿ ਕੇਦਰ ਦੀ ਬੀਜੇਪੀ ਸਰਕਾਰ ਸੰਘ ਦੇ ਹਿੰਦੁਤਵ ਅਤੇ ਅਖੰਡ ਭਾਰਤ ਦੇ ਏਜੰਡੇ ਤਹਿਤ ਐਨ.ਆਰ.ਸੀ, ਸੀ.ਏ.ਏ ਅਤੇ ਐਨ.ਪੀ.ਆਰ ਦੇ ਕਾਨੂੰਨ ਦਾ ਪੈਕੇਜ ਲੈ ਕੇ ਆਈ ਹੈ, ਜੋਕਿ ਇਸ ਹਲਕੇ ਦੇ ਕਿਸੇ ਇੱਕ ਫਿਰਕੇ ਦੇ ਲੋਕਾਂ ਖਿਲਾਫ ਹੀ ਨਹੀਂ ਬਲਕਿ ਪੂਰੇ ਮੁਲਖ ਦੀ ਜਨਤਾ ਦੇ ਖਿਲਾਫ ਹੈ।ਉਨਾਂ ਕਿਹਾ ਕਿ ਇਸ ਫਾਸੀਵਾਦੀ ਹੱਲੇ ਦੇ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਚੱਲ ਰਹੇ ਧਰਨੇ ਨੂੰ ਸਰਕਾਰ  ਚੁਕਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਸਾਡੇ ਅਣਖੀ ਲੋਕ ਕਦੇ ਵੀ ਇਸ ਧਰਨੇ ਨੂੰ ਨਹੀਂ ਚੁਕਾਉਣਗੇ।

ਇਸਤਰੀ ਜਾਗ੍ਰਤੀ ਮੰਚ ਦੀ ਸੂਬਾ ਮੀਤ ਪ੍ਰਧਾਨ ਚਰਨਜੀਤ ਕੌਰ ਬਰਨਾਲਾ ਨੇ ਕਿਹਾ ਕਿ ਪਹਿਲਾਂ ਹੀ ਦੂਜੇ ਦਰਜੇ ਦੀ ਜਿੰਦਗੀ ਹੰਢਾ ਰਹੀਆਂ ਸਾਡੇ ਮੁਲਖ ਦੀਆਂ ਔਰਤਾਂ ਦੀ ਨਾਗਰਿਕਤਾ

ਸਭ ਤੋਂ ਪਹਿਲਾਂ ਸ਼ੱਕ ਦੇ ਘੇਰੇ ਵਿੱਚ ਆਵੇਗੀ ਕਿਉਂਕਿ ਔਰਤਾਂ ਵਿਆਹ ਕਰਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ‘ਤੇ ਵਸਦੀਆਂ ਹਨ।ਉਨ੍ਹਾਂ ਕਿਹਾ ਕਿ ਇਸ ਫਾਸੀਵਾਦੀ ਹਮਲੇ ਖਿਲਾਫ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ  ਸ਼ਹਿਰਾਂ ਦੇ ਮੁਹੱਲਿਆਂ ਵਿੱਚ ਬਾਈਕਾਟ ਕਮੇਟੀਆਂ ਬਣਾਕੇ ਇੰਨ੍ਹਾ ਕਾਨੂੰਨਾਂ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾਵੇਗਾ।  ਇਸ ਮੌਕੇ ਸੰਵਿਧਾਨ ਬਚਾਉ ਸੰਘਰੰਸ ਮੋਰਚੇ ਦੀ ਆਗੂ ਰੇਸ਼ਮਾ,ਪੰਜਾਬ ਸਟੂਡੈਟ ਯੁਨੀਅਨ ਦੀ ਆਗੂ ਸ਼ਾਹਿਦਾ, ਇਕਰਾ, ਸ਼ਬੀਨਾ ਅਤੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਆਗੂ ਪਰਮਜੀਤ ਕੌਰ ਲੌਗੋਵਾਲ ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ, ਇਸ ਕਰਕੇ ਸਥਾਨਕ ਪ੍ਰਸ਼ਾਸਨ ਨੇ ਵੀ ਪੂਰੀ ਪੁਲਿਸ ਫੋਰਸ ਸਮੇਤ ਪੁਖਤਾ ਪ੍ਰਬੰਧ ਕੀਤੇ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।