ਆਪਣੀ ਮਾੜੀ ਕਾਰਗੁਜ਼ਾਰੀ ਤੋਂ ਧਿਆਨ ਹਟਾਉਣ ਲਈ ਸਿਹਤ ਮੰਤਰੀ ਵੱਲੋਂ ਦਿੱਤਾ ਬਿਆਨ ਨਿੰਦਣਯੋਗ: ਡੀ.ਟੀ.ਐੱਫ.
ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬੀਤੇ ਦਿਨੀਂ ਅਧਿਆਪਕਾਂ ਦੀਆਂ ਡਿਊਟੀਆਂ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਲਾਏ ਜਾਣ ਨੂੰ ਜਾਇਜ਼ ਠਹਿਰਾਉਣ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਘਿਰਦੇ ਨਜ਼ਰ ਆ ਰਹੇ ਹਨ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਪੰਜਾਬ ਨੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ
ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆ ਅਤੇ ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿਹਤ ਮੰਤਰੀ ਆਪਣਾ ਬੇਤੁਕਾ ਬਿਆਨ ਵਾਪਸ ਕਰਵਾਕੇ ਅਧਿਆਪਕ ਵਰਗ ਤੋਂ ਬਿਨਾਂ ਸ਼ਰਤ ਮੁਆਫੀ ਮੰਗਵਾਈ ਜਾਵੇ ਆਗੂਆਂ ਨੇ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਨਿੱਜੀਕਰਨ ਨੂੰ ਉਤਸ਼ਾਹਤ ਕਰਨ ਕਰਕੇ ਸਰਕਾਰੀ ਹਸਪਤਾਲਾਂ ਅਤੇ ਉਨ੍ਹਾਂ ਵਿੱਚ ਤਨਦੇਹੀ ਨਾਲ ਕੰਮ ਕਰ ਰਹੇ ਸਿਹਤ ਕਰਮੀਆਂ ਦੀ ਬਣੀ ਤਰਸਯੋਗ ਹਾਲਤ ਜੱਗ ਜਾਹਿਰ ਹੈ ਕੋਵਿਡ-19 ਦੌਰਾਨ ਸਿਹਤ ਪ੍ਰਬੰਧ ਦਾ ਮੌਜੂਦਾ ਸੰਕਟ ਦਾ ਸਾਹਮਣਾ ਨਾ ਕਰਨ ਯੋਗ ਹੋਣ ਕਾਰਨ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਅਤੇ ਬਿਨਾਂ ਲੋੜੀਂਦੀਆਂ ਨਿੱਜੀ ਸੁਰੱਖਿਆ ਸਹੂਲਤਾਂ ਤੋਂ ਕੰਮ ਕਰ ਰਹੇ ਸਿਹਤ ਕਰਮੀਆਂ ਦੀ ਜਾਨ ਜੋਖਮ ਵਿੱਚ ਪਾਉਣ ਦੀ ਪੂਰੀ ਜ਼ਿੰਮੇਵਾਰੀ ਵੀ ਸਿਹਤ ਮੰਤਰੀ ਦੀ ਹੀ ਬਣਦੀ ਹੈ
ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਇਸ ਤੱਥ ਤੋਂ ਅਣਜਾਣ ਬਣ ਰਹੇ ਹਨ ਕਿ ਕੋਰੋਨਾ ਸੰਕਟ ਦੌਰਾਨ ਵੀ ਹਜਾਰਾਂ ਅਧਿਆਪਕਾਂ ਵੱਲੋਂ ਅਨਾਜ ਮੰਡੀਆਂ ਵਿੱਚ ਹੈਲਥ ਪ੍ਰੋਟੋਕਾਲ ਅਫਸਰਾਂ ਵਜੋਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਹਵਾਈ ਅੱਡਿਆਂ ਵਿੱਚ, ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਥਾਂ ‘ਤੇ, ਪ੍ਰਸ਼ਾਸ਼ਕੀ ਦਫਤਰਾਂ ਵਿਚਲੇ ਕੰਟਰੋਲ ਰੂਮਾਂ ਵਿੱਚ, ਅੰਤਰਰਾਜੀ ਅਤੇ ਅੰਤਰ ਜਿਲ੍ਹਾ ਨਾਕਿਆਂ ‘ਤੇ ਡਾਟਾ ਐਂਟਰੀ ਕਰਨ, ਰਾਸ਼ਨ ਵੰਡਣ, ਵਿਸ਼ੇਸ਼ ਕਾਰਜਕਾਰੀ ਮਜਿਸਟ੍ਰੇਟ ਵਜੋਂ, ਪ੍ਰਸ਼ਾਸ਼ਨ ਵੱਲੋਂ ਬਣਾਏ ਇਕਾਂਤਵਾਸ ਕੇਂਦਰਾਂ ਵਿੱਚ, ਘਰਾਂ ਵਿੱਚ ਇਕਾਂਤਵਾਸ ਕੀਤੇ ਲੋਕਾਂ ਨੂੰ ਹਰ ਰੋਜ਼ ਚੈੱਕ ਕਰਨ ਸਮੇਤ ਕਈ ਗੈਰ ਵਿੱਦਿਅਕ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ
ਇਸ ਦੇ ਨਾਲ ਨਾਲ ਮਾਰਚ ਮਹੀਨੇ ਦੌਰਾਨ ਘਰੇਲੂ ਨਤੀਜੇ ਤਿਆਰ ਕਰਨੇ, ਵਿਦਿਆਰਥੀਆਂ ਦੇ ਘਰ-ਘਰ ਮਿੱਡ ਡੇ ਮੀਲ ਦਾ ਰਾਸ਼ਨ ਪਹੁੰਚਾਉਣ, ਵਿਦਿਆਰਥੀਆਂ ਤੱਕ ਸਰਕਾਰ ਵੱਲੋਂ ਟੁੱਟਵੀਂ ਗਿਣਤੀ ਵਿੱਚ ਭੇਜੀਆਂ ਜਾ ਰਹੀਆਂ ਕਿਤਾਬਾਂ ਪਹੁੰਚਾਉਣ, ਵਿਦਿਆਰਥੀਆਂ ਦੇ ਆਨ ਲਾਈਨ ਦਾਖਲੇ ਕਰਨੇ, ਵਿਦਿਆਰਥੀਆਂ ਨੂੰ ਰਸਮੀ ਤੌਰ ‘ਤੇ ਆਨ ਲਾਈਨ ਸਿੱਖਿਆ ਦੇਣ, ਸਕੂਲਾਂ ਦੇ ਸਿਵਲ ਵਰਕਸ ਅਤੇ ਮਾਰਚ ਮਹੀਨੇ ਵਿੱਚ ਸਰਕਾਰ ਵੱਲੋਂ ਭੇਜੀਆਂ ਪੂਰੇ ਸਾਲ ਦੀਆਂ ਗ੍ਰਾਟਾਂ ਖਰਚਣ ਵਰਗੇ ਵਿੱਦਿਅਕ ਕੰਮਾਂ ਨੂੰ ਵੀ ਅਧਿਆਪਕਾਂ ਵੱਲੋਂ ਵਿਭਾਗੀ ਹਦਾਇਤਾਂ ਅਤੇ ਕੁੱਝ ਮਾਮਲਿਆਂ ਵਿੱਚ ਸਵੈ ਇੱਛਾ ਅਨੁਸਾਰ ਬਾਖੂਬੀ ਕੀਤਾ ਜਾ ਰਿਹਾ ਹੈ
ਡੀ.ਟੀ.ਐਫ. ਦੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਗੁਰਮੀਤ ਸਿੰਘ ਸੁੱਖਪੁਰ, ਰਾਜੀਵ ਕੁਮਾਰ ਬਰਨਾਲਾ, ਓਮ ਪ੍ਰਕਾਸ਼ ਮਾਨਸਾ ਅਤੇ ਜਗਪਾਲ ਬੰਗੀ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਬਿਮਾਰ ਬਣਾ ਰਹੀ ਅਤੇ ਅਸਲ ਸਿੱਖਿਆ ਤੋਂ ਦੂਰ ਕਰ ਰਹੀ ਅਖੌਤੀ ਆਨ ਲਾਈਨ ਸਿੱਖਿਆ ਦੀ ਰਸਮੀ ਕਾਰਵਾਈ ਬੰਦ ਕਰਕੇ ਵਿਦਿਆਰਥੀਆਂ ਲਈ ਉਸਾਰੂ ਵਿੱਦਿਅਕ ਮਾਹੌਲ ਨਾਲ ਲੈਸ ਸਕੂਲਾਂ ਨੂੰ ਪੜਾਅ ਵਾਰ ਢੰਗ ਨਾਲ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।