ਇੱਕੋ ਰਾਤ ਪਿੰਡ ਸੂਰੇਵਾਲਾ, ਰੋਡੇ, ਕਾਲਾਬੂਲਾ ਤੇ ਦੀਦਾਰਗੜ੍ਹ ‘ਚ 15 ਟਰਾਂਸਫਾਰਮਰਾਂ ‘ਚੋਂ ਕੀਮਤੀ ਸਮਾਨ ਚੋਰੀ
ਰਵੀਪਾਲ
ਦੋਦਾ, 24 ਦਸੰਬਰ
ਪੰਜਾਬ ‘ਚ ਕਿਸਾਨਾਂ ਦੇ ਖੇਤਾਂ ‘ਚੋਂ ਟਰਾਂਸਫ਼ਾਰਮਰਾਂ ਦੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾ ਨਹੀਂ ਲੈ ਰਿਹਾ ਇਨ੍ਹਾਂ ਚੋਰੀਆਂ ਨੂੰ ਲੈ ਕੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਬੀਤੀ ਰਾਤ ਕਸਬਾ ਦੋਦਾ ਦੇ ਪਿੰਡ ਸੂਰੇਵਾਲਾ, ਮੋਗਾ ‘ਚ ਪਿੰਡ ਰੋਡੇ ਤੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਲਾਬੂਲਾ ਤੇ ਦੀਦਾਰਗੜ੍ਹ ਵਿਖੇ ਕੁੱਲ 15 ਕਿਸਾਨਾਂ ਦੇ ਖੇਤਾਂ ‘ਚ ਲੱਗੇ ਟਰਾਂਸਫਾਰਮਰਾਂ ‘ਚੋਂ ਚੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਪੰਜਾਬ ‘ਚ ਲਗਾਤਾਰ ਟਰਾਂਸਫਾਰਮਰਾਂ ਦੀਆਂ ਚੋਰੀਆਂ ਵਧਣ ਕਾਰਨ ਚੋਰਾਂ ਦੀ ਚਾਂਦੀ ਬਣੀ ਹੋਈ ਹੈ
ਜਾਣਕਾਰੀ ਦਿੰਦਿਆਂ ਪਿੰਡ ਸੂਰੇਵਾਲਾ ਦੇ ਜੈਲਦਾਰ ਜਸਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਰੇਨਾ ਨੇ ਦੱਸਿਆ ਕਿ ਪਿੰਡ ਦੇ ਵਾੜਾ ਕਿਸ਼ਨਪੁਰਾ ਵਾਲੇ ਰਾਹ ‘ਤੇ ਗੁਰਬਖ਼ਸ਼ ਸਿੰਘ ਪੁੱਤਰ ਬਚਨ ਸਿੰਘ, ਗੁਰਚਰਨ ਸਿੰਘ ਪੁੱਤਰ ਭਾਗ ਸਿੰਘ, ਟੇਕ ਸਿੰਘ ਪੁੱਤਰ ਜਲੋਰ ਸਿੰਘ, ਸਾਧੂ ਸਿੰਘ ਪੁੱਤਰ ਜਮੀਤ ਸਿੰਘ, ਬਲਦੇਵ ਸਿੰਘ ਪੁੱਤਰ ਚੰਨਣ ਸਿੰਘ, ਮਕੰਦ ਸਿੰਘ ਪੁੱਤਰ ਮਾਹਲਾ ਸਿੰਘ ਦੇ ਖ਼ੇਤ ‘ਚ ਲੱਗੇ ਟਰਾਂਸਫਾਰਮਰਾਂ ਦਾ ਕੀਮਤੀ ਸਮਾਨ, ਤਾਂਬਾ ਆਦਿ ਚੋਰਾਂ ਨੇ ਰਾਤ ਵੇਲੇ ਚੋਰੀ ਕਰ ਲਿਆ, ਜਿਸ ਦੀ ਸੂਚਨਾ ਉਕਤ ਮਾਲਕਾਂ ਨੇ ਸਬੰਧਿਤ ਪਾਵਰਕੌਮ ਦੇ ਕਰਮਚਾਰੀ ਤੇ ਥਾਣਾ ਕੋਟਭਾਈ ਦੀ ਪੁਲਿਸ ਨੂੰ ਲਿਖਤੀ ਰੂਪ ‘ਚ ਦਿੱਤੀ ਗਈ।
ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਕਿਸਾਨ ਦੇ ਖੇਤਾਂ ‘ਚ ਜ਼ਿਆਦਾ ਹੋ ਰਹੀਆਂ ਚੋਰੀਆਂ ਨੂੰ ਠੱਲ੍ਹ ਪਾਉਣ ਦੀ ਮੰਗ ਕੀਤੀ। ਪਾਵਰਕੌਮ ਦੇ ਕਰਮਚਾਰੀ ਜਰਨੈਲ ਸਿੰਘ ਨੇ ਚੋਰੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਵੀ ਮੌਕਾ ਵੇਖ ਕੇ ਆਏ ਹਨ ਥਾਣਾ ਕੋਟਭਾਈ ਵਿਖੇ ਪੀੜਤ ਕਿਸਾਨਾਂ ਦੀ ਰਿਪੋਰਟ ਦਰਜ ਕਰਕੇ ਪੜਤਾਲ ਲਈ ਚੌਂਕੀ ਇੰਚਾਰਜ ਦੋਦਾ ਮਲਕੀਤ ਸਿੰਘ ਨੂੰ ਭੇਜ ਦਿੱਤੀ ਗਈ।
