ਕਹਾਣੀ: ਦਾਜ ਵਾਲੀ ਕਾਰ

Story, Dowry car, Punjabi Letrature

ਦੋ ਮਹੀਨੇ ਪਹਿਲਾਂ ਸੁਰਵੀਨ ਦਾ ਵਿਆਹ ਤੈਅ ਹੋਇਆ ਸੀ। ਪੂਰਾ ਘਰ ਦੁਲਹਨ ਵਾਂਗ ਸੱਜਿਆ ਹੋਇਆ ਸੀ। ਰਿਸ਼ਤੇਦਾਰਾਂ ਦੀ ਚਹਿਲ-ਪਹਿਲ ਨਾਲ ਘਰ ਵਿਚ ਰੌਣਕ ਲੱਗੀ ਹੋਈ ਸੀ।
ਸੁਰਵੀਨ, ਵਿਕਰਮ ਦੇ ਨਾਲ ਆਪਣੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਵਿੱਚ ਗੁਆਚੀ ਹੋਈ ਸੀ।

ਉਸ ਦਿਨ ਉਹ ਕਿਸੇ ਪਰੀ ਨਾਲੋਂ ਘੱਟ ਨਹੀਂ ਸੀ ਲੱਗ ਰਹੀ ਸ਼ਰਮ ਦੇ ਨਾਲ ਉਸਦਾ ਗੋਰਾ ਰੰਗ ਲਾਲ ਹੋਇਆ ਜਾਂਦਾ ਸੀ। ਘਰ ਦਾ ਕੋਨਾ-ਕੋਨਾ ਖੁਸ਼ੀਆਂ ਨਾਲ ਭਰਿਆ ਜਾਪਦਾ ਸੀ।ਪੂਰਾ ਘਰ ਰੰਗ-ਬਿਰੰਗੇ ਫੁੱਲਾਂ ਤੇ ਪਰਦਿਆਂ ਨਾਲ ਸਜਾਇਆ ਗਿਆ ਸੀ।

ਅਚਾਨਕ ਕਮਰੇ ਵਿੱਚ ਬੈਠੀ ਸੁਰਵੀਨ ਦੀ ਨਜ਼ਰ ਆਪਣੇ ਪਿਤਾ ਜੀ ‘ਤੇ ਪਈ ਜੋ ਕਿ ਬਹੁਤ ਚਿੰਤਤ ਲੱਗ ਰਹੇ ਸਨ। ਸੁਰਵੀਨ ਝੱਟ ਨਾਲ ਆਪਣੇ ਪਿਤਾ ਕੋਲ ਗਈ। ਉਨ੍ਹਾਂ ਦੀ ਚਿੰਤਾ ਦੀ ਵਜ੍ਹਾ ਪੁੱਛਣ ਲੱਗੀ। ਪਰ ਪਿਤਾ ਜੀ ਨੇ ਉਸ ਨੂੰ ਵਾਪਸ ਆਪਣੀਆਂ ਸਹੇਲੀਆਂ ਕੋਲ ਕਮਰੇ ਵਿੱਚ ਜਾਣ ਲਈ ਕਿਹਾ।

