Punjab Government School: ਪੰਜਾਬ ’ਚ ਪ੍ਰਿੰਸੀਪਲਾਂ ਦੀਆਂ 60 ਫੀਸਦੀ ਅਸਾਮੀਆਂ ਖਾਲੀ : ਡੀਟੀਐੱਫ
1927 ਸਕੂਲਾਂ ’ਚੋਂ 1113 ਸਕੂਲ ਬਿਨਾਂ ਮੁਖੀ ਚੱਲ ਰਹੇ
Punjab Government School: (ਅਨਿਲ ਲੁਟਾਵਾ) ਅਮਲੋਹ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਜ਼ਿਲ੍ਹਾ ਕਨਵੀਨਰ ਜਗਵਿੰਦਰ ਸਿੰਘ ਗਰੇਵਾਲ ਤੇ ਕੋ-ਕਨਵੀਨਰ ਪਰਮਿੰਦਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਿੱਖਿਆ ਕ੍ਰਾਂਤੀ ਦੇ ਰੋਜ਼ਾਨਾ ਇਸ਼ਤਿਹਾਰ ਦੇ ਰਹੀ ਹੈ, ਪਰ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ 60 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ ਜੋ ਇਸ ਝੂਠ ਦਾ ਪਰਦਾਫਾਸ਼ ਕਰਦੀਆਂ ਹਨ। ਆਗੂਆਂ ਮੁਤਾਬਕ ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ ’ਚੋਂ 1113 ਸਕੂਲ ਬਿਨਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨ। ਮਾਨਸਾ ਤੇ ਨਵਾਂ ਸ਼ਹਿਰ ’ਚ 86 ਪ੍ਰਤੀਸ਼ਤ , ਤਰਨਤਾਰਨ ਤੇ ਬਰਨਾਲਾ ’ਚ 80 ਪ੍ਰਤੀਸ਼ਤ, ਮੋਗਾ, ਕਪੂਰਥਲਾ ਤੇ ਜਲੰਧਰ ’ਚ 70 ਪ੍ਰਤੀਸ਼ਤ ਸਕੂਲਾਂ ’ਚ ਪ੍ਰਿੰਸੀਪਲ ਨਹੀਂ ਹਨ।
ਇਹ ਵੀ ਪੜ੍ਹੋ: Fazilka News: ਜਲਾਲਾਬਾਦ ਵਾਸੀਆਂ ਨੂੰ ਮਿਲੀ ਇੱਕ ਹੋਰ ਵੱਡੀ ਸੌਗਾਤ
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਦੇ ਇਤਿਹਾਸ ’ਚ ਇਹ ਸਭ ਤੋਂ ਮਾੜਾ ਦੌਰ ਹੈ। ਡੀਟੀਐੱਫ ਆਗੂਆਂ ਨੇ ਦੋਸ਼ ਲਗਾਇਆ ਕਿ 1 ਅਪ੍ਰੈਲ ਤੋਂ ਸ਼ੁਰੂ ਸੈਸ਼ਨ ’ਚ ਸਕੂਲਾਂ ਦਾ ਅਕਾਦਮਿਕ ਮਾਹੌਲ ਖਤਮ ਹੋ ਚੁੱਕਾ ਹੈ। 90 ਫੀਸਦੀ ਅਧਿਆਪਕ ਜਨਗਣਨਾ,ਐੱਸਆਈਆਰ, ਡਰੱਗ ਸਰਵੇ ਤੇ ਚੋਣ ਡਿਊਟੀਆਂ ’ਚ ਉਲਝੇ ਹਨ। ਵਿਦਿਆਰਥੀਆਂ ਦੀ ਗਿਣਤੀ 9 ਫੀਸਦੀ ਘੱਟ ਚੁੱਕੀ ਹੈ। ਅਧਿਆਪਕ ਤਰੱਕੀਆਂ ਦੀਆਂ ਫਾਈਲਾਂ ਲਈ ਦਫਤਰਾਂ ਦੇ ਚੱਕਰ ਕੱਟ ਰਹੇ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਪ੍ਰਿੰਸੀਪਲਾਂ ਸਮੇਤ ਹਰ ਕਾਡਰ ਦੀਆਂ ਪ੍ਰੋਮੋਸ਼ਨਾਂ ਤੁਰੰਤ ਕੀਤੀਆਂ ਜਾਣ ’ਤੇ ਸਿੱਧੀ ਭਰਤੀ ਦੀਆਂ ਅਸਾਮੀਆਂ ਭਰੀਆਂ ਜਾਣ।