ਕਹਾਣੀ | ਘਾਲਣਾ

Wear

Story | Wear : ਕਹਾਣੀ | ਘਾਲਣਾ

ਬਸੰਤ ਕੌਰ ਉਰਫ ਸੰਤੀ, ਸ਼ਾਇਦ ਉਸਦੇ ਨਾਂਅ ਵਿੱਚ ਹੀ ਬਹਾਰ ਦਾ ਜ਼ਿਕਰ ਸੀ ਪਰ ਉਸਦੀ ਅਸਲੀ ਜਿੰਦਗੀ ਵਿੱਚੋਂ ਤਾਂ ਕਦੇ ਪੱਤਝੜ ਵਾਲੀ ਰੁੱਤ ਗਈ ਹੀ ਨਹੀਂ ਸੀ ਪਿਛਲੇ ਜਨਮ ਉਸਨੇ ਖੌਰੇ ਕਿਹੜੇ ਪਾਪ ਕਮਾਏ ਸੀ ਜਿਸ ਕਰਕੇ ਉਸ ਨੂੰ ਇੰਨੇ ਦੁੱਖ ਮਿਲੇ ਸਨ ਸਾਰੀ ਜਿੰਦਗੀ ਹੀ ਉਸਦੀ ਤੰਗਹਾਲੀ, ਸਮਝੌਤਿਆਂ, ਕਬੀਲਦਾਰੀਆਂ ਤੇ ਰਿਸ਼ਤਿਆਂ ਨੂੰ ਸਾਂਭਦਿਆਂ ਲੰਘ ਗਈ ਸੀ ਹਾਸੇ ਤੇ ਚਾਅ ਤਾਂ ਬਹੁਤ ਸਮਾਂ ਪਹਿਲਾਂ ਹੀ ਉਸਦੀ ਜਿੰਦਗੀ ਵਿੱਚੋਂ ਕਿਧਰੇ Àੁੱਡ-ਪੁੱਡ ਗਏ ਸਨ ਪਰ ਅੱਜ ਆਥਣੇ ਹੋਏ ਕਲੇਸ਼ ਨੇ ਸੰਤੀ ਤੇ ਉਸਦੀ ਸੱਸ ਦਲੀਪ ਕੌਰ ਨੂੰ ਅੰਦਰੋਂ ਤੋੜ ਦਿੱਤਾ ਸੀ। ਕਲੇਸ਼ ਵੀ ਕਾਹਦਾ ਸੀ! ਬੱਸ ਤੇਜ਼ ਤੇ ਚਤੁਰ ਨੂੰਹ ਦੀਆਂ ਤਾਨਾਸ਼ਾਹੀਆਂ ਤੇ ਪਰਿਵਾਰ ਵਿੱਚ ਆਪਸੀ ਫੁੱਟ ਪਾਉਣ ਵਾਲੀਆਂ ਗਲਤ ਹਰਕਤਾਂ ਹੀ ਸਨ। ਜਿਨ੍ਹਾਂ ‘ਤੇ ਸੰਤੀ ਦਾ ਮੁੰਡਾ ਪਾਲੀ ਕਬੂਤਰ ਵਾਂਗ ਅੱਖਾਂ ਮੀਚ ਯਕੀਨ ਕਰ ਲੈਂਦਾ ਸੀ ।

ਰੋਜ਼ ਦੀ ਕਿਚ-ਕਿਚ ਤਾਂ ਭਾਵੇਂ ਆਮ ਗੱਲ ਸੀ ਪਰ ਅੱਜ ਸੰਤੀ ਦੀ ਨੂੰਹ ਰੂਪੀ ਬਹੁਤ ਹਰਖੀ ਹੋਈ ਸੀ ਕਿਉਂਕਿ ਉਸਦੀਆਂ ਸੱਸਾਂ ਕੋਠੀ ਵਿੱਚ ਚੱਪਲਾਂ ਲੈ ਕੇ ਵੜ ਜਾਂਦੀਆਂ ਸਨ ਜਿਸ ਕਰਕੇ ਅੰਦਰ ਰੇਤਾ ਚਲਾ ਜਾਂਦਾ ਸੀ। ਬੱਸ ਫਿਰ ਕੀ ਸੀ ਉਸਨੂੰ ਪਾਲੀ ਦੇ ਕੰਨ ਭਰਨ ਦਾ ਵਧੀਆ ਮੌਕਾ ਮਿਲ ਗਿਆ ਅਤੇ ਸ਼ਾਮ ਨੂੰ ਪਾਲੀ ਦੇ ਘਰ ਆਉਂਦਿਆਂ ਹੀ ਸ਼ਿਕਾਇਤਾਂ ਸ਼ੁਰੂ ਹੋ ਗਈਆਂ ਤੇ ਦੱਸਦਿਆਂ-ਦੱਸਦਿਆਂ ਰੂਪੀ ਦੀਆਂ ਅੱਖਾਂ ਵਿੱਚ ਚਾਰ ਮਗਰਮੱਛ ਵਾਲੇ ਹੰਝੂ ਕੀ ਆ ਗਏ ਪਾਲੀ ਦਾ ਪਾਰਾ ਵਧ ਗਿਆ।