ਉਹ ਉਦਾਸ ਮਨ ਨਾਲ ਆਪਣੇ ਕਮਰੇ ਵਿੱਚ ਵਾਪਸ ਆ ਗਈ।ਕੁਝ ਦੇਰ ਬਾਅਦ ਉਸ ਦੀ ਇੱਕ ਸਹੇਲੀ ਭੱਜਦੀ ਹੋਈ ਉਸ ਕੋਲ ਆਈ। ਉਸਨੇ ਸੁਰਵੀਨ ਨੂੰ ਉਸਦੇ ਪਿਤਾ ਦੀ ਚਿੰਤਾ ਦਾ ਕਾਰਨ ਦੱਸਿਆ।ਇਹ ਜਾਣ ਕੇ ਉਹ ਕਰੋਧ ਤੇ ਅਪਮਾਨ ਨਾਲ ਭਰ ਗਈ ਉਸਦਾ ਵੱਸ ਚਲਦਾ ਤਾਂ ਉਹ ਉਸ ਪਲ ਹੀ ਉਸ ਵਿਆਹ ਨੂੰ ਰੋਕ ਦਿੰਦੀ ਪਰ ਉਹ ਸਹੀ ਵਕਤ ਦਾ ਇੰਤਜ਼ਾਰ ਕਰਨ ਲੱਗੀ। ਪਿਤਾ ਨੂੰ ਵਾਰ-ਵਾਰ ਪੁੱਛਣ ‘ਤੇ ਵੀ ਜਦ ਕੋਈ ਜਵਾਬ ਨਾ ਮਿਲਿਆ ਤਾਂ ਉਸ ਵਿਕਰਮ ਨੂੰ ਫੋਨ ਕਰਕੇ ਆਪਣੀ ਚਿੰਤਾ ਜ਼ਾਹਿਰ ਕੀਤੀ
”ਪਤਾ ਨਹੀਂ ਪਾਪਾ ਨੂੰ ਕੀ ਹੋ ਗਿਆ, ਸਵੇਰ ਤੋਂ ਬਹੁਤ ਚਿੰਤਾ ਵਿਚ ਹਨ।ਆਖਿਰ ਤੁਸੀਂ ਐਦਾਂ ਦੀ ਮੰਗ ਕਿਉ ਰੱਖੀ ਹੈ?”

ਸੁਰਵੀਨ ਦੀ ਗੱਲ ਸੁਣ ਕੇ ਵਿਕਰਮ ਨੂੰ ਕੱਲ੍ਹ ਵਾਲਾ ਵਾਕਿਆ ਯਾਦ ਆ ਗਿਆ, ਜਦ ਖੁਸ਼ੀਆਂ ਵਾਲੇ ਮਾਹੌਲ ਵਿੱਚ ਅਚਾਨਕ ਕਿਸੇ ਰਿਸ਼ਤੇਦਾਰ ਨੇ ਸਰਗੋਸ਼ੀ ਕੀਤੀ ਕਿ ਇਕਲੌਤਾ ਮੁੰਡਾ ਹੋਣ ਦੇ ਬਾਵਜੂਦ ਵੀ ਕੁੜੀ ਵਾਲਿਆਂ ਤੋਂ ਇਹਨਾਂ ਨੂੰ ਦਾਜ ‘ਚ ਇੱਕ ਕਾਰ ਵੀ ਨਹੀਂ ਦੇ ਹੋਈ, ਚਲੋ ਇਹਨਾਂ ਨੇ ਦਾਜ ਲੈਣ ਤੋਂ ਮਨ੍ਹਾ ਕਰ ਦਿੱਤਾ ਪਰ ਕੁੜੀ ਵਾਲਿਆਂ ਨੂੰ ਤੇ ਸੋਚਣਾ ਚਾਹੀਦਾ ਸੀ ਕਿ ਮੁੰਡੇ ਵਾਲੇ ਕੁਝ ਨਹੀਂ ਲੈ ਰਹੇ ਤਾਂ ਇੱਕ ਕਾਰ ਹੀ ਦੇ ਦੇਈਏ।

