ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੀਆਂ ਨਗਰ ਨਿਗਮ ਦੀਆਂ ਫਲੈਕਸਾਂ

Mistakes, Punjabi Languagem Municipal Corporations, Bathinda, City, Falaxs

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਖ਼ਤ ਇਤਰਾਜ

ਅਸ਼ੋਕ ਵਰਮਾ
ਬਠਿੰਡਾ, 24 ਦਸੰਬਰ

ਨਗਰ ਨਿਗਮ ਬਠਿੰਡਾ ਵੱਲੋਂ ਸ਼ਹਿਰ ‘ਚ ਲਾਈਆਂ ਫਲੈਕਸਾਂ ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੀਆਂ ਹਨ ਨਿਗਮ ਵੱਲੋਂ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਵਾਸਤੇ ਲਾਈਆਂ ਇਹ ਫਲੈਕਸਾਂ ਪੰਜਾਬੀ ‘ਚ ਹਨ ਪ੍ਰੰਤੂ ਭਾਸ਼ਾ ‘ਚ ਇੰਨੀਆਂ ਗਲਤੀਆਂ ਹਨ ਕਿ ਲੋਕਾਂ ਨੂੰ ਰੜਕ ਰਹੀਆਂ ਹਨ ਲੋਕ ਆਖਦੇ ਹਨ ਕਿ ਨਗਰ ਨਿਗਮ ਦੀ ‘ਸਵੱਛ ਭਾਰਤ ਮੁਹਿੰਮ’ ਨੇ ਪੰਜਾਬ ‘ਚ ਹੀ ਮਾਤ ਭਾਸ਼ਾ ਨੂੰ ਰਗੜਾ ਲਾ ਦਿੱਤਾ ਹੈ ਕੇਂਦਰ ਸਰਕਾਰ ਤਰਫ਼ੋਂ ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮਾਂ ਨੂੰ ਕੇਂਦਰੀ ਫੰਡ ਭੇਜੇ ਹਨ, ਜਿਨ੍ਹਾਂ ਦੀ ਵਰਤੋਂ ਲੋਕਾਂ ਨੂੰ ਜਗਾਉਣ ਲਈ ਕੀਤੀ ਜਾਣੀ ਹੈ

ਇਸ ਪ੍ਰੋਜੈਕਟ ਦੀ ਸ਼ਲਾਘਾ ਹੋ ਰਹੀ ਹੈ ਤੇ ਨਾਲ ਹੀ ਗਲਤੀਆਂ ਤੋਂ ਪੰਜਾਬੀ ਪ੍ਰੇਮੀ ਪ੍ਰੇਸ਼ਾਨ ਵੀ ਹਨ ਪਿਛਲੀ ਵਾਰ ਨਗਰ ਨਿਗਮ ਕੌਮੀ ਪੱਧਰ ‘ਤੇ ਹੋਈ ਰੈਂਕਿੰਗ ‘ਚ ਪੱਛੜ ਗਿਆ ਸੀ ਇਸ ਵਾਰ ਅਧਿਕਾਰੀਆਂ ਨੇ ਸੂਬਾ ਪੱਧਰ ‘ਤੇ ਪਹਿਲਾ ਨੰਬਰ ਹਾਸਲ ਕਰਨ ਲਈ ਯਤਨ ਸ਼ੁਰੂ ਕੀਤੇ ਹਨ ਪਿਛਲੇ ਵਰ੍ਹੇ ਹੀ ਇਹ ਵਿਉਂਤਬੰਦੀ ਤਿਆਰ ਹੋਈ ਸੀ ਕਿ ਸ਼ਹਿਰ ਦੀਆਂ ਮੇਨ ਥਾਵਾਂ ‘ਤੇ ਫਲੈਕਸਾਂ ਲਾਈਆਂ ਜਾਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਫਾਈ ਕਰਨੀ ਚੇਤੇ ਰਹੇ ਬਠਿੰਡਾ ਦੇ ਬੱਸ ਅੱਡੇ ਦੇ ਮੁੱਖ ਗੇਟ ‘ਤੇ ਦੋਵਾਂ ਪਾਸਿਆਂ ਦੀ ਸੜਕ ਦੇ ਵਿਚਕਾਰ ਇੱਕ ਵੱਡੀ ਫਲੈਕਸ ਲਗਾਈ ਹੋਈ ਹੈ