Story | ਕਹਾਣੀ | ਘਾਲਣਾ

Wear

”ਮੈਂ ਸੋਨੂੰ ਵੀਹ ਵਾਰੀ ਕਿਹਾ ਕਿ ਲਿੱਬੜੇ ਖੁਰੜੇ ਲੈ ਕੇ ਅੰਦਰ ਨਾ ਵੜਿਆ ਕਰੋ, ਇਹ ਵਿਚਾਰੀ ਤਾਂ ਪਹਿਲਾਂ ਹੀ ਮਸਾਂ ਸਫਾਈਆਂ ਕਰਦੀ ਐ, ਪਰ ਨਹੀਂ! ਸੋਡੀ ਤਾਂ ਮੱਤ ਈ ਗਿੱਟਿਆਂ ਵਿੱਚ ਆ, ਮਿੰਟ ਮਗਰੋਂ ਅੰਦਰ ਜਾ ਵੜਦੀਆਂ ਪਤਾ ਨਹੀਂ ਕੀ ਇਨ੍ਹਾਂ ਦੀਆਂ ਟੂੰਮਾਂ ਹਰੀਆਂ ਹੁੰਦੀਆਂ? ਐਵੇਂ ਨਾ ਵਾਰੀ-ਵਾਰੀ ਕੋਠੀ ਵਿੱਚ ਵੜਿਆ ਕਰੋ।”ਘਰਵਾਲੀ ਦੀ ਚੱਕ ਤੇ ਸ਼ਰਾਬ ਦੇ ਨਸ਼ੇ ਵਿੱਚ ਪਾਲੀ ਆਪਣੀ ਮਾਂ ਤੇ ਦਾਦੀ ਨੂੰ ਅੱਜ ਪਤਾ ਨਹੀਂ ਕੀ-ਕੀ ਅਨਾਬ-ਸ਼ਨਾਬ ਬਕ ਗਿਆ ਸੀ ਪਾਲੀ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਸੰਤੀ ਦਾ ਮੂੰਹ ਅੱਡਿਆ ਰਹਿ ਗਿਆ ਸੀ ਇੱਕ ਵਾਰ ਤਾਂ ਸੰਤੀ ਦਾ ਚਿੱਤ ਕੀਤਾ ਕਿ ਉਹ ਪਾਲੀ ਨੂੰ ਉਸਦੀਆਂ ਗੱਲਾਂ ਦਾ ਜਵਾਬ ਦੇ ਹੀ ਦੇਵੇ ਪਰ ਫਿਰ ਕੁਝ ਸੋਚ ਕੇ ਉਹ ਸਬਰ ਦਾ ਘੁੱਟ ਅੰਦਰ ਹੀ ਲੰਘਾ ਗਈ, ਬਾਕੀ ਪੁੱਤ ਨੂੰ ਕੀ ਕਹੇ ਜਦ ਰੱਬ ਨੇ ਲੇਖ ਹੀ ਅਜਿਹੇ ਲਿਖੇ ਸਨ।

ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੰਤੀ ਹੀ ਸੀ ਜਦ ਮਾਂ ਮਰੀ ਤਾਂ ਚੁੱਲ੍ਹੇ-ਚੌਕੇ ਸਮੇਤ ਛੋਟੇ ਭੈਣ-ਭਰਾਵਾਂ ਦੀ ਜਿੰਮੇਵਾਰੀ ਵੀ ਸੰਤੀ ਸਿਰ ਆ ਪਈ ਸਕੂਲ ਤਾਂ ਮਸੀਂ ਉਹ ਦੋ ਕੁ ਸਾਲ ਹੀ ਗਈ ਸੀ। ਜਵਾਕਾਂ ਦੇ ਭਲੇ ਲਈ ਸੰਤੀ ਦੇ ਬਾਪ ਨੇ ਦੂਜਾ ਵਿਆਹ ਨਹੀਂ ਕਰਵਾਇਆ ਸੀ ਬਾਕੀ ਸਾਰਾ ਪਰਿਵਾਰ ਇਕੱਠਾ ਹੀ ਰਹਿੰਦਾ ਸੀ ਤੇ ਉਸਦੀਆਂ ਚਾਚੀਆਂ-ਤਾਈਆਂ ਵੀ ਚੰਗੇ ਸੁਭਾਅ ਦੀਆਂ ਸਨ ।