ਇਹ ਸਭ ਗੱਲਾਂ ਕੋਲ ਖੜ੍ਹੇ ਵਿਕਰਮ ਦੇ ਪਿਤਾ ਤੱਕ ਵੀ ਪਹੁੰਚ ਗਈਆਂ ਜਿਸ ਕਾਰਨ ਉਸ ਨੂੰ ਬਹੁਤ ਬੁਰਾ ਮਹਿਸੂਸ ਹੋਇਆ। ਉਸਨੂੰ ਲੱਗਾ ਕਿ ਕੁੜੀ ਵਾਲਿਆਂ ਤੋਂ ਦਾਜ ਲੈਣ ਲਈ ਮਨ੍ਹਾ ਕਰਕੇ ਉਸ ਬਹੁਤ ਵੱਡੀ ਗਲਤੀ ਕਰ ਲਈ ਹੈ। ਇਹ ਤਾਂ ਪਰੰਪਰਾ ਹੈ ਜੋ ਸਦੀਆਂ ਤੋਂ ਚਲਦੀ ਆ ਰਹੀ ਹੈ ਫਿਰ ਉਹ ਇਸ ਪਰੰਪਰਾ ਨੂੰ ਕਿਵੇਂ ਤੋੜ ਸਕਦੇ ਹਨ। ਕੁੜੀ ਵਾਲੇ ਤੇ ਆਪਣੀ ਕੁੜੀ ਨੂੰ ਵਿਦਾਇਗੀ ਵੇਲੇ ਆਪਣੀ ਮਰਜ਼ੀ ਨਾਲ ਇਹ ਸਭ ਕੁਝ ਦਿੰਦੇ ਹਨ ਕਿਉਂਕਿ ਉਸਦਾ ਕਿਹੜਾ ਜਾਇਦਾਦ ਵਿਚ ਹੱਕ ਹੁੰਦਾ ਹੈ

ਥੋੜ੍ਹੀ ਦੇਰ ਸੋਚ-ਵਿਚਾਰ ਕਰਕੇ ਵਿਕਰਮ ਦੇ ਪਿਤਾ ਨੇ ਸੁਰਵੀਨ ਦੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ ਵਿਕਰਮ ਮੇਰਾ ਇਕਲੌਤਾ ਮੁੰਡਾ ਹੈ। ਮੈਂ ਉਸ ਨੂੰ ਲਾਇਕ ਬਣਾਉਣ ਲਈ ਬਹੁਤ ਕੁਝ ਕੀਤਾ ਹੈ, ਇਹ ਵੀ ਨਹੀਂ ਕਿ ਮੇਰੇ ਕੋਲ ਕੁਝ ਨਹੀਂ, ਰੱਬ ਦਾ ਦਿੱਤਾ ਸਭ ਕੁਝ ਹੈ ਪਰ ਕੁਝ ਵੀ ਹੋਵੇ ਲੋਕਾਂ ਨੂੰ ਦਿਖਾਉਣ ਲਈ ਹੀ ਸਹੀ ਤੁਸੀਂ ਮੇਰੇ ਪੁੱਤਰ ਨੂੰ ਦਾਜ ਵਿੱਚ ਕਾਰ ਤੇ ਕੁਝ ਨਗਦੀ ਜਰੂਰ ਦੇਣਾ। ਵੈਸੇ ਵੀ ਇਹ ਕਾਰ ਮੈਂ ਆਪਣੇ ਲਈ ਨਹੀਂ ਮੰਗ ਰਿਹਾ ਕਾਰ ਤੁਹਾਡੀ ਕੁੜੀ ਦੀ ਹੀ ਹੋਏਗੀ। ਕਾਰ ਮਿਲ ਜਾਣ ਬਾਅਦ ਉਹਨੂੰ ਆਉਣ-ਜਾਣ ਲਈ ਬੱਸਾਂ ਵਿਚ ਧੱਕੇ ਨਹੀਂ ਖਾਣੇ ਪੈਣਗੇ ਤੇ ਜੋ ਰੁਪਏ ਦਿਉਗੇ ਉਹ ਵੀ ਤੁਹਾਡੀ ਕੁੜੀ ਦੇ ਨਾਂਅ ‘ਤੇ ਬੈਂਕ ਵਿੱਚ ਜਮ੍ਹਾ ਕਰਵਾ ਦੇਣਾ।ਨਹੀਂ ਤਾਂ ਦੋ ਦਿਨ ਬਾਕੀ ਨੇ ਵਿਆਹ ‘ਚ ਹਾਲੇ, ਆਪਾਂ ਦੋਬਾਰਾ ਤੋਂ ਸੋਚਾਂਗੇ ਇਸ ਰਿਸ਼ਤੇ ਲਈ ਕਿ ਹੋਣਾ ਚਾਹੀਦਾ ਜਾਂ ਨਹੀਂ। ਇੰਨਾ ਕਹਿ ਕੇ ਵਿਕਰਮ ਦੇ ਪਿਤਾ ਨੇ ਫੋਨ ਕੱਟ ਦਿੱਤਾ।

