Tragic Death: ਘਰੇਲੂ ਕਲੇਸ਼ ਕਾਰਨ ਨੌਜਵਾਨ ਵੱਲੋਂ ਖੁਦਕਸ਼ੀ
ਪਤਨੀ, ਸਾਲੀ ਤੇ ਇਕ ਹੋਰ ਖਿਲਾਫ ਮਾਮਲਾ ਦਰਜ
Tragic Death: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਨੇੜਲੇ ਪਿੰਡ ਮੈਦੇਵਾਸ ਦੇ ਇਕ ਨੌਜਵਾਨ ਵੱਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਕੋਈ ਜ਼ਹਿਰੀਲੀ ਵਸਤੂ ਨਿਗਲਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਣ ਦੀ ਦੁਖਦਾਈ ਖਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਸਮੇਂ ਮ੍ਰਿਤਕ ਦੇ ਭਰਾ ਕੁਲਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਰਾਜੂ ਸਿੰਘ (32) ਪੁੱਤਰ ਦਰਸ਼ਨ ਸਿੰਘ ਅਤੇ ਉਸ ਦੀ ਪਤਨੀ ਪਿੰਕੀ ਦਾ ਵਿਆਹ ਤੋਂ ਬਾਅਦ ਅਕਸਰ ਆਪਸ ਵਿਚ ਕਲੇਸ ਰਹਿੰਦਾ ਸੀ ਅਤੇ ਪਿੰਕੀ ਰੁੱਸ ਕੇ ਆਪਣੇ ਪੇਕੇ ਚਲੀ ਗਈ। ਜਿਸ ਨੂੰ ਲਿਆਉਣ ਲਈ ਰਾਜੂ ਸਿੰਘ ਆਪਣੇ ਸਾਹੁਰੇ ਘਰ ਗਿਆ ਪਰ ਸਹੁਰਿਆਂ ਨੇ ਪਿੰਕੀ ਨੂੰ ਤੋਰਨ ਤੋਂ ਕੋਰਾ ਜਵਾਬ ਦੇ ਦਿੱਤਾ। ਜਿਸ ਤੋਂ ਪ੍ਰੇਸ਼ਾਨ ਹੋ ਕੇ ਬੀਤੀ ਰਾਤ ਕਰੀਬ ਅੱਠ ਕੁ ਵਜੇ ਮੇਰੇ ਭਰਾ ਰਾਜੂ ਸਿੰਘ (32) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮੈਦੇਵਾਸ ਨੇ ਕੋਈ ਜ਼ਹਿਰਲੀ ਚੀਜ਼ ਖਾ ਲਈ।
ਇਹ ਵੀ ਪੜ੍ਹੋ: Bihar CM Resigns: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
ਪਤਾ ਲੱਗਣ ’ਤੇ ਤੁਰੰਤ ਉਸ ਨੂੰ ਇਲਾਜ ਲਈ ਸੁਨਾਮ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਪਰ ਰਾਜੂ ਸਿੰਘ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਦਮ ਤੋੜ ਗਿਆ। ਪੁਲਿਸ ਥਾਣਾ ਧਰਮਗੜ੍ਹ ਦੇ ਸਹਾਇਕ ਥਾਣੇਦਾਰ ਗੁਰਭੇਜ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਪਿੰਕੀ, ਸਾਲੀ ਅੰਮ੍ਰਿਤ ਅਤੇ ਪਿੰਕੀ ਦੀ ਜਾਣ-ਪਛਾਣ ਵਾਲੇ ਸੰਦੀਪ ਸਿੰਘ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