Story | ਕਹਾਣੀ | ਘਾਲਣਾ

ਲਗਭਗ ਪੰਦਰਾਂ ਕੁ ਸਾਲਾਂ ਦੀ ਉਮਰ ਵਿੱਚ ਉਸਦਾ ਵਿਆਹ ਤੇਜਾ ਸਿੰਘ ਨਾਲ ਹੋ ਗਿਆ ਸੀ ਸੰਤੀ ਦਾ ਸਹੁਰਾ ਪਰਿਵਾਰ ਸ਼ਰੀਫ ਤੇ ਮਿਹਨਤੀ ਸੀ ਸੰਤੀ ਦੀ ਕੁੱਖੋਂ ਦੋ ਕੁੜੀਆਂ ਮਗਰੋਂ ਪਾਲੀ ਦਾ ਜਨਮ ਹੋਇਆ ਸੀ ਘਰੇ ਦੁੱਧ ਘਿਉ ਆਮ ਹੋਣ ਕਰਕੇ ਉਸਨੇ ਆਪਣੇ ਤਿੰਨੇ ਹੀ ਬੱਚਿਆਂ ਦੀ ਦੇਖਭਾਲ ਬੜੇ ਚਾਵਾਂ ਨਾਲ ਕੀਤੀ ਸੀ ਤੇ ਉਸਦੇ ਸਾਰੇ ਹੀ ਜਵਾਕ ਹੱਡਾਂ-ਪੈਰਾਂ ਦੇ ਖੁੱਲ੍ਹੇ ਸਨ ਸੰਤੀ ਦੀ ਜਿੰਦਗੀ ਵਿੱਚ ਹਾਸੇ ਤੇ ਚਾਅ ਹੀ ਗੂੰਜਦੇ ਸਨ ਪਰ ਇਹਨਾਂ ਖੁਸ਼ੀਆਂ ਨੂੰ ਤਦ ਗ੍ਰਹਿਣ ਜਾ ਲੱਗਾ ਜਦ ਤੇਜਾ ਸਿੰਘ ਨੂੰ ਪੀਲੀਏ ਦੀ ਬਿਮਾਰੀ ਨੇ ਆ ਜਕੜਿਆ ਤੇ ਮਹੀਨੇ ਵਿੱਚ ਹੀ ਉਸਨੇ ਆਪਣੇ ਸੁਆਸ ਤਿਆਗ ਦਿੱਤੇ।

ਸੰਤੀ ਦੀ ਜਿੰਦਗੀ ਵਿੱਚ ਅਚਾਨਕ ਹੀ ਦੁੱਖਾਂ ਦੀ ਹਨ੍ਹੇਰੀ ਆ ਗਈ ਸੀ ਤੇਜਾ ਸਿੰਘ ਦੇ ਭੋਗ ਵੇਲੇ ਸੰਤੀ ਦੇ ਪੇਕੇ ਪਰਿਵਾਰ ਵੱਲੋਂ ਜਦ ਉਸਦਾ ਦੂਜਾ ਵਿਆਹ ਕਰਨ ਬਾਰੇ ਕਿਹਾ ਗਿਆ ਤੇ ਉਸਨੂੰ ਸਮਝਾਇਆ ਗਿਆ ਕਿ ਬਿਨਾਂ ਕਿਸੇ ਸਹਾਰੇ ਦੇ ਜਿੰਦਗੀ ਕੱਟਣੀ ਬਹੁਤ ਮੁਸ਼ਕਲ ਹੈ ਤਾਂ ਪਰ ਉਸਨੇ ਬੱਚਿਆਂ ਅਤੇ ਮਾਂ ਵਰਗੀ ਬੁੱਢੀ ਸੱਸ ਨੂੰ ਇਕੱਲਿਆਂ ਛੱਡ ਕੇ ਕਿਤੇ ਹੋਰ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ।

