ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਫੋਰਸਾਂ ‘ਤੇ ਕੀਤਾ ਪਥਰਾਅ, 5 ਵਿਅਕਤੀ ਜਖ਼ਮੀ
ਸ੍ਰੀਨਗਰ, (ਏਜੰਸੀ)। ਸ੍ਰੀਨਗਰ ‘ਚ ਪੱਥਰਬਾਜ਼ ਨੌਜਵਾਨ ਦੇ ਜਨਾਜੇ ‘ਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਸੀਆਰਪੀਐਫ਼ ਦੇ ਸ੍ਰੀਨਗਰ ਯੂਨਿਟ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਨਾਜੇ ‘ਚ ਚੱਲ ਰਹੀ ਭੀੜ ਉਸ ਸਮੇਂ ਬੇਕਾਬੂ ਹੋ ਗਈ, ਜਦੋਂ ਸੁਰੱਖਿਆ ਫੋਰਸਾਂ ਨੇ ਆਈਐਸਆਈਐਸ ਦੇ ਝੰਡੇ ਲਹਿਰਾਉਣ ‘ਤੇ ਨਰਾਜ਼ਗੀ ਪ੍ਰਗਟਾਈ। ਇਸ ਦੌਰਾਨ ਸੁਰੱਖਿਆ ਫੋਰਸਾਂ ਨਾਲ ਉਨ੍ਹਾਂ ਦੀ ਹਿੰਸਕ ਝੜਪ ‘ਚ ਪੰਜ ਵਿਅਕਤੀ ਜ਼ਖ਼ਮੀ ਹੋਏ ਹਨ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਡਾਊਨ-ਟਾਊਨ ‘ਚ ਸ਼ੁੱਕਰਵਾਰ ਨੂੰ ਪੱਥਰਬਾਜ਼ੀ ਦੌਰਾਨ ਇੱਕ ਨੌਜਵਾਨ ਕੈਂਸਰ ਅਹਿਮਦ ਸੀਆਰਪੀਐਫ ਦੀ ਜਿਪਸੀ ਹੇਠਾਂ ਆ ਗਿਆ ਸੀ ਅਤੇ ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੇ ਮਰਨ ਦੀ ਸੂਚਨਾ ਤੋਂ ਬਾਅਦ ਘਾਟ ‘ਚ ਕਾਫੀ ਤਣਾਅ ਹੈ। ਸ਼ਨਿੱਚਰਵਾਰ ਨੂੰ ਫਤਿਹਕਦਲ ਉਸ ਦੇ ਜੱਦੀ ਨਿਵਾਸ ‘ਤੇ ਲਿਜਾਇਆ ਗਿਆ ਅਤੇ ਉੱਥੇ ਨੇੜੇ ਸਥਿੱਤ ਕਬਰ ‘ਚ ਸਵੇਰੇ 10 ਵਜੇ ਦੇ ਲਗਭਗ ਸਪੁਰਦੇ-ਖਾਕ ਕੀਤਾ ਗਿਆ। ਇਸ ਦਰਮਿਆਨ ਪ੍ਰਸ਼ਾਸਨ ਨੇ ਹਾਲਾਤ ਅਤੇ ਅਫਵਾਹਾਂ ‘ਤੇ ਕਾਬੂ ਪਾਉਣ ਲਈ ਬੜਗਾਮ ‘ਚ ਮੋਬਾਇਲ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨ ਤੋਂ ਇਲਾਵਾ ਡਾਊਨ-ਟਾਊਨ ‘ਚ ਵਿਸ਼ੇਸ਼ ਧਾਰਾ ਲਾਗੂ ਕਰ ਦਿੱਤੀ ਹੈ। ਸਾਰੇ ਸੰਵੇਦਨਸ਼ੀਲ ਇਲਾਕਿਆਂ ‘ਚ ਸੁਰੱਖਿਆ ਫੋਰਸਾਂ ਦੀ ਤਾਇਨਾਤ ਵਧਾ ਦਿੱਤੀ ਗਈ ਹੈ।