ਮਿੰਨੀ ਕਹਾਣੀਆਂ: ਮੈਡੀਕਲ ਛੁੱਟੀ                

ਹਸਪਤਾਲ ਵਿੱਚ ਪਈ ਬਬੀਤਾ ਭੈਣ ਜੀ ਨੂੰ ਆਪਣੀ ਬਿਮਾਰੀ ਤੋਂ ਜ਼ਿਆਦਾ ਮੈਡੀਕਲ ਸਰਟੀਫਿਕੇਟ ਦੀ ਚਿੰਤਾ ਸਤਾ ਰਹੀ ਸੀ ਅਗਲੇ ਦਿਨ ਹੋਇਆ ਵੀ ਅਜਿਹਾ ਕਿ ਅੱਜ ਹਸਪਤਾਲ ਦਾਖ਼ਲ ਹੋਇਆਂ ਨੂੰ ਅਜੇ ਸੱਤ ਦਿਨ ਹੀ ਹੋਏ ਸਨ ਕਿ ਡਾਕਟਰ ਨੇ ਉਸ ਨੂੰ ਬਿਲਕੁਲ ਠੀਕ ਹੋਣ ਕਾਰਨ ਹਸਪਤਾਲੋਂ ਛੁੱਟੀ ਦੇ ਦਿੱਤੀ

ਬਬੀਤਾ ਵੱਲੋਂ ਪੰਦਰਾਂ ਦਿਨਾਂ ਦੇ ਮੈਡੀਕਲ ਸਰਟੀਫਿਕੇਟ ਦੀ ਮੰਗ ਕਰਨ ‘ਤੇ ਡਾਕਟਰ ਵੀ ਹੈਰਾਨ ਸੀ ਉਹ ਕਹਿ ਰਿਹਾ ਸੀ, ”ਹੁਣ ਤੁਸੀਂ ਬਿਲਕੁਲ ਠੀਕ ਹੋ, ਤੇ ਤੁਹਾਨੂੰ ਕਿਸੇ ਕਿਸਮ ਦੇ ਅਰਾਮ ਦੀ ਵੀ ਜ਼ਰੂਰਤ ਨਹੀਂ ਹੈ, ਅੱਜ ਤੋਂ ਹੀ ਆਪਣੇ ਰੋਜ਼ਮਰ੍ਹਾ ਦੇ ਕੰਮ ਕਰ ਸਕਦੇ ਹੋ” ”ਪਰ ਡਾਕਟਰ ਸਾਹਿਬ ਮੈਨੂੰ ਤਾਂ ਪੰਦਰਾਂ ਦਿਨ ਦਾ ਮੈਡੀਕਲ ਸਰਟੀਫਿਕੇਟ ਚਾਹੀਦਾ ਹੈ, ਭਾਵੇਂ ਅੱਠ ਦਿਨ ਹੋਰ ਹਸਪਤਾਲ ਵਿੱਚ ਰੱਖ ਲਵੋ, ਸਾਡੇ ਉੱਚ ਅਧਿਕਾਰੀਆਂ ਦਾ ਹੁਕਮ ਹੈ ਕਿ ਜੇਕਰ ਬਿਮਾਰ ਹੋਣਾ ਹੈ ਤਾਂ ਪੰਦਰਾਂ ਦਿਨਾਂ ਤੋਂ ਘੱਟ ਨਹੀਂ ਹੋਣਾ ਭਾਵ ਪੰਦਰਾਂ ਦਿਨਾਂ ਤੋਂ ਘੱਟ ਮੈਡੀਕਲ ਛੁੱਟੀ ਮਨਜ਼ੂਰ ਨਹੀਂ ਹੁੰਦੀ”
ਗੁਰਜੀਤ ਸਿੰਘ, ਭੀਟੀਵਾਲਾ, ਬਠਿੰਡਾ, ਮੋ. 98780-14240   