ਭਰਾਵਾਂ ਤੇ ਚਾਚੇ-ਤਾਇਆਂ ਨੂੰ ਨਾ ਚਾਹੁੰਦੇ ਹੋਏ ਵੀ ਉਸ ਦੀ ਜਿੱਦ ਅੱਗੇ ਝੁਕਣਾ ਪਿਆ ਸੀ ਘਰ ਵਿੱਚ ਹੁਣ ਕੋਈ ਖੇਤੀ ਕਰਨ ਵਾਲਾ ਨਹੀਂ ਰਹਿ ਗਿਆ ਸੀ ਇਸ ਕਰਕੇ ਸਾਰੀ ਜ਼ਮੀਨ ਹਿੱਸੇ ‘ਤੇ ਦਿੱਤੀ ਜਾਣ ਲੱਗੀ ਸੰਤੀ ਘਰ ਦੇ ਗੁਜ਼ਾਰੇ ਲਈ ਪਸ਼ੂ ਪਾਲ ਕੇ ਦੁੱਧ ਵੇਚਣ ਲੱਗੀ ਅਤੇ ਵਿਹਲੇ ਸਮੇਂ ਦੋਵੇਂ ਨੂੰਹ-ਸੱਸ ਘਰੇ ਕੰਬਲ ਖੇਸ ਬੁਣਦੀਆਂ ਇੰਝ ਕਿਰਸਾਂ ਤੇ ਮਿਹਨਤਾਂ ਕਰ-ਕਰ ਸੰਤੀ ਨੇ ਆਪਣੇ ਚਾਰੇ ਜਵਾਕਾਂ ਦਾ ਵਧੀਆ ਪਾਲਣ-ਪੋਸ਼ਣ ਕੀਤਾ ਸੀ ਉਹਨਾਂ ਦੀ ਹਰ ਜਾਇਜ਼ ਮੰਗ ਪੂਰੀ ਹੁੰਦੀ ਸੀ।

ਕਹਾਣੀ | ਘਾਲਣਾ

ਸੰਤੀ ਦੀਆਂ ਦੋਵੇਂ ਕੁੜੀਆਂ ਡਿਗਰੀ ਕਰ ਗਈਆਂ ਸਨ ਤੇ ਸਰਕਾਰੀ ਨੌਕਰੀ ਲੱਗ ਗਈਆਂ ਸਨ ਪਰ ਲਾਡ-ਪਿਆਰ ਤੇ ਖੇਤੀ ਦੇ ਚਾਅ ਵਿੱਚ ਪਾਲੀ ਨੇ ਮਸਾਂ ਹੀ ਦਸ ਜਮਾਤਾਂ ਕੀਤੀਆਂ ਸਨ ਪਾਲੀ ਲਗਭਗ ਵੀਹ ਸਾਲਾਂ ਦਾ ਹੋ ਗਿਆ ਸੀ ਪਰ ਚੰਗੀ ਖੁਰਾਕ ਤੇ ਭਰਵੇਂ ਜੁੱਸੇ ਕਰਕੇ ਉਹ ਨਾਲ ਦੇ ਜੰਮਿਆਂ ਤੋਂ ਦੁੱਗਣਾ ਲੱਗਦਾ ਸੀ ਹੌਲੀ-ਹੌਲੀ ਉਹ ਖੁਦ ਖੇਤੀ ਕਰਨ ਲੱਗਾ ਜਵਾਨ ਖੂਨ ਤੇ ਉੱਪਰੋਂ ਨਵੀਂ-ਨਵੀਂ ਖੇਤੀ ਦਾ ਚਾਅ, ਦੋ ਸਾਲਾਂ ਵਿੱਚ ਹੀ ਉਸਨੇ ਸਾਰੀ ਜ਼ਮੀਨ ਦੀ ਨੁਹਾਰ ਬਦਲ ਦਿੱਤੀ ਸੀ ਸਾਰੇ ਖੇਤਾਂ ਵਿੱਚ ਉਸਨੇ ਮੋਟਰਾਂ ਲਾ ਦਿੱਤੀਆਂ ਸਨ, ਜਿਨ੍ਹਾਂ ਖੇਤਾਂ ਵਿੱਚ ਕਦੇ ਗਵਾਰਾ ਵੀ ਮਸੀਂ ਹੁੰਦਾ ਸੀ ਉੱਥੇ ਹੁਣ ਝੋਨਾ ਹੋਣ ਲੱਗ ਪਿਆ ਸੀ।

ਪਾਲੀ ਨੇ ਇੱਕ-ਇੱਕ ਕਰਕੇ ਸਾਰੇ ਸੰਦ-ਸੰਦੇੜੇ ਵੀ ਖਰੀਦ ਲਏ ਸਨ ਪਿੰਡ ਵਿੱਚ ਪਾਲੀ ਦੀ ਮਿਹਨਤ ਤੇ ਉਸ ਦੁਆਰਾ ਕੀਤੀ ਜਾਂਦੀ ਖੇਤੀ ਦੀਆਂ ਗੱਲਾਂ ਹੁੰਦੀਆਂ ਸਨ ਸੰਤੀ ਤੇ ਉਸਦਾ ਸਾਰਾ ਹੀ ਪਰਿਵਾਰ ਪਾਲੀ ਦੀਆਂ ਸਿਫਤਾਂ ਕਰਦਾ ਨਾ ਥੱਕਦਾ ਪੁੱਤ ਦੇ ਹੌਸਲੇ ਨੇ ਸੰਤੀ ਨੂੰ ਪਿਛਲਾ ਮਾੜਾ ਵਕਤ ਭੁਲਾ ਦਿੱਤਾ ਸੀ ਪਾਲੀ ਜਦ ਵੀ ਖੇਤੋਂ ਘਰ ਆਉਂਦਾ ਤਾਂ ਸਾਰਾ ਟੱਬਰ ਉਸਦੇ ਅੱਗੇ-ਪਿੱਛੇ ਰੋਟੀ-ਪਾਣੀ ਲਈ ਫਿਰਦਾ ਰਹਿੰਦਾ ਕਿਉਂਕਿ ਪਾਲੀ ਲਗਭਗ ਸਾਰਾ ਹੀ ਦਿਨ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਸੀ ਤੇ ਰਾਤ ਨੂੰ ਹੀ ਘਰ ਵੜਦਾ ਸੀ।

