ਕੇਂਦਰ ਸਰਕਾਰ ਵੱਲੋਂ ਸੁਮਨ ਵਲੰਟੀਅਰ ਰੱਖਣ ਦੇ ਵਿਰੋਧ ’ਚ ਆਸ਼ਾ ਵਰਕਰਾਂ ਵੱਲੋਂ ਜ਼ਬਰਦਸਤ ਰੋਸ਼ ਪ੍ਰਦਰਸ਼ਨ

Asha Workers

ਧਰਨਾ ਲਾ ਕੇ ਕੇਂਦਰ ਸਰਕਾਰ ਖਿਲਾਫ ਕੱਢੀ ਆਪਣੀ ਭੜਾਸ, ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਜੇਕਰ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਯੂਨੀਅਨ ਵੱਲੋਂ ਸੰਘਰਸ਼ ਹੋਰ ਤੇਜ਼ ਤੇ ਤਿੱਖਾ ਕੀਤਾ ਜਾਵੇਗਾ-ਕਮਲਜੀਤ ਕੌਰ ਰੋੜਗੜ

ਐਸ ਐਮ ਓ ਡਾ. ਗੁਰਪ੍ਰੀਤ ਸਿੰਘ ਨਾਗਰਾ ਨੂੰ ਇੱਕ ਮੰਗ ਪੱਤਰ ਕੇਂਦਰ ਸਰਕਾਰ ਦੇ ਨਾਂਅ ਦਿੱਤਾ ਗਿਆ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਆਸ਼ਾ ਵਰਕਰ (Asha Workers) ਅਤੇ ਫੈਸਿਲੀਟੇਟਰ ਯੂਨੀਅਨ ਦੇ ਸੱਦੇ ’ਤੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਦੇਖ ਰੇਖ ਵਿੱਚ ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਵੱਡੀ ਗਿਣਤੀ ’ਚ ਇੱਕਠੀਆਂ ਹੋਈਆਂ ਆਸ਼ਾ ਵਰਕਰਾਂ ਵੱਲੋਂ ਧਰਨਾ ਲਗਾਇਆ। ਇਸ ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਰੋੜਗੜ ਵੱਲੋਂ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਆਸ਼ਾ ਵਰਕਰਾਂ ਵੱਲੋਂ ਪਿਛਲੇ 14 ਸਾਲਾਂ ਤੋਂ ਕੀਤੇ ਜਾ ਰਹੇ ਕੰਮ ਨੂੰ ਦਰਕਿਨਾਰ ਕਰਦੇ ਹੋਏ ਸੁਮਨ ਵਲੰਟੀਅਰ ਰੱਖਣਾ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਕਿ ਆਸ਼ਾ ਵਰਕਰਾਂ ਪੂਰੀ ਇਮਾਨਦਾਰੀ ਅਤੇ ਤਨ ਮਨ ਨਾਲ ਆਪਣਾ ਕਾਰਜ ਅਦਾ ਕਰ ਰਹੀਆਂ ਹਨ। ਇਹ ਆਸ਼ਾ ਵਰਕਰਾਂ ਦਿਨ ਰਾਤ ਦੀ ਪਰਵਾਹ ਕੀਤੇ ਬਿਨ੍ਹਾਂ ਆਪਣੀ ਡਿਊਟੀ ਨਿਭਾ ਰਹੀਆਂ ਹਨ। ਕਮਲਜੀਤ ਕੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਨੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਦੌਰ ’ਚ ਆਪਣੀ ਜਿੰਦਗੀ ਦੀ ਪਰਵਾਹ ਕੀਤੇ ਬਿਨ੍ਹਾਂ ਕੋਰੋਨਾ ਮਰੀਜਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਵੈਕਸੀਨ ਤੱਕ ਕੀਤੀ ਗਈ।