ਇਸ ਉੱਪਰ ਦੋ ਥਾਵਾਂ ਤੇ ‘ਗਿੱਲਾ’ ਨੂੰ ‘ਗਿਲਾ’ ਲਿਖਿਆ ਹੋਇਆ ਹੈ ਹਾਲਾਂਕਿ ‘ਡਸਟਬਿਨ’ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਪਰ ਇਹ ਵੀ ਦੋ ਵਾਰ ‘ਡਸਟਬੀਨ’ ਛਪਿਆ ਹੈ ਇਸ ਦੀ ਥਾਂ ‘ਤੇ ‘ਕੂੜਾਦਾਨ’ ਛਪਿਆ ਹੋਣਾ ਚਾਹੀਦਾ ਸੀ ਇਵੇਂ ਹੀ ‘ਵਿੱਚ’ ਦੀ ਜਗ੍ਹਾ ‘ਵਿਚ’ ਤੇ ‘ਤੰਦਰੁਸਤ’ ਦੀ ਥਾਂ ‘ਤਨਦੂਰਸਤ’ ਲਿਖਿਆ ਹੈ ਜੋਕਿ ਪੂਰੀ ਤਰ੍ਹਾਂ ਗਲਤ ਹੈ ਫਲੈਕਸ ‘ਚ ‘ਹਰਿਆ ਭਰਿਆ’ ਛਾਪਣ ਦੀ ਥਾਂ ਹਿੰਦੀ ਭਾਸ਼ਾ ਦੇ ਸ਼ਬਦ ‘ਹਰਾ ਭਰਾ’ ਦੀ ਵਰਤੋਂ ਵੀ ਕੀਤੀ ਗਈ ਹੈ

ਫਲੈਕਸ ‘ਚ ਦਰਜ ‘ਰਖੋ’ ਸ਼ਬਦ ਵੀ ਸਹੀ ਨਹੀਂ ਹੈ ਕਿਉਂਕਿ ਪੰਜਾਬੀ ਭਾਸ਼ਾ ‘ਚ ‘ਰੱਖੋ’ ਲਿਖਿਆ ਜਾਂਦਾ ਹੈ ਫਲੈਕਸ ‘ਚ ਕੁੱਲ 36 ਸ਼ਬਦ ਹਨ, ਜਿਨ੍ਹਾਂ ‘ਚੋਂ 7 ਗਲਤ ਹਨ, ਜਿਸ ਨੂੰ ਆਮ ਲੋਕ ਪੜ੍ਹ ਕੇ ਹੀ ਭੰਬਲਭੂਸੇ ‘ਚ ਪੈ ਜਾਂਦੇ ਹਨ ਸਭ ਤੋਂ ਗੰਭੀਰ ਮਾਮਲਾ ਨਗਰ ਨਿਗਮ ਦੇ ਲੋਗੋ ਦਾ ਹੈ, ਜਿਸ ‘ਚ ਪੰਜਾਬੀ ਮਾਂ ਬੋਲੀ ਨੂੰ ਹੇਠਾਂ ਜਗ੍ਹਾ ਦਿੱਤੀ ਗਈ ਹੈ ਜਦੋਂ ਕਿ ਅੰਗਰੇਜ਼ੀ ਭਾਸ਼ਾ ਨੂੰ ਉੱਪਰ ਰੱਖਿਆ ਗਿਆ ਹੈ

ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਦਾ ਕਹਿਣਾ ਸੀ ਕਿ ਇੰਜ ਲੱਗਦਾ ਹੈ ਕਿ ਜਿਵੇਂ ਇਹ ਫਲੈਕਸ ਬੜੀ ਕਾਹਲੀ ‘ਚ ਲਗਾਏ ਹੋਣ ਉਨ੍ਹਾਂ ਆਖਿਆ ਕਿ ਘੱਟੋ-ਘੱਟ ਫਲੈਕਸ ਦੇ ਪਰੂਫ਼ ਪਹਿਲਾਂ ਪੜ੍ਹਨੇ ਚਾਹੀਦੇ ਸਨ ਉਨ੍ਹਾਂ ਆਖਿਆ ਕਿ ਇਨ੍ਹਾਂ ਫਲੈਕਸਾਂ ‘ਤੇ ਲਿਖੀ ਗਲਤ ਭਾਸ਼ਾ ਕਾਫੀ ਭੁਲੇਖਾ ਖੜ੍ਹਾ ਕਰਦੀ ਹੈ ਗੌਰਤਲਬ ਹੈ ਕਿ ਨਗਰ ਨਿਗਮ ਵੱਲੋਂ ਚੰਡੀਗੜ੍ਹ ਸ਼ਹਿਰ ਵਾਂਗ ਬਠਿੰਡਾ ਸ਼ਹਿਰ ਨੂੰ ਸਫਾਈ ਦੇ ਪੱਖ ਤੋਂ ਵਧੀਆ ਦਿੱਖ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ

ਇਸੇ ਕੜੀ ਤਹਿਤ ਲੋਕਾਂ ਦੀ ਰੁਚੀ ਸਫਾਈ ਵਾਲੇ ਪਾਸੇ ਵਧਾਉਣ ਖਾਤਰ ਨਿਗਮ ਵੱਲੋਂ ਇਕੱਲੇ ਫਲੈਕਸਾਂ ‘ਤੇ ਹੀ ਕਾਫੀ ਪੈਸੇ ਖਰਚ ਕੀਤੇ ਗਏ ਹਨ ਦੱਸਣਾ ਬਣਦਾ ਹੈ ਕਿ ਮਈ 2016 ‘ਚ ਵੀ ਕੇਂਦਰੀ ਜਾਗੋ ਮੁਹਿੰਮ ਤਹਿਤ ਨਗਰ ਨਿਗਮ ਨੇ ਕੇਂਦਰ ਸਰਕਾਰ ਦੇ ਫੰਡਾਂ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਲਿਖਵਾਏ ਸੁੰਦਰ ਮਾਟੋਆਂ ‘ਚ ਵੀ ਮਾਂ ਬੋਲੀ ‘ਤੇ ਕੂਚੀ ਫੇਰ ਦਿੱਤੀ ਸੀ, ਜਿਸ ਦਾ ਸਾਹਿਤਕ ਧਿਰਾਂ ਨੇ ਸਖਤ ਨੋਟਿਸ ਲਿਆ ਸੀ ਉਦੋਂ ਇਸ ਮੁੱਦੇ ‘ਤੇ ਰੱਫੜ ਵਧਣ ਹੀ ਲੱਗਾ ਸੀ ਕਿ ਨਿਗਮ ਨੂੰ ਮਾਮਲਾ ਸ਼ਾਂਤ ਕਰਨ ਲਈ ਸ਼ਹਿਰ ਦੀਆਂ ਕਾਫੀ ਥਾਵਾਂ ਤੇ ਪੰਜਾਬੀ ‘ਚ ਮਾਟੋ ਲਿਖਵਾਉਣ ਪਏ ਸਨ

ਰਾਜ ਭਾਸ਼ਾ ਦਾ ਅਪਮਾਨ: ਸੁਰਿੰਦਰਪ੍ਰੀਤ ਘਣੀਆ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ ਦਾ ਕਹਿਣਾ ਸੀ ਕਿ ਇਹ ਰਾਜ ਭਾਸ਼ਾ ਦਾ ਇਹ ਅਪਮਾਨ ਤੇ ਮੰਦਭਾਗਾ ਹੈ ਉਨ੍ਹਾਂ ਆਖਿਆ ਕਿ ਨਗਰ ਨਿਗਮ ਨੂੰ ਮਾਤ ਭਾਸ਼ਾ ਨੂੰ ਤਰਜੀਹੀ ਅਧਾਰ ‘ਤੇ ਸਹੀਂ ਢੰਗ ਨਾਲ ਲੈਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਪੰਜਾਬ ‘ਚ ਹੀ ਮਾਂ ਬੋਲੀ ਨੂੰ ਗਲਤ ਢੰਗ ਨਾਲ ਪੇਸ਼ ਕਰਨ ਕਰਕੇ ਫਲੈਕਸਾਂ ਦਾ ਮਕਸਦ ਅਧੂਰਾ ਰਹੇਗਾ ਉਨ੍ਹਾਂ ਮੰਗ ਕੀਤੀ ਕਿ ਸਮੂਹ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਲਈ ਬੋਰਡਾਂ ਦੀ ਭਾਸ਼ਾ ਨੂੰ ਭਾਸ਼ਾ ਵਿਭਾਗ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਕੀਤੀ ਜਾਏ ਤਾਂ ਜੋ ਮੁੜ ਅਜਿਹਾ ਨਾ ਹੋ ਸਕੇ

ਨਿਗਮ ਅਧਿਕਾਰੀ ਅਣਜਾਣ

ਇਸ ਸਕੀਮ ਦੇ ਨੋਡਲ ਅਫਸਰ ਤੇ ਨਗਰ ਨਿਗਮ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਸੰਦੀਪ ਗੁਪਤਾ ਨੇ ਅਜਿਹੇ ਫਲੈਕਸਾਂ ਪ੍ਰਤੀ ਅਣਜਾਣਤਾ ਜਤਾਈ ਹੈ ਉਨ੍ਹਾਂ  ਕਿਹਾ ਕਿ ਉਹ ਬਿਮਾਰ ਹਨ ਫਲੈਕਸਾਂ ਬਾਰੇ ਪਤਾ ਕਰਕੇ ਹੀ ਕੋਈ ਜਾਣਕਾਰੀ ਦੇ ਸਕਦੇ ਹਨ ਸ੍ਰੀ ਗੁਪਤਾ ਵੱਲੋਂ ਮੰਗੇ ਜਾਣ ‘ਤੇ ਫਲੈਕਸ ਦੀ ਫੋਟੋ ਮੁਹੱਈਆ ਕਰਵਾ ਦਿੱਤੀ ਗਈ ਪ੍ਰੰਤੂ ਦੁਬਾਰਾ ਸੰਪਰਕ ਕਰਨ ‘ਤੇ ਉਨ੍ਹਾਂ ਫੋਨ ਨਹੀਂ ਚੁੱਕਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।