ਮੁੰਡਾ ਕੰਮ ਵਾਲਾ ਤੇ ਸਿਆਣਾ ਸੀ ਇਸ ਕਰਕੇ ਪਾਲੀ ਨੂੰ ਰਿਸ਼ਤੇ ਆਉਣ ਲੱਗੇ ਪਰ ਪਾਲੀ ਦੀ ਜਿੱਦ ਸੀ ਕਿ ਉਹ ਪਹਿਲਾਂ ਦੋਵਾਂ ਭੈਣਾਂ ਦੇ ਵਿਆਹ ਕਰੇਗਾ ਫਿਰ ਹੀ ਖੁਦ ਵਿਆਹ ਕਰਵਾਏਗਾ ਤੇ ਉਸ ਨੇ ਇੰਝ ਹੀ ਕੀਤਾ ਦੋਵਾਂ ਭੈਣਾਂ ਨੂੰ ਚੰਗੇ ਖਾਨਦਾਨੀ ਤੇ ਸਰਕਾਰੀ ਨੌਕਰੀ ਕਰਦੇ ਪਰਿਵਾਰਾਂ ਵਿੱਚ ਵਿਆਹਿਆ ਉਸ ਤੋਂ ਮਗਰੋਂ ਪਾਲੀ ਲਈ ਦੋ ਰਿਸ਼ਤਿਆਂ ਬਾਰੇ ਦੱਸ ਪਈ ਇੱਕ ਲੜਕੀ ਪਾਲੀ ਜਿੰਨਾ ਹੀ ਪੜ੍ਹੀ ਸੀ ਤੇ ਪਾਲੀ ਵਾਂਗ ਹੀ ਕੰਮ-ਕਾਜ ਵਾਲੀ ਸੁਨੱਖੀ ਤੇ ਬਹੁਤ ਹੀ ਚੰਗੇ ਸੁਭਾਅ ਦੀ ਕੁੜੀ ਸੀ।

ਸੰਤੀ ਤੇ ਉਸਦੇ ਜਿੰਨੇ ਵੀ ਰਿਸ਼ਤੇਦਾਰਾਂ ਨੇ ਉਸ ਬਾਰੇ ਪਤਾ ਕੀਤਾ ਸਭ ਨੇ ਹੀ ਉਸਦੀਆਂ ਸਿਫਤਾਂ ਕੀਤੀਆਂ ਮਾਂ-ਬਾਪ ਨੇ ਖਰਚਾ ਵੀ ਆਪਣੇ ਵਿੱਤ ਅਨੁਸਾਰ ਵਧੀਆ ਕਰਨਾ ਸੀ ਦੂਜਾ ਰਿਸ਼ਤਾ ਚੰਗੀ ਪੜ੍ਹੀ-ਲਿਖੀ ਤੇ ਬਹੁਤ ਹੀ ਸੁਨੱਖੀ ਕੁੜੀ ਰੂਪੀ ਦਾ ਆਇਆ ਸੀ ਸਲਾਹ ਹੋਈ ਕਿ ਘਰ ਵਿੱਚ ਇੱਕ-ਅੱਧਾ ਪੜ੍ਹਿਆ-ਲਿਖਿਆ ਮੈਂਬਰ ਹੋ ਜਾਵੇਗਾ ਤੇ ਸਿਫਾਰਿਸ਼ ਪਵਾ ਕੇ ਸਰਕਾਰੀ ਨੌਕਰੀ ਲਵਾ ਦੇਵਾਂਗੇ।