ਮੋਗਾ ਤੋਂ ਲਖਵੀਰ ਅਨੁਸਾਰ ਜ਼ਿਲ੍ਹੇ ਦੇ ਪਿੰਡ ਰੋਡੇ ‘ਚ ਪੰਜ ਕਿਸਾਨਾਂ ਦੇ ਖੇਤਾਂ ‘ਚ ਲੱਗੇ ਮੋਟਰਾਂ ਦੇ ਬਿਜਲੀ ਟਰਾਂਸਫਾਰਮਰਾਂ ‘ਚੋਂ ਚੋਰ ਰਾਤ ਨੂੰ ਤਾਂਬਾ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਵਕੀਲ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਕੰਧਾਰ ਸਿੰਘ ਵਾਸੀ ਰੋਡੇ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ‘ਚ ਕਿਹਾ ਕਿ ਰਾਤ ਨੂੰ ਅਣਪਛਾਤੇ ਵਿਅਕਤੀ ਉਸ ਦੇ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਲਹੌਰਾ ਸਿੰਘ, ਸੁਖਦਰਸਨ ਸਿੰਘ ਪੁੱਤਰ ਗੁਰਦੇਵ ਸਿੰਘ, ਜਗਤਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਖੇਤਾਂ ‘ਚ ਲੱਗੇ ਟਰਾਂਸਫਾਰਮਰਾਂ ‘ਚੋਂ ਤਾਂਬਾ ਚੋਰੀ ਕਰਕੇ ਲੈ ਗਏ ਹਨ।
ਸ਼ੇਰਪੁਰ ਤੋਂ ਰਵੀ ਗੁਰਮਾ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਲਾਬੂਲਾ ਤੇ ਦੀਦਾਰਗੜ੍ਹ ਦੇ ਖੇਤਾਂ ‘ਚੋਂ ਚੋਰ ਗਿਰੋਹ ਵੱਲੋਂ ਟਰਾਂਸਫਾਰਮਰ ਚੋਰੀ ਕਰਕੇ ਉਹਨਾਂ ‘ਚੋਂ ਤਾਂਬਾ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਵਿੰਦਰਜੀਤ ਸਿੰਘ ਪੁੱਤਰ ਗਰਨਾਮ ਸਿੰਘ, ਰਘਵੀਰ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਕਾਲਾਬੂਲਾ ਤੇ ਧੰਨਾ ਸਿੰਘ ਪੁੱਤਰ ਬਲਵੀਰ ਸਿੰਘ ਦੀਦਾਰਗੜ੍ਹ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਅਸੀਂ ਆਪਣੀਆਂ ਮੋਟਰਾਂ ‘ਤੇ ਗੇੜਾ ਮਾਰਨ ਗਏ ਤਾਂ ਦੇਖਿਆ ਚੋਰ ਗਿਰੋਹ ਵੱਲੋਂ ਚਾਰ ਟਰਾਂਸਫਾਰਮਰਾਂ ਨੂੰ ਥੱਲੇ ਲਾਹਕੇ ਉਨ੍ਹਾਂ ‘ਚੋਂ ਵੱਡੀ ਮਾਤਰਾ ‘ਚ ਤਾਂਬਾ ਚੋਰੀ ਕਰਕੇ ਲੈ ਗਏ ਹਨ।
ਉਨ੍ਹਾਂ ਦੱਸਿਆ ਕਿ ਅਸੀਂ ਇਸ ਸਬੰਧੀ ਥਾਣਾ ਸ਼ੇਰਪੁਰ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਇਸ ਮੌਕੇ ਨੰਬਰਦਾਰ ਜਗਜੀਤ ਸਿੰਘ, ਕਰਮਜੀਤ ਸਿੰਘ, ਗੋਰਾ ਸਿੰਘ, ਮਹਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰ ਗਿਰੋਹ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਸਬੰਧੀ ਜਦੋਂ ਥਾਣਾ ਮੁਖੀ ਹਰਸੰਦੀਪ ਸਿੰਘ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਸਾਡੇ ਕੋਲ ਰਿਪੋਰਟ ਆ ਗਈ ਬਿਜਲੀ ਮਹਿਕਮੇ ਵੱਲੋਂ ਹਾਲੇ ਰਿਪੋਰਟ ਨਹੀਂ ਆਈ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਰ ਗਿਰੋਹ ਜਲਦ ਫੜ੍ਹਕੇ ਜੇਲ੍ਹ ਭੇਜਿਆ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।