ਉਨ੍ਹਾਂ ਕਿਹਾ ਕਿ ਕੋਰੋਨਾ ਦੇ ਭਿਆਨਕ ਦੌਰ ’ਚ ਜਦੋਂ ਕੋਈ ਘਰੋ ਨਿਕਲਣੋ ਡਰਦਾ ਸੀ ਅਤੇ ਸਭ ਲੋਕ ਆਪਣੇ ਆਪ ਨੂੰ ਬਚਾ ਰਹੇ ਸਨ, ਉਸ ਸਮੇਂ ਇਨ੍ਹਾਂ ਆਸ਼ਾ ਵਰਕਰਾਂ ਨੇ ਅੱਗੇ ਵੱਧ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦਾ ਸਾਥ ਦਿੱਤਾ ਹੈ। ਕਮਲਜੀਤ ਕੌਰ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਇਨ੍ਹਾਂ ਆਸ਼ਾ ਵਰਕਰਾਂ ਦਾ ਮੁੱਲ ਮੋੜਨ ਦੀ ਬਿਜਾਏ ਸੁਮਨ ਵਲੰਟੀਅਰ ਰੱਖਣ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੁਮਨ ਵਲੰਟੀਅਰ ਰੱਖਣ ਦੀ ਬਿਜਾਏ ਪਹਿਲਾ ਤੋਂ ਸਿਹਤ ਵਿਭਾਗ ਆਪਣੀਆਂ ਡਿਊਟੀਆਂ ਨਿਭਾ ਰਹੇ ਵਰਕਰਾਂ ਨੂੰ ਹੀ ਇਹ ਡਿਊਟੀ ਸੋਪੀ ਜਾਵੇ।

ਕੇਂਦਰ ਸਰਕਾਰ ਨੇ ਆਪਣਾ ਇਹ ਫੈਸਲਾ ਨਾ ਬਦਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ

ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਆਪਣਾ ਇਹ ਫੈਸਲਾ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਤੇ ਤਿੱਖਾ ਕੀਤਾ ਜਾਵੇ। ਜਿਸ ਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਇੱਕਠੀਆਂ ਹੋਈਆਂ ਇਨ੍ਹਾਂ ਆਸ਼ਾ ਵਰਕਰਾਂ ਵੱਲੋਂ ਜੰਮ ਕੇ ਕੇਂਦਰ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ਗਈ ਅਤੇ ਨਾਅਰੇਬਾਜੀ ਕਰਦਿਆ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਨ੍ਹਾਂ ਵਰਕਰਾਂ ਵੱਲੋਂ ਐਸ ਐਮ ਓ ਡਾ. ਗੁਰਪ੍ਰੀਤ ਸਿੰਘ ਨਾਗਰਾ ਨੂੰ ਇੱਕ ਮੰਗ ਪੱਤਰ ਕੇਂਦਰ ਸਰਕਾਰ ਦੇ ਨਾਮ ਦਿੱਤਾ ਗਿਆ।

ਆਗੂਆਂ ਨੇ ਕਿਹਾ ਕਿ ਇਹ ਰੋਸ਼ ਪ੍ਰਦਰਸ਼ਨ 25 ਫਰਵਰੀ ਤੱਕ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਅਤੇ ਉਹ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਨੂੰ ਚਿੱਠੀ ਰੱਦ ਕਰਵਾ ਕੇ ਹੀ ਦਮ ਲੈਣਗੇ। ਇਸ ਮੌਕੇ ਨੀਲਮ ਸ਼ਰਮਾ ਦੁਧਨ, ਰੁਪਿੰਦਰ ਕੌਰ ਬਘੋਰਾ, ਮਨਪ੍ਰੀਤ ਕੌਰ ਹਰਪਾਲਪੁਰ ਪ੍ਰਧਾਨ, ਮਨਪ੍ਰੀਤ ਕੌਰ ਝਿੱਲ, ਬੇਅੰਤ ਕੌਰ ਕੌਲੀ, ਮਮਤਾ ਰਾਣੀ ਫੈਸਿਲੀਟੇਟਰ, ਨਾਨਕੀ ਫੈਸਿਲੀਟੇਟਰ, ਨਿਰਮਾ, ਕਰਮਜੀਤ ਕੌਰ, ਰਾਜਵਿੰਦਰ ਕੌਰ ਕੋਤ ਤੇ ਹੋਰ ਆਗੂਆਂ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।