ਸੁਰਵੀਨ ਦੇ ਪਿਤਾ ਇੱਕ ਬੈਂਕ ਵਿਚ ਕਲਰਕ ਦੀ ਨੌਕਰੀ ਕਰਦੇ ਸਨ। ਹਮੇਸ਼ਾ ਇਮਾਨਦਾਰੀ ਨਾਲ ਕੰਮ ਕਰਕੇ ਜੋ ਵੀ ਕਮਾਈ ਕੀਤੀ ਉਹ ਸਭ ਆਪਣੇ ਦੋਨਾਂ ਬੱਚਿਆਂ ਨੂੰ ਪੜ੍ਹਾਉਣ ‘ਤੇ ਲਾ ਦਿੱਤੀ ਤੇ ਅੱਜ ਜੋ ਕੁਝ ਸੀ ਉਹ ਸੁਰਵੀਨ ਦੇ ਵਿਆਹ ‘ਤੇ ਖਰਚ ਹੋ ਗਿਆ। ਵਿਕਰਮ ਤੇ ਸੁਰਵੀਨ ਇੱਕੋ ਕੰਪਨੀ ਵਿੱਚ ਜੌਬ ਕਰਦੇ ਸਨ। ਉਹ ਸੁਰਵੀਨ ਨੂੰ ਪਸੰਦ ਕਰਦਾ ਸੀ। ਜਦ ਉਸਨੇ ਘਰ ਸਭ ਨੂੰ ਸੁਰਵੀਨ ਬਾਰੇ ਦੱਸਿਆ ਤਾਂ ਸੁਰਵੀਨ ਨੂੰ ਉਹਨਾਂ ਖੁਸ਼ੀ-ਖੁਸ਼ੀ ਅਪਣਾ ਲਿਆ।ਪੜ੍ਹੀ-ਲਿਖੀ ਤੇ ਕਮਾਊ ਨੂੰਹ ਜੋ ਆ ਰਹੀ ਸੀ ਮਨ੍ਹਾ ਕਿਵੇਂ ਕਰਦੇ, ਉੱਪਰੋਂ ਉਹਨਾਂ ਦੇ ਮੁੰਡੇ ਦੀ ਪਸੰਦ ਸੀ। ਜਦ ਦਾਜ ਦੀ ਗੱਲ ਹੋਈ ਤਾਂ ਵਿਕਰਮ ਦੇ ਪਿਤਾ ਨੇ ਮਨ੍ਹਾ ਕਰ ਦਿੱਤਾ ਤੇ ਅੱਜ ਵਿਆਹ ਤੋਂ ਦੋ ਦਿਨ ਪਹਿਲਾਂ ਦਾਜ ਦੀ ਗੱਲ ਕਰਕੇ ਉਹਨਾਂ ਸਭ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ ਸੀ।

ਕੁਝ ਪਲ ਪਹਿਲਾਂ ਜੋ ਸੁਰਵੀਨ ਦੇ ਘਰ ਖੁਸ਼ੀਆਂ ਦਾ ਮਾਹੌਲ ਸੀ ਉਹ ਫਿੱਕਾ ਪੈ ਗਿਆ। ਜੋ ਰਿਸ਼ਤੇਦਾਰ ਕੁਝ ਪਲ ਪਹਿਲਾਂ ਉਹਨਾਂ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਸਨ ਹੁਣ ਉਹਨਾਂ ਦੀ ਨਿੰਦਿਆ ਰਹੇ ਸਨ।

