ਖਜ਼ਾਨਾ ਭਰਨ ਲਈ ਜਨਤਾ ‘ਤੇ ਸਰਕਾਰ ਨੇ ਪਾਇਆ ਨਵਾਂ ਬੋਝ
ਖ਼ਾਲੀ ਖਜਾਨੇ ਭਰਨ ਲਈ ਪਾਇਆ ਆਮ ਲੋਕਾਂ ‘ਤੇ ਬੋਝ, ਸਰਕਾਰ ਕਮਾਏਗੀ 150 ਕਰੋੜ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਖਜਾਨੇ ਨੂੰ ਭਰਨ ਲਈ ਸਰਕਾਰ ਨੇ ਇੱਕ ਵਾਰ ਫਿਰ ਤੋਂ ਆਮ ਜਨਤਾ ‘ਤੇ ਬੋਝ ਪਾ ਦਿੱਤਾ ਹੈ। ਸਰਕਾਰ ਨੇ ਮਾਲ ਵਿਭਾਗ ਦੀਆਂ 17 ਇਹੋ ਜਿਹੀ ਸੇਵਾਵਾਂ ‘ਤੇ ਸਟੈਂਪ ਡਿਊਟੀ ਵਧਾ ਦਿੱਤੀ ਹੈ, ਜਿਹੜੀ ਕਿ ਰੁਟੀਨ ਵਿੱਚ ਆਮ ਲੋਕ ਕਰਦੇ ਹੋਏ ਆਪਣਾ ਕੰਮ ਚਲਾਉਣ ਵਿੱਚ ਲੱਗੇ ਹੋਏ ਸਨ। ਸਰਕਾਰ ਨੇ ਸਟੈਂਪ ਡਿਊਟੀ ਵਿੱਚ ਵੀ ਕੋਈ 10 ਜਾਂ ਫਿਰ 20 ਫੀਸਦੀ ਨਹੀਂ ਸਗੋਂ 200 ਫੀਸਦੀ ਤੱਕ ਦਾ ਵਾਧਾ ਕੀਤਾ ਹੈ, ਜਿਸ ਨਾਲ ਸਰਕਾਰ ਦੀ ਕਮਾਈ 50 ਕਰੋੜ ਤੋਂ ਸਿੱਧਾ 100-150 ਕਰੋੜ ਰੁਪਏ ਤੱਕ ਪੁੱਜ ਜਾਵੇਗੀ। ਇਸ ਕਾਂਗਰਸ ਸਰਕਾਰ ਦਾ ਇਹ ਚੌਥਾ ਇਹੋ ਜਿਹਾ ਫੈਸਲਾ ਹੈ, ਜਿਸ ਰਾਹੀਂ ਆਮ ਜਨਤਾ ‘ਤੇ ਬੋਝ ਪਾਉਂਦੇ ਹੋਏ ਸਰਕਾਰ ਆਪਣਾ ਖਜਾਨਾ ਭਰਨ ਵਿੱਚ ਲੱਗੀ ਹੋਈ ਹੈ।
ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇੰਡੀਅਨ ਸਟੈਂਪ ਐਕਟ-1899 ਦੇ ਸ਼ਡਿਊਲ 1-ਏ ਵਿੱਚ ਸੋਧ ਕਰਨ ਲਈ ਆਰਡੀਨੈਂਸ ਨੂੰ ਪ੍ਰਵਾਨਗੀ ਦਿੰਦਿਆਂ ਸ਼ਡਿਊਲ 17 ਵਸਤਾਂ ‘ਤੇ ਸਟੈਂਪ ਡਿਊਟੀ ਦੁੱਗਣੀ ਤੋਂ ਜ਼ਿਆਦਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸੋਧ ਨਾਲ 17 ਵਸਤਾਂ ਲਈ ਸਟੈਂਪ ਡਿਊਟੀ ਦੀਆਂ ਕੀਮਤਾਂ ਦੁੱਗਣੀਆਂ ਹੋ ਜਾਣਗੀਆਂ, ਜਿਸ ਨਾਲ ਆਮ ਜਨਤਾ ‘ਤੇ ਭਾਰੀ ਬੋਝ ਪੈਣ ਵਾਲਾ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ ਇਸ ਤਰ੍ਹਾਂ ਦੀ ਸਟੈਂਪ ਡਿਊਟੀ ਤੋਂ 50 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੁੰਦਾ ਹੈ ਅਤੇ ਕੀਮਤਾਂ ਵਿੱਚ ਵਾਧੇ ਨਾਲ 100-150 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਵੇਗਾ।
ਪੈਟਰੋਲ-ਡੀਜ਼ਲ ਤੋਂ ਬਾਅਦ ਸਟੈਂਪ ਡਿਊਟੀ ਵੀ ਪੰਜਾਬ ‘ਚ ਮਹਿੰਗੀ
ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਹਿਲਾਂ ਹੀ ਆਪਣੇ ਗੁਆਂਢੀ ਸੂਬਿਆ ਤੋਂ ਕਾਫ਼ੀ ਜ਼ਿਆਦਾ ਮਹਿੰਗੀਆਂ ਸਨ ਹੁਣ ਸਰਕਾਰ ਨੇ ਸਟੈਂਪ ਡਿਊਟੀ ਵਿੱਚ 200 ਫੀਸਦੀ ਤੱਕ ਵਾਧਾ ਕਰਦੇ ਹੋਏ ਆਪਣੇ ਗੁਆਂਢੀ ਸੂਬਿਆ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉੱਤਰੀ ਭਾਰਤ ਵਿੱਚ ਪੰਜਾਬ ਇਹੋ ਜਿਹਾ ਸੂਬਾ ਬਣ ਗਿਆ ਹੈ, ਜਿਥੇ ਕਿ ਸਟੈਂਪ ਡਿਊਟੀ ਵੀ ਕਾਫ਼ੀ ਜਿਆਦਾ ਮਹਿੰਗੀ ਹੈ। ਇਸ ਲਈ ਪੰਜਾਬ ਸਰਕਾਰ ਨੂੰ ਵਿਰੋਧੀ ਧਿਰਾਂ ਵੱਲੋਂ ਵਧਾਈ ਵੀ ਦਿੱਤੀ ਜਾ ਰਹੀਂ ਹੈ ਕਿ ਮਹਿੰਗਾਈ ਕਰਨ ਵਿੱਚ ਸਰਕਾਰ ਨੇ ਪਹਿਲਾ ਨੰਬਰ ਹਾਸਲ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।