ਬਾਕੀ ਇੰਨੀ ਸੋਹਣੀ ਕੁੜੀ ਲਈ ਕੋਈ ਨਾਂਹ ਵੀ ਕਿਵੇਂ ਕਰ ਸਕਦਾ ਸੀ ਰਿਸ਼ਤਾ ਹੱਥੋਂ ਨਾ ਲੰਘ ਜਾਵੇ ਇਸ ਕਰਕੇ ਨਾ ਹੀ ਕਿਸੇ ਰਿਸ਼ਤੇਦਾਰ ਨੂੰ ਦੱਸਿਆ ਗਿਆ ਤੇ ਨਾ ਹੀ ਰੂਪੀ ਜਾਂ ਉਸਦੇ ਪਰਿਵਾਰ ਬਾਰੇ ਜਾਣਨ ਦੀ ਕੋਸ਼ਿਸ ਕੀਤੀ ਗਈ ਸਾਰੀ ਪੱਕ-ਠੱਕ ਕਰਕੇ ਹੀ ਵਿਆਹ ਬਾਰੇ ਰਿਸ਼ਤੇਦਾਰਾਂ ਨੂੰ ਦੱਸਿਆ ਗਿਆ ਲਗਭਗ ਤਿੰਨ-ਚਾਰ ਮਹੀਨਿਆਂ ਬਾਅਦ ਪਾਲੀ ਦਾ ਵਿਆਹ ਹੋ ਗਿਆ ਪਾਲੀ ਨੇ ਆਪਣੇ ਵਿਆਹ ਵਿੱਚ ਖਰਚੇ ਵਾਲੀਆਂ ਸਾਰੀਆਂ ਕਸਰਾਂ ਕੱਢ ਦਿੱਤੀਆਂ ਸਨ।

ਹੱਸਦਿਆਂ-ਖੇਡਦਿਆਂ ਕਦ ਇੱਕ ਸਾਲ ਬੀਤ ਗਿਆ ਸੀ ਕੁਝ ਪਤਾ ਹੀ ਨਾ ਲੱਗਾ ਫਿਰ ਹੌਲੀ-ਹੌਲੀ ਨੂੰਹ ਰਾਣੀ ਦਾ ਅਸਲ ਰੂਪ ਸਾਹਮਣੇ ਆਉਣ ਲੱਗਾ ਪਸ਼ੂਆਂ ਕੋਲੋਂ ਤਾਂ ਰੂਪੀ ਪਹਿਲਾਂ ਹੀ ਮੂੰਹ ਢੱਕ ਕੇ ਲੰਘਦੀ ਸੀ ਫਿਰ ਉਹ ਬਾਕੀ ਕੰਮਾਂ ਤੋਂ ਵੀ ਖਹਿੜਾ ਛੁਡਵਾਉਣ ਲੱਗੀ ਜਦ ਕੂਲਰ ਨਾਲ ਵੀ ਗਰਮੀ ਲੱਗਣ ਲੱਗੀ ਤਾਂ ਪਾਲੀ ਨੂੰ ਕਹਿ ਕੇ ਉਸਨੇ ਘਰੇ ਦੋ ਏ. ਸੀ. ਲਗਵਾ ਲਏ ਸਨ।

ਮਹੀਨੇ ਵਿੱਚ ਪਾਲੀ ਦੇ ਅੱਠ-ਦਸ ਗੇੜੇ ਘਰਵਾਲੀ ਦੀਆਂ ਖਰੀਦਦਾਰੀਆਂ ਤੇ ਉਸ ਦੀਆਂ ਰਿਸ਼ਤੇਦਾਰੀਆਂ ਵਿੱਚ ਹੀ ਲੰਘਣ ਲੱਗੇ ਏ. ਸੀ. ਵਾਲੇ ਠੰਢੇ ਕਮਰੇ ਅਤੇ ਘਰਵਾਲੀ ਨੂੰ ਛੱਡ ਕੇ ਖੇਤ ਜਾਣਾ ਹੁਣ ਪਾਲੀ ਨੂੰ ਔਖਾ ਲੱਗਦਾ ਸੀ ਸਾਂਭ-ਸੰਭਾਲ ਨਾ ਹੋਣ ਕਰਕੇ ਫਸਲਾਂ ਦੀ ਕਾਸ਼ਤ ਘਟਣ ਲੱਗੀ ਸੀ ਪੰਜ ਬੰਦਿਆਂ ਜਿੰਨਾ ਇਕੱਲਿਆਂ ਕੰਮ ਕਰਨ ਵਾਲਾ ਪਾਲੀ ਮਸਾਂ ਹੀ ਸਵੇਰੇ-ਸ਼ਾਮ ਖੇਤ ਸਿਰਫ ਗੇੜਾ ਮਾਰਕੇ ਹੀ ਮੁੜ ਆਉਂਦਾ ਖੇਤ ਦਾ ਸਾਰਾ ਕੰਮ ਉਹ ਹੁਣ ਮਜਦੂਰਾਂ ਤੋਂ ਹੀ ਕਰਵਾਉਣ ਲੱਗਾ ਕੁੱਲ ਮਿਲਾ ਕੇ ਪਾਲੀ, ਪਾਲੀ ਨਾ ਰਹਿ ਕੇ ਸਿਰਫ ਆਪਣੀ ਘਰਵਾਲੀ ਦੇ ਹੁਕਮ ਦਾ ਗੁਲਾਮ ਬਣਕੇ ਰਹਿ ਗਿਆ ਸੀ।