ਸੁਰਵੀਨ ਦੇ ਵਿਕਰਮ ਨੂੰ ਫੋਨ ਕਰਕੇ ਸਮਝਾਉਣ ਦਾ ਵੀ ਕੋਈ ਅਸਰ ਨਾ ਹੋਇਆ। ਉਸ ਨੇ ਤਾਂ ਸਾਫ ਮਨ੍ਹਾ ਕਰ ਦਿੱਤਾ ਸੀ ਵਿਕਰਮ ਨਾਲ ਵਿਆਹ ਕਰਵਾਉਣ ਤੋਂ ਪਰ ਉਸ ਦੇ ਪਿਤਾ ਤੇ ਭਰਾ ਨੇ ਸਮਝਾਇਆ ਕਿ ਉਹਨਾਂ ਦੀ ਗੱਲ ਸਹੀ ਹੈ, ਆਪਾਂ ਕਾਰ ਆਪਣੀ ਕੁੜੀ ਨੂੰ ਦੇਣੀ ਹੈ ਤੇ ਕੱਲ੍ਹ ਨੂੰ ਉਹਨੇ ਕਿਤੇ ਜਾਣਾ ਹੋਇਆ ਤਾਂ ਉਹਨੂੰ ਬੱਸਾਂ, ਰਿਕਸ਼ਿਆਂ ‘ਤੇ ਧੱਕੇ ਤਾਂ ਨਹੀਂ ਖਾਣੇ ਪੈਣਗੇ। ਨਾਲੇ ਇਹੋ-ਜਿਹਾ ਚੰਗਾ ਰਿਸ਼ਤਾ ਵਾਰ-ਵਾਰ ਥੋੜ੍ਹੀ ਮਿਲਣਾ, ਲੋਨ ‘ਤੇ ਲੈ ਕੇ ਕਿਉਂ ਨਾ ਦੇਣੀ ਪਈ ਕਾਰ ਜਰੂਰ ਦੇਵਾਂਗਾ ਆਪਣੀ ਭੈਣ ਨੂੰ।

ਦੋ ਦਿਨ ਪੂਰੇ ਲਾ ਕੇ ਉਹਨਾਂ ਲੋਨ ‘ਤੇ ਕਾਰ ਖਰੀਦੀ। ਬਾਕੀ ਕਰਜ ਲੈ ਕੇ ਅਤੇ ਆਪਣੀ ਜੀਵਨ ਭਰ ਦੀ ਜੋੜੀ ਕਮਾਈ ਵਿਚ ਜੋ ਥੋੜ੍ਹੀ-ਬਹੁਤੀ ਰਕਮ ਸੁਰਵੀਨ ਦੇ ਪਿਤਾ ਨੇ ਆਪਣੇ ਬੁਢਾਪੇ ਲਈ ਬੈਂਕ ਵਿਚ ਸਾਂਭ ਰੱਖੀ ਸੀ ਉਹ ਕਢਾ ਕੇ ਪੈਸੇ ਪੂਰੇ ਕਰਕੇ ਕਾਰ ਸਮੇਤ ਵਿਕਰਮ ਦੇ ਪਿਤਾ ਨੂੰ ਬਾਰਾਤ ਵਾਲੇ ਦਿਨ ਦੇ ਦਿੱਤੇ ਤੇ ਖੁਸ਼ੀ-ਖੁਸ਼ੀ ਆਪਣੀ ਧੀ ਨੂੰ ਤੋਰਿਆ।
ਅੱਜ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਉਹਨਾਂ ਦੇ ਵਿਆਹ ਨੂੰ। ਸਭ ਤਿਆਰ ਹੋ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਸੁਰਵੀਨ ਦਾ ਸਹੁਰਾ ਅੱਗੇ ਵਾਲੀ ਸੀਟ ‘ਤੇ ਬੈਠ ਗਿਆ। ਜਦ ਸੁਰਵੀਨ ਨੇ ਦੇਖਿਆ ਤਾਂ ਉਸ ਝੱਟ ਉਹਨਾਂ ਨੂੰ ਕਾਰ ਦੀ ਅੱਗੇ ਵਾਲੀ ਸੀਟ ਤੋਂ ਉੱਤਰਨ ਲਈ ਕਹਿੰਦੇ ਹੋਏ ਕਿਹਾ, ”ਡੈਡੀ ਜੀ, ਤੁਸੀਂ ਪਿੱਛੇ ਆ ਕੇ ਬੈਠੋ ਇਹ ਮੇਰੀ ਕਾਰ ਹੈ, ਮੈਂ ਅੱਗੇ ਬੈਠਣਾ।” ਆਪਣੀ ਨੂੰਹ ਦੀ ਗੱਲ ਸੁਣਕੇ ਉਸਨੂੰ ਕਾਫੀ ਸ਼ਰਮਿੰਦਗੀ ਮਹਿਸੂਸ ਹੋਈ ਪਰ ਉਹ ਬਿਨਾ ਕੁਝ ਬੋਲੇ ਚੁੱਪਚਾਪ ਪਿਛਲੀ ਸੀਟ ‘ਤੇ ਆ ਕੇ ਬੈਠ ਗਿਆ ।

ਕੁਝ ਦਿਨ ਬਾਅਦ ਫਿਰ ਕਿਸੇ ਜਰੂਰੀ ਕੰਮ ਲਈ ਸੁਰਵੀਨ ਦੇ ਸੱਸ-ਸਹੁਰੇ ਨੇ ਕਿਤੇ ਜਾਣਾ ਸੀ। ਸੁਰਵੀਨ ਦੇ ਸਹੁਰੇ ਨੇ ਸੋਚਿਆ ਕਿ ਅੱਜ ਆਪਣੀ ਨੂੰਹ ਦੀ ਗੱਡੀ ‘ਤੇ ਚਲਦੇ ਹਾਂ, ਵੈਸੇ ਵੀ ਕਈ ਦਿਨਾਂ ਤੋਂ ਗੱਡੀ ਐਵੇਂ ਘਰ ਖੜ੍ਹੀ ਸੀ। ਇਸ ਬਹਾਨੇ ਗੱਡੀ ਵੀ ਥੋੜ੍ਹੀ ਚੱਲ ਜਾਵੇਗੀ।

ਜਿੱਦਾਂ ਹੀ ਉਹ ਗੱਡੀ ਦੀ ਚਾਬੀ ਲੈ ਕੇ ਘਰ ਤੋਂ ਬਾਹਰ ਨਿੱਕਲੇ ਸੁਰਵੀਨ ਵੀ ਉਹਨਾਂ ਦੇ ਪਿੱਛੇ-ਪਿੱਛੇ ਤੁਰ ਪਈ। ਜਿਵੇਂ ਹੀ ਉਹ ਕਾਰ ਨੂੰ ਚਾਬੀ ਲਾ ਬਾਰੀ ਖੋਲ੍ਹਣ ਲੱਗੇ ਕਿ ਸੁਰਵੀਨ ਨੇ ਉਹਨਾਂ ਨੂੰ ਰੋਕਦੇ ਹੋਏ ਕਿਹਾ,

”ਇੱਕ ਮਿੰਟ ਡੈਡੀ ਜੀ, ਇਹ ਗੱਡੀ ਮੇਰੀ ਹੈ, ਮੇਰੇ ਮੰਮੀ-ਪਾਪਾ ਨੇ ਦਿੱਤੀ ਹੈ ਮੈਨੂੰ।ਮੇਰੇ ਤੋਂ ਪੁੱਛੇ ਬਿਨਾ ਤੁਸੀਂ ਇਸ ਗੱਡੀ ਨੂੰ ਕਿਵੇਂ ਲਿਜਾ ਸਕਦੇ ਹੋ? ਨਾਲੇ ਮੈਂ ਵੀ ਕਿਤੇ ਬਾਹਰ ਜਾਣਾ ਹੈ। ਤੁਸੀਂ ਵੇਖ ਲਓ ਬੱਸ ‘ਤੇ ਚੱਲੇ ਜਾਉ ਜਾਂ ਰਿਕਸ਼ਾ ਕਰ ਲਉ।ਵੈਸੇ ਵੀ ਇਹ ਕਾਰ ਮੇਰੇ ਮਾਂ-ਬਾਪ ਨੇ ਮੇਰੀ ਸਹੂਲਤ ਲਈ ਦਿੱਤੀ ਹੈ ਨਾ ਕਿ ਤੁਹਾਡੀ ਸਹੂਲਤ ਲਈ।” ਸੁਰਵੀਨ ਨੇ ਆਪਣੇ ਸਹੁਰੇ ਤੋਂ ਚਾਬੀ ਲਈ ਤੇ ਕਾਰ ਸਟਾਰਟ ਕਰਕੇ ਉੱਥੋਂ ਚਲੀ ਗਈ ।