ਮਾਪੇ

ਚਾਰ ਕੁ ਸਾਲ ਦੇ ਇੱਕ ਛੋਟੇ ਜਿਹੇ ਮੁੰਡੇ ਦੀ ਸਵੇਰੇ ਅਖ਼ਬਾਰ ਵਿੱਚ ਗੁੰਮਸ਼ੁਦਗੀ ਦੀ ਸੂਚਨਾ ਪੜ੍ਹਕੇ ਮਨ ਧੁਰ ਅਦਰ ਤੱਕ ਝੰਜੋੜਿਆ ਗਿਆ ਖਿੜੇ ਫੁੱਲ ਵਾਂਗ ਹੱਸਦੇ ਮਾਸੂਮ ਮੁੰਡੇ ਦੀ ਫੋਟੋ ਦੇਖ ਵਿਛੋੜੇ ‘ਚ ਤੜਫਦੇ ਉਸਦੇ ਮਾਪਿਆਂ ਦੀ ਤਰਾਹਟ ਕੋਹਾਂ ਦੂਰ ਬੈਠਿਆਂ ਵੀ ਮਹਿਸੂਸ ਹੋ ਰਹੀ ਸੀ ਪਰ ਬੇਬੱਸ ਹੋਇਆਂ ਕੁੱਝ ਵੀ ਕਰਨ ਤੋਂ ਅਸਮਰੱਥ ਬੱਚੇ ਦੇ ਦੁਖੀ ਮਾਪਿਆਂ ਨਾਲ ਹਮਦਰਦੀ ਕਰਨ ਤੋਂ ਸਿਵਾਏ ਮੈਂ ਕੁੱਝ ਨਾ ਕਰ ਸਕਿਆ

ਭਰੇ ਮਨ ਨਾਲ ਜਦੋਂ ਅਖ.ਬਾਰ ਦਾ ਅਗਲਾ ਪੰਨਾ ਪਲਟਿਆ ਤਾਂ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ ਤੇ ਮਨ ਹੋਰ ਵੀ ਦੁਖੀ ਹੋ ਗਿਆ ਰੋਂਦੀ-ਕੁਰਲਾਉਂਦੀ ਇੱਕ ਨਵਜੰਮੀ ਬੱਚੀ ਦੀ ਫੋਟੋ ਲੱਗੀ ਜਨਤਕ ਸੂਚਨਾ ਹੇਠਾਂ ਲਿਖਿਆ ਸੀ, ਇਹ ਕੁੱਝ ਘੰਟਿਆਂ ਦੀ ਦੁੱਧ ਮੂੰਹੀਂ ਬੱਚੀ ਅੰਤਿਮ ਸਾਹਾਂ ‘ਤੇ ਸੁਵੱਖਤੇ ਲਾਵਾਰਸ ਹਾਲਤ ‘ਚ ਝਾੜੀਆਂ ‘ਚੋਂ ਮਿਲੀ ਹੈ ਮੈਂ ਸੁੰਨ ਜਿਹਾ ਹੋ ਗਿਆ ਪਲ ਭਰ ਪਹਿਲਾਂ ਜੋ ਮੇਰੇ ਲਈ ਮਾਪੇ ਸ਼ਬਦ ਦੇ ਮੁੰਹਾਂਦਰੇ ਸਨ ਉਹ ਬਦਲ ਚੁੱਕੇ ਸਨ