ਜਦ ਖੇਤੀ ਕਰਨੀ ਔਖੀ ਲੱਗਣ ਲੱਗੀ ਤਾਂ ਥੋੜ੍ਹੀ ਕੁ ਜਮੀਨ ਰੱਖ ਕੇ ਉਹ ਬਾਕੀ ਸਾਰੀ ਜਮੀਨ ਠੇਕੇ ‘ਤੇ ਦੇਣ ਲੱਗਾ ਘਰਵਾਲੀ ਨੂੰ ਪਸ਼ੂ ਭੈੜੇ ਲੱਗਦੇ ਸਨ ਇਸ ਕਰਕੇ ਸਾਰੇ ਪਸ਼ੂ ਵੇਚ ਦਿੱਤੇ ਗਏ ਜਿਸ ਘਰ ਵਿੱਚ ਹਮੇਸ਼ਾ ਦੁੱਧ-ਘਿਉ ਦੇ ਭੰਡਾਰ ਭਰੇ ਰਹਿੰਦੇ ਸਨ ਹੁਣ ਉਸ ਘਰ ਵਿੱਚ ਮੁੱਲ ਦੇ ਦੁੱਧ ਨਾਲ ਗੁਜ਼ਾਰਾ ਹੋਣ ਲੱਗਾ ਸੀ ਸੰਤੀ ਤੇ ਉਸਦੀ ਸੱਸ ਪਾਲੀ ਨੂੰ ਬਹੁਤ ਸਮਝਾਉਂਦੀਆਂ ਪਰ ਉਸ ‘ਤੇ ਉਹਨਾਂ ਦੇ ਕਹੇ ਦਾ ਕੋਈ ਅਸਰ ਨਾ ਹੁੰਦਾ ਪਾਲੀ ਤਾਂ ਬੱਸ ਉਹੀ ਕਰਦਾ ਸੀ ਜੋ ਰੂਪੀ ਕਹਿੰਦੀ ਸੀ ਪਰਿਵਾਰ, ਖੇਤਾਂ ਅਤੇ ਲੋਕਾਂ ਵਿੱਚ ਸਰਦਾਰੀ ਕਰਨ ਵਾਲਾ ਪਾਲੀ ਹੁਣ ਘਰੇ ਸਫਾਈਆਂ ਜਾਂ ਘਰਵਾਲੀ ਨਾਲ ਦਾਲ ਸਬਜੀ ਦੇ ਕੰਮ ਜੋਗਾ ਹੀ ਰਹਿ ਗਿਆ ਸੀ ।

Story : ਕਹਾਣੀ | ਘਾਲਣਾ

ਸਿਆਣੇ ਕਹਿੰਦੇ ਨੇ ਕਿ ਵਿਹਲਾ ਮਨ ਸ਼ੈਤਾਨ ਦਾ ਘਰ! ਬੱਸ ਇਹੀ ਹਾਲ ਪਾਲੀ ਤੇ ਰੂਪੀ ਦਾ ਸੀ ਰੂਪੀ ਸਾਰਾ ਦਿਨ ਲੜਨ ਦੇ ਬਹਾਨੇ ਭਾਲਦੀ ਰਹਿੰਦੀ ਤੇ ਛੋਟੀ-ਛੋਟੀ ਗੱਲ ‘ਤੇ ਪਾਲੀ ਦੇ ਕੰਨ ਭਰਦੀ ਰਹਿੰਦੀ ਅਤੇ ਪਾਲੀ ਬਗੈਰ ਕੁਝ ਸੋਚੇ-ਸਮਝੇ ਮਾਂ ਤੇ ਦਾਦੀ ਨਾਲ ਕਲ਼ੇਸ਼ ਕਰਨ ਬਹਿ ਜਾਂਦਾ ਸੀ ਬੱਸ ਅੱਜ ਵੀ ਇਹੀ ਕੁਝ ਹੋਇਆ ਸੀ ਸੰਤੀ ਤੇ ਉਸਦੀ ਸੱਸ ਕਈ ਵਾਰ ਪੈਰ ਤਿਲ੍ਹਕਣ ਦੇ ਡਰੋਂ ਕੋਠੀ ਅੰਦਰ ਚੱਪਲਾਂ ਲੈ ਕੇ ਚਲੀਆਂ ਜਾਂਦੀਆਂ ਸਨ ਫਿਰ ਇਸੇ ਗੱਲ ਨੂੰ ਮੁੱਦਾ ਬਣਾ ਕੇ ਰੂਪੀ ਨੇ ਪਾਲੀ ਦੇ ਆਪਣੀ ਮਾਂ ਖਿਲਾਫ ਕੰਨ ਭਰ ਦਿੱਤੇ ਸਨ ਸ਼ਾਮ ਨੂੰ ਘਰ ਆ ਕੇ ਪਾਲੀ ਨੇ ਸੰਤੀ ਹੋਰਾਂ ਨਾਲ ਕਲੇਸ਼ ਕਰ ਲਿਆ ਤੇ ਨਸ਼ੇ ਦੀ ਹਾਲਤ ਵਿੱਚ ਉਸਨੇ ਕਈ ਅਜਿਹੀਆਂ ਗੱਲਾਂ ਕਹੀਆਂ ਜੋ ਉਸਨੂੰ ਨਹੀਂ ਕਹਿੰਣੀਆਂ ਚਾਹੀਦੀਆਂ ਸਨ।

ਉਂਜ ਲੜਾਈ-ਝਗੜੇ ਤਾਂ ਭਾਵੇਂ ਹੁੰਦੇ ਹੀ ਰਹਿੰਦੇ ਸਨ ਪਰ ਜੋ ਪਾਲੀ ਨੇ ਅੱਜ ਬੋਲ-ਕੁਬੋਲ ਬੋਲੇ ਸਨ ਉਹ ਸੰਤੀ ਦਾ ਕਲੇਜਾ ਵਲੂੰਧਰ ਗਏ ਸਨ ਰਾਤ ਨੂੰ ਪਈ-ਪਈ ਬਸੰਤ ਕੌਰ ਇਹੀ ਸੋਚ ਰਹੀ ਸੀ ਕਿ ਉਸਨੇ ਵਿਧਵਾ ਰਹਿ ਕੇ ਅਜਿਹੀ ਕਿਹੜੀ ਗਲਤੀ ਕਰ ਲਈ ਸੀ ਜਿਸ ਦੀ ਉਸ ਨੂੰ ਹੁਣ ਇਹ ਸਜ਼ਾ ਮਿਲ ਰਹੀ ਹੈ ਆਖਿਰ ਉਸ ਨੇ ਕਿਸ ਲਈ ਤੇ ਕਿਉਂ ਆਪਣੀ ਜਵਾਨੀ, ਸੁਖ-ਚੈਨ ਅਤੇ ਲੋੜਾਂ ਦਾ ਬਲੀਦਾਨ ਦਿੱਤਾ ਸੀ? ਇਹ ਕੋਠੀਆਂ-ਕਾਰਾਂ ਜਮੀਨ-ਜਾਇਦਾਦ ਤੇ ਐਸ਼ੋ-ਅਰਾਮ ਉਸਦੇ ਬਲੀਦਾਨ ਦਾ ਹੀ ਤਾਂ ਨਤੀਜਾ ਸੀ।

ਜੇਕਰ ਉਹ ਪਾਲੀ ਤੇ ਬਾਕੀ ਸਹੁਰੇ ਪਰਿਵਾਰ ਨੂੰ ਛੱਡ ਪੇਕਿਆਂ ਦੇ ਕਹੇ ਦੂਜਾ ਵਿਆਹ ਕਰਵਾ ਲੈਂਦੀ ਤਾਂ ਪਾਲੀ ਜਾਂ ਬਾਕੀ ਪਰਿਵਾਰ ਦੇ ਹੁਣ ਵਾਲੇ ਹਲਾਤ ਰਹਿਣੇ ਸਨ? ਸੰਤੀ ਦੇ ਉਸ ਫੈਸਲੇ ਨੇ ਇੱਕ ਪਰਿਵਾਰ ਤੇ ਉਸਦੇ ਭਵਿੱਖ ਨੂੰ ਬਚਾਇਆ ਸੀ ਪਰ ਜੋ ਤਪੱਸਿਆ ਉਸਨੇ ਆਪਣੇ ਪਰਿਵਾਰ ਲਈ ਕੀਤੀ ਸੀ ਅੱਜ ਉਹ ਉਸਨੂੰ ਕਿਸੇ ਸਰਾਪ ਵਾਂਗ ਲੱਗ ਰਹੀ ਸੀ ਪਰ ਫਿਰ ਵੀ ਉਸਦੇ ਮਨ ਅੰਦਰ ਇੱਕ ਸੰਤੁਸ਼ਟੀ ਸੀ ਕਿ ਉਸਨੇ ਵਿਧਵਾ ਹੋਣ ਦੇ ਬਾਵਜੂਦ ਆਪਣਾ ਧਰਮ ਨਿਭਾਇਆ ਸੀ।
ਸੁਖਵਿੰਦਰ ਚਹਿਲ, ਸੰਗਤ ਕਲਾਂ (ਬਠਿੰਡਾ)
ਮੋ. 85590-86235