”ਵਿਕਰਮ ਦੀ ਮਾਂ, ਲੱਗਦਾ ਮੇਰੇ ਤੋਂ ਬੜਾ ਵੱਡਾ ਗੁਨਾਹ ਹੋ ਗਿਆ ਹੈ ਦਾਜ ਵਿਚ ਕਾਰ ਮੰਗ ਕੇ। ਕਾਸ਼! ਕੋਈ ਮੈਨੂੰ ਉਸ ਸਮੇਂ ਅਜਿਹਾ ਗੁਨਾਹ ਕਰਨ ਤੋਂ ਰੋਕ ਲੈਂਦਾ ਤਾਂ ਮੈਂ ਅੱਜ ਆਪਣੀ ਨੂੰਹ ਸਾਹਮਣੇ ਐਨਾ ਨੀਵਾਂ ਨਾ ਹੁੰਦਾ।”

ਉਹ ਉੱਥੇ ਖੜ੍ਹਾ ਕਾਰ ਨੂੰ ਦੂਰ ਜਾਂਦਾ ਵੇਖਦਾ ਰਿਹਾ ਜਦ ਤੱਕ ਕਿ ਕਾਰ ਉਸ ਦੀਆਂ ਅੱਖਾਂ ਤੋਂ ਓਹਲੇ ਨਾ ਹੋ ਗਈ। ਉਸ ਸਮੇਂ ਉਸਨੂੰ ਆਪਣੀ ਕੀਤੀ ਗਲਤੀ ‘ਤੇ ਪਛਤਾਵਾ ਹੋਇਆ ਕਿ ਲੋਕਾਂ ਦੀਆਂ ਗੱਲਾਂ ਵਿਚ ਆ ਕੇ ਉਸ ਨੇ ਜੋ ਕੀਤਾ ਉਹ ਗਲਤ ਸੀ ਤੇ ਅਜਿਹਾ ਕਰਕੇ ਉਹ ਆਪਣੀ ਨੂੰਹ ਦੀਆਂ ਨਜ਼ਰਾਂ ਵਿਚ ਹਮੇਸ਼ਾ ਲਈ ਨੀਵਾਂ ਹੋ ਗਿਆ ਇੱਕ ਦਾਜ ਦਾ ਲਾਲਚੀ ਸਹੁਰਾ ਬਣ ਕੇ। ਕਾਸ਼! ਉਹ ਉਸ ਵਕਤ ਸੋਚ ਲੈਂਦਾ ਕਿ ਲੋਕ ਤੇ ਚੰਗਾ ਕੰਮ ਕਰੋ ਤਾਂ ਵੀ ਨਿੰਦਾ ਕਰਦੇ ਨੇ ਤੇ ਮਾੜਾ ਕਰੋ ਤਾਂ ਵੀ। ਉਸਨੂੰ ਆਪਣੇ ਅਸੂਲਾਂ ‘ਤੇ ਟਿਕੇ ਰਹਿਣਾ ਚਾਹੀਦਾ ਸੀ ਉਹ ਕਿਉਂ ਲੋਕਾਂ ਦੀਆਂ ਗੱਲਾਂ ਵਿੱਚ ਆ ਗਿਆ, ਲੋਕਾਂ ਦਾ ਕੀ ਹੈ ਉਹਨਾਂ ਤਾਂ ਗੱਲਾਂ ਕਰਕੇ ਤੁਰ ਹੀ ਜਾਣਾ ਸੀ।

ਸਰੂਚੀ ਕੰਬੋਜ, ਚੱਕ ਬਣ ਵਾਲਾ, ਫਾਜ਼ਿਲਕਾ ਮੋ. 98723-48277

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here