ਨੀਲ ਕਮਲ ਰਾਣਾ, ਦਿੜ੍ਹਬਾ (ਸੰਗਰੂਰ) ਮੋ. 98151-71874

ਤਜ਼ਰਬਾ

ਮਿ. ਸ਼ਰਮਾ ਆਪਣੇ ਪਿਤਾ ਜੀ ਨੂੰ ਡਰਾਇਵਰ ਨਾਲ ਕਾਰ ‘ਚ ਘਰ ਨੂੰ ਭੇਜ ਕੇ ਆਪ ਟੈਕਸੀ ਲੈਣ ਲਈ ਹਸਪਤਾਲ ਦੇ ਮੇਨ ਗੇਟ ਕੋਲ ਖੜ੍ਹੇ ਹੀ ਸਨ ਕਿ ਉਹਨਾਂ ਸਾਹਮਣੇ ਇੱਕ ਕਾਰ ਆ ਕੇ ਰੁਕੀ ਜਿਸ ਵਿੱਚ ਮਿ. ਕਪੂਰ ਬੈਠੇ ਸਨ ਉਹਨਾਂ ਨੇ ਮਿ. ਸ਼ਰਮਾ ਨੂੰ ਫੈਕਟਰੀ ਤੱਕ ਕਾਰ ‘ਚ ਲਿਫਟ ਦੇਣ ਦੀ ਪੇਸ਼ਕਸ਼ ਕੀਤੀ ਜੋ ਮਿ. ਸ਼ਰਮਾ ਨੇ ਖੁਸ਼ੀ-ਖੁਸ਼ੀ ਮਨਜ਼ੂਰ ਕਰ ਲਈ ਕੁਝ ਦੇਰ ਇੱਧਰ-ਉੱਧਰ ਦੀਆਂ ਗੱਲਾਂ ਬਾਅਦ ਮਿ. ਕਪੂਰ ਨੇ ਪੁੱਛਿਆ,
”ਪਿਤਾ ਜੀ ਦਾ ਚੈਕਅੱਪ ਵਗੈਰਾ ਕਰਵਾਉਣ ‘ਚ ਤਾਂ ਬਹੁਤ ਸਮਾਂ ਬਰਬਾਦ ਹੁੰਦਾ ਹੋਵੇਗਾ ਤੁਹਾਡਾ?”
”ਨਹੀਂ-ਨਹੀਂ, ਇਹੋ-ਜਿਹੀ ਕੋਈ ਗੱਲ ਨਹੀਂ, ਇਹ ਤਾਂ ਮੇਰੀ ਜਿੰਮੇਵਾਰੀ ਹੈ”
”ਚਲੋ ਇਸਦੇ ਬਾਵਜੂਦ ਤੁਸੀਂ ਬਿਜ਼ਨੈਸ ਦੀ ਦੁਨੀਆਂ ‘ਚ ਬਹੁਤ ਤੇਜ਼ੀ ਨਾਲ ਨਾਂਅ ਕਮਾ ਰਹੇ ਹੋ, ਇਸ ਪਿੱਛੇ ਰਾਜ਼ ਕੀ ਹੈ?”
”ਤਜ਼ਰਬਾ…”

”ਤਜ਼ਰਬਾ…! ਮੇਰੇ ਖਿਆਲ ‘ਚ ਆਪਾਂ ਦੋਵਾਂ ਨੇ ਇਕੱਠਿਆਂ ਕਾਰੋਬਾਰ ਸ਼ੁਰੂ ਕੀਤਾ ਸੀ, ਇਸ ਹਿਸਾਬ ਨਾਲ ਆਪਣਾ ਤਜ਼ਰਬਾ ਬਰਾਬਰ ਹੈ, ਫਿਰ ਵੀ ਤੁਸੀਂ…?”
”ਮੇਰੇ ਕੋਲ ਮੇਰੇ ਤਜ਼ਰਬੇ ਦੇ ਨਾਲ-ਨਾਲ ਪਿਤਾ ਜੀ ਦੀ ਜ਼ਿੰਦਗੀ ਦਾ ਵੀ ਤਜ਼ਰਬਾ ਹੈ ਮੈਂ ਹਰ ਰੋਜ਼ ਉਹਨਾਂ ਨਾਲ ਕਾਰੋਬਾਰ ਬਾਰੇ ਸਲਾਹ-ਮਸ਼ਵਰਾ ਕਰਦਾ ਹਾਂ ਇਸ ਲਈ ਮੇਰੇ ਕੋਲ ਤੁਹਾਡੇ ਨਾਲੋਂ ਦੁੱਗਣਾ ਤਜ਼ਰਬਾ ਹੈ ਮੇਰੇ ਦੋਸਤ!” ਕਹਿੰਦੇ ਹੋਏ ਮਿ. ਸ਼ਰਮਾ ਹੱਸ ਪਏ ਉਹਨਾਂ ਦੀ ਫੈਕਟਰੀ ਆ ਗਈ ਸੀ ਤੇ ਉਹ ਧੰਨਵਾਦ ਕਰਕੇ ਕਾਰ ‘ਚੋਂ ਉੱਤਰ ਗਏ ਮਿ. ਕਪੂਰ ਕੁਝ ਸਮਾਂ ਉਸੇ ਤਰ੍ਹਾਂ ਕਾਰ ਰੋਕ ਕੇ ਖੜ੍ਹੇ ਰਹੇ ਫ਼ਿਰ ਉਹਨਾਂ ਨੇ ਕਾਰ ਵਾਪਸ ਲਈ ਤੇ ਆਪਣੀ ਫੈਕਟਰੀ ਦੀ ਜਗ੍ਹਾ ਬਿਰਧ ਆਸ਼ਰਮ ਵੱਲ ਚੱਲ ਪਏ

ਕੁਲਵਿੰਦਰ ਕੌਸ਼ਲ, ਪੰਜਗਰਾਈਆਂ (ਸੰਗਰੂਰ), ਮੋ. 94176